Nabaz-e-punjab.com

ਲੌਂਗੋਵਾਲ ਸਕੂਲ ਵੈਨ ਹਾਦਸਾ: ਹੁਣ ਛੋਟੇ ਵਾਹਨਾਂ ਦੇ ਮਾਲਕਾਂ ਨੂੰ ਲੈਣੇ ਪੈਣਗੇ ਪਰਮਿਟ

ਆਰਟੀਏ ਦੇ ਸਕੱਤਰ ਤੇ ਏਡੀਟੀਓ ਨੇ ਸਕੂਲ ਬੱਸ ਮਾਲਕਾਂ\ਅਤੇ ਪ੍ਰਬੰਧਕਾਂ ਦੀ ਕੀਤੀ ਕੌਂਸਲਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੁਰੱਖਿਅਤ ਸਕੂਲ ਬੱਸ ਸਕੀਮ ਦੇ ਤਹਿਤ ਸਕੂਲਾਂ ਅਤੇ ਕਾਲਜਾਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਹੁਣ ਸਕੂਲੀ ਬੱਚਿਆਂ ਦੀ ਢੋਅ-ਢੁਆਈ ਦਾ ਕੰਮ ਕਰਨ ਵਾਲੇ ਛੋਟੇ ਵਾਹਨਾਂ ਨੂੰ ਟਰਾਂਸਪੋਰਟ ਵਿਭਾਗ ਕੋਲੋਂ ਬਕਾਇਦਾ ਪਰਮਿਟ ਲੈਣਾ ਲਾਜ਼ਮੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸਪੱਸ਼ਟ ਆਖਿਆ ਕਿ ਜੇਕਰ ਅੱਜ ਕਿਸੇ ਵਾਹਨ ਨੂੰ ਬਿਨਾਂ ਕਾਰਵਾਈ ਤੋਂ ਛੱਡ ਦਿੱਤਾ ਗਿਆ ਤਾਂ ਉਹ ਮੁੜ ਬੱਚਿਆਂ ਦੀ ਢੋਅ-ਢੁਆਈ ਵਿੱਚ ਲੱਗ ਜਾਣਗੇ। ਲਿਹਾਜ਼ਾ ਛੋਟੇ ਵਾਹਨ ਮਾਲਕ ਨੂੰ ਪਹਿਲਾਂ ਫੀਸ ਭਰ ਕੇ ਪਰਮਿਟ ਲੈਣਾ ਪਵੇਗਾ। ਇਸ ਤੋਂ ਬਾਅਦ ਹੀ ਉਹ ਆਪਣੇ ਵਾਹਨ ਨੂੰ ਸਕੂਲ ਵਾਹਨ ਵਜੋਂ ਵਰਤ ਸਕੇਗਾ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਕੰਮ ਵਿੱਚ ਕੋਈ ਲਿਹਾਜ ਜਾਂ ਨਰਮੀ ਨਹੀਂ ਵਰਤੀ ਜਾਵੇਗੀ।
ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ 421 ਸਕੂਲ ਬੱਸਾਂ ਅਤੇ ਬੱਚਿਆਂ ਦੀ ਢੋਅ-ਢੁਆਈ ਵਿੱਚ ਲੱਗੇ ਛੋਟੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਵਿੱਚ 177 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 44 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਜਿਨ੍ਹਾਂ ਬੱਸਾਂ ਤੇ ਛੋਟੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਹਨ, ਉਨ੍ਹਾਂ ਦੀਆਂ ਆਰਸੀ ਅਤੇ ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਫੀ ਚਾਲਕਾਂ ਨੇ ਟਰੈਫ਼ਿਕ ਚਲਾਨ ਭੁਗਤ ਕੇ ਅਤੇ ਲੋੜੀਂਦੀ ਦਸਤਾਵੇਜ਼ ਪੂਰੇ ਕਰਕੇ ਵਾਹਨ ਛੁਡਾ ਲਏ ਹਨ। ਇਨ੍ਹਾਂ ਵਿਅਕਤੀਆਂ ਕੋਲੋਂ ਲੱਖਾਂ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ ਜਦੋਂਕਿ ਡੇਢ ਦਰਜਨ ਤੋਂ ਵੱਧ ਸਕੂਲ ਵਾਹਨ ਹਾਲੇ ਵੀ ਜ਼ਬਤ ਹਨ।
ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਨਿੱਜੀ ਵਾਹਨਾਂ ਨੂੰ ਸਕੂਲੀ ਬੱਚਿਆਂ ਨੂੰ ਘਰ ਤੋਂ ਸਕੂਲ ਅਤੇ ਛੁੱਟੀ ਤੋਂ ਬਾਅਦ ਘਰ ਛੱਡਣ ਵਿੱਚ ਲੱਗੇ ਵਾਹਨਾਂ ਦੇ ਮਾਲਕਾਂ ਤੋਂ ਜਿਸ ਦਿਨ ਤੋਂ ਉਨ੍ਹਾਂ ਨੇ ਵਾਹਨ ਖ਼ਰੀਦਿਆਂ ਸੀ। ਉਸ ਦਿਨ ਤੋਂ ਟਰਾਂਸਪੋਰਟ ਵਿਭਾਗ ਨੇ ਜੁਰਮਾਨਾ ਜੋੜ ਕੇ ਵਾਹਨ ਮਾਲਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਅੱਜ ਨਾਮੀ ਸਕੂਲਾਂ ਦੇ ਪ੍ਰਬੰਧਕਾਂ ਅਤੇ ਵਾਹਨ ਮਾਲਕਾਂ ਨੂੰ ਅਧਿਕਾਰੀਆਂ ਦੇ ਤਰਲੇ ਕੱਢਦੇ ਦੇਖਿਆ ਗਿਆ। ਹਾਲਾਂਕਿ ਅਧਿਕਾਰੀਆਂ ਕੋਲ ਰਾਜਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੀ ਸਿਫ਼ਾਰਸ਼ਾਂ ਦੇ ਢੇਰ ਲੱਗ ਗਏ ਅਤੇ ਵਾਹਨ ਮਾਲਕਾਂ ਨੇ ਵੀ ਬਹਾਨੇਬਾਜ਼ੀ ਦੀ ਕੋਈ ਕਸਰ ਨਹੀਂ ਛੱਡੀ ਪ੍ਰੰਤੂ ਅਧਿਕਾਰੀਆਂ ਨੇ ਕੋਈ ਵੀ ਵਾਹਨ ਨਿਯਮਾਂ ਤਹਿਤ ਜੁਰਮਾਨਾ ਵਸੂਲੇ ਬਿਨਾਂ ਨਹੀਂ ਛੱਡਿਆ।
ਉਧਰ, ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਅਤੇ ਏਡੀਟੀਓ ਸਿਮਰਨ ਸਿੰਘ ਸਰਾਂ ਨੇ ਅੱਜ ਆਪਣੇ ਦਫ਼ਤਰ ਜ਼ਬਤ ਕੀਤੇ ਵਾਹਨਾਂ ਅਤੇ ਜਿਨ੍ਹਾਂ ਵਾਹਨਾਂ ਦੇ ਚਲਾਨ ਕੀਤੇ ਗਏ ਸੀ, ਉਨ੍ਹਾਂ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦਿਆਂ ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ। ਉਨ੍ਹਾਂ ਸਕੂਲ ਪ੍ਰਬੰਧਕਾਂ ਸਮੇਤ ਵਾਹਨ ਮਾਲਕਾਂ ਅਤੇ ਚਾਲਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…