Share on Facebook Share on Twitter Share on Google+ Share on Pinterest Share on Linkedin ਕੇ.ਪੀ.ਐਸ. ਗਿੱਲ ਦੀ ਮੌਤ ਨਾਲ ਮੈਂ ਆਪਣਾ ਦੋਸਤ ਗੁਆਇਆ ਤੇ ਮੁਲਕ ਨੇ ਮਹਾਨ ਸ਼ਖਸੀਅਤ- ਕੈਪਟਨ ਅਮਰਿੰਦਰ ਸਿੰਘ ਸਾਬਕਾ ਡੀ.ਜੀ.ਪੀ. ਦੀ ਅੰਤਮ ਅਰਦਾਸ ਮੌਕੇ ਪੰਜਾਬ ਦੀ ਅਮਨ-ਸ਼ਾਂਤੀ ਲਈ ਪਾਏ ਯੋਗਦਾਨ ਨੂੰ ਚੇਤੇ ਕੀਤਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 3 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਮਨ-ਸ਼ਾਂਤੀ ਅਤੇ ਤਰੱਕੀ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਸਾਬਕਾ ਡੀ.ਜੀ.ਪੀ. ਕੇ.ਪੀ.ਐਸ ਗਿੱਲ ਦੇ ਗੁਣਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਖੁਸ਼ਹਾਲ ਅਤੇ ਸ਼ਾਂਤਮਈ ਪੰਜਾਬ ਦੀ ਕਾਇਮੀ ਹੀ ਇਸ ਮਹਾਨ ਵਿਅਕਤੀ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ। ਇਕ ਕੁਸ਼ਲ ਅਧਿਕਾਰੀ ਵਜੋਂ ਸ੍ਰੀ ਗਿੱਲ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਾਬਕਾ ਡੀ.ਜੀ.ਪੀ. ਦੀ ਮੌਤ ਨਾਲ ਉਨ੍ਹਾਂ ਨੇ ਨਿੱਜੀ ਤੌਰ ’ਤੇ ਆਪਣਾ ਇਕ ਦੋਸਤ ਗੁਆ ਲਿਆ ਹੈ। ਸ੍ਰੀ ਗਿੱਲ ਜੋ 82 ਵਰਿਆਂ ਦੀ ਉਮਰ ਭੋਗ ਦੇ 26 ਮਈ ਨੂੰ ਚੱਲ ਵਸੇ, ਦੀ ਅੰਤਮ ਅਰਦਾਸ ਮੌਕੇ ਮੁੱਖ ਮੰਤਰੀ ਨੇ ਵਿਛੜੀ ਰੂਹ ਅਤੇ ਉਨ੍ਹਾਂ ਲੋਕਾਂ ਲਈ ਅਰਦਾਸ ਕੀਤੀ ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਮੁਲਕ ਨੇ ਇਕ ਮਹਾਨ ਸ਼ਖਸੀਅਤ ਨੂੰ ਗੁਆ ਲਿਆ ਹੈ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਵਿੱਚ ਅਮਨ ਕਾਇਮ ਕਰਨ ਲਈ ਆਪਣਾ ਯੋਗਦਾਨ ਪਾਇਆ ਜਿਸ ਸਦਕਾ ਅੱਤਵਾਦ ਤੋਂ ਮੁਕਤ ਮਾਹੌਲ ਵਿੱਚ ਤਰੱਕੀ ਤੇ ਵਿਕਾਸ ਹੋ ਸਕਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕਈ ਪੀੜ੍ਹੀਆਂ ਵਿੱਚ ਅਜਿਹਾ ਵਾਪਰਦਾ ਹੈ ਜਿਸ ਵਿੱਚ ਇਕ ਵਿਅਕਤੀ ਸ੍ਰੀ ਗਿੱਲ ਵਾਂਗ ਆਪਣੀ ਛਾਪ ਛੱਡ ਕੇ ਜਾਂਦਾ ਹੈ। ਉਨ੍ਹਾਂ ਆਖਿਆ ਕਿ 1962 ਦੀ ਜੰਗ ’ਤੇ ਆਪਣੀ ਕਿਤਾਬ ਲਈ ਪਹਿਲੀ ਵਾਰ ਉਹ ਸ੍ਰੀ ਗਿੱਲ ਨੂੰ ਮਿਲੇ ਸਨ। ਸ੍ਰੀ ਗਿੱਲ ਉਸ ਮੌਕੇ ਤੇਜਪੁਰ ਦੇ ਐਸ.ਪੀ. ਸਨ ਅਤੇ ਚੀਨੀ ਫੌਜ ਦੀ ਸੈਕਟਰ ਵਿੱਚ ਘੁਸਪੈਠ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਸਨ। ਕੈਪਟਨ ਨੇ ਅੱਗੇ ਆਖਿਆ ਕਿ ਸ੍ਰੀ ਗਿੱਲ ਜਾਣਦੇ ਸਨ ਕਿ ਜੋ ਵੀ ਖਤਰਾ ਹੋਵੇ, ਉਸ ਨਾਲ ਮੂਹਰੇ ਹੋ ਕੇ ਕਿਵੇਂ ਟੱਕਰ ਲੈਣੀ ਹੈ। ਪੰਜਾਬ ਵਿੱਚ ਅੱਤਵਾਦ ਨਾਲ ਲੜਾਈ ਵਿੱਚ ਸ੍ਰੀ ਗਿੱਲ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਸ ਕਾਲੇ ਦੌਰਾਨ ਦੌਰਾਨ 35000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਜਿਨ੍ਹਾਂ ਲੋਕਾਂ ਨੇ ਉਹ ਕਾਲਾ ਦੌਰ ਨਹੀਂ ਹੰਢਾਇਆ, ਉਹ ਸ੍ਰੀ ਗਿੱਲ ਦੇ ਯੋਗਦਾਨ ਕਦੇ ਵੀ ਸਮਝ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਦੋਂ ਸ੍ਰੀ ਗਿੱਲ ਨੇ ਪੰਜਾਬ ਪੁਲਿਸ ਦਾ ਚਾਰਜ ਸੰਭਾਲਿਆ ਸੀ ਤਾਂ ਉਸ ਵੇਲੇ ਪੰਜਾਬ ਪੁਲੀਸ ਢਹਿੰਦੀ ਕਲਾ ਵਿੱਚ ਸੀ ਜੋ ਅੱਤਵਾਦੀਆਂ ਦੇ ਖੌਫ ਕਾਰਨ ਸੂਰਜ ਛੁਪਣ ਤੋਂ ਬਾਅਦ ਪੁਲਿਸ ਥਾਣਿਆਂ ਦੇ ਗੇਟ ਬੰਦ ਕਰ ਲੈਂਦੀ ਸੀ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਉਸ ਵੇਲੇ ਮਜ਼ਬੂਤ ਆਗੂ ਦੀ ਲੋੜ ਸੀ ਜਿਸ ’ਤੇ ਗਿੱਲ ਖਰੇ ਉਤਰੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ‘‘ਮੈਨੂੰ ਉਹ ਸਮਾਂ ਯਾਦ ਹੈ ਜਦੋਂ ਮੈਂ ਗੁਰਦਾਸਪੁਰ ਤੋਂ ਰਵੀਇੰਦਰ ਸਿੰਘ ਨਾਲ ਸਫਰ ਕਰਦਿਆਂ ਡੀ.ਸੀ. ਨੂੰ ਮਿਲਣ ਲਈ ਰੁਕਿਆ। ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਅਸੀਂ ਉਸ ਨਾਲ ਫੋਨ ’ਤੇ ਗੱਲ ਕੀਤੀ ਜਿਹੜਾ ਫੋਨ ਉਸ ਨੂੰ ਬੰਦ ਦਰਵਾਜ਼ੇ ਰਾਹੀਂ ਸੌਂਪਿਆ ਗਿਆ ਸੀ। ਡੀ.ਸੀ ਨੇ ਕਿਹਾ ਕਿ ਉਹ ਹਨੇਰਾ ਹੋਣ ਤੋਂ ਬਾਅਦ ਕਿਸੇ ਨੂੰ ਨਹੀਂ ਮਿਲਦਾ। ਮੁੱਖ ਮੰਤਰੀ ਨੇ ਉਨ੍ਹਾਂ ਖ਼ੌਫਨਾਕ ਦਿਨ ਤੇ ਰਾਤਾਂ ਨੂੰ ਚੇਤੇ ਜਦੋਂ ਸ੍ਰੀ ਗਿੱਲ ਬੇਖੌਫ਼ ਹੋ ਕੇ ਰਾਹ ਦਸੇਰੇ ਵਾਂਗ ਸਰਗਰਮ ਸਨ। ਮੁੱਖ ਮੰਤਰੀ ਨੇ ਆਖਿਆ ਕਿ ਸ੍ਰੀ ਗਿੱਲ ਨੇ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ‘ਰਾਤਰੀ ਗਲਿਆਰਾ ਅਪਰੇਸ਼ਨ’ ਸ਼ੁਰੂ ਕੀਤਾ ਜਿਸ ਨਾਲ ਹਾਲਾਤ ਬਦਲਣੇ ਸ਼ੁਰੂ ਹੋਏ। ਉਨ੍ਹਾਂ ਕਿਹਾ ਕਿ ਸਾਬਕਾ ਡੀ.ਜੀ.ਪੀ ਦੀਆਂ ਸ਼ਕਤੀਸ਼ਾਲੀ ਕਾਰਵਾਈਆਂ ਨੇ ਪੁਲਿਸ ਦਾ ਮਨੋਬਲ ਵਧਾਇਆ ਅਤੇ ਪੁਲਿਸ ਨੂੰ ਅੱਤਵਾਦ ਖਿਲਾਫ ਜੰਗ ਲੜਣ ਤੇ ਜਿੱਤਣ ਦੇ ਯੋਗ ਬਣਾਇਆ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਖਿਆ ਕਿ ਅੱਤਵਾਦ ਦੇ ਦਿਨਾਂ ਦੌਰਾਨ ਜਿਸ ਤਰ੍ਹਾਂ ਸ੍ਰੀ ਗਿੱਲ ਨੇ ਪੁਲਿਸ ਫੋਰਸ ਦੀ ਅਗਵਾਈ ਕੀਤੀ, ਇਸ ਨੇ ਉਨ੍ਹਾਂ ਨੂੰ ਮੇਰੀਆਂ ਨਜ਼ਰਾਂ ਵਿੱਚ ਮਸੀਹਾ ਬਣਾ ਦਿੱਤਾ। ਉਨ੍ਹਾਂ ਨੇ ਸ੍ਰੀ ਗਿੱਲ ਨਾਲ ਪਹਿਲੀ ਮੁਲਾਕਾਤ ਨੂੰ ਚੇਤੇ ਕਰਦਿਆਂ ਆਖਿਆ ਕਿ ਉਹ ਖੁਦ ਉਸ ਵੇਲੇ ਏ.ਐਸ.ਪੀ. ਸਨ ਜਦਕਿ ਸ੍ਰੀ ਗਿੱਲ ਆਈ.ਜੀ. ਸਨ। ਸ੍ਰੀ ਅਰੋੜਾ ਨੇ ਕਿਹਾ ਕਿ ਜਿਸ ਮਜ਼ਬੂਤੀ ਨਾਲ ਸ੍ਰੀ ਗਿੱਲ ਪੰਜਾਬ ਪੁਲੀਸ ਨਾਲ ਜੁੜੇ ਹੋਏ ਸਨ ਉਹ ਕਦੇ ਵੀ ਪੂਰੀ ਤਰ੍ਹਾਂ ਸੇਵਾ-ਮੁਕਤ ਨਹੀਂ ਹੋਏ। ਡੀਜੀਪੀ ਨੇ ਆਖਿਆ ਕਿ ਮੈਂ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਨਾਲ ਆਮ ਤੌਰ ’ਤੇ ਸਲਾਹ ਮਸ਼ਵਰਾ ਕਰਦਾ ਰਹਿੰਦਾ ਸੀ। ਸ੍ਰੀ ਅਰੋੜਾ ਨੇ ਆਖਿਆ ਕਿ ਪੰਜਾਬ ਵਿੱਚ ਅਮਨ-ਅਮਾਨ ਅਤੇ ਸੱੁਖ-ਸ਼ਾਂਤੀ ਨੂੰ ਕਾਇਮ ਕਰਕੇ ਸ੍ਰੀ ਗਿੱਲ ਦੀਆਂ ਉਮੀਦਾਂ ਨੂੰ ਸਦਾ ਜੀਵਤ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅੰਮ੍ਰਿਤਸਰ ਤੋਂ ਭਾਜਪਾ ਦੀ ਸਾਬਕਾ ਵਿਧਾਇਕ ਲਕਸ਼ਮੀ ਕਾਂਤ ਚਾਵਲਾ ਨੇ ਸ੍ਰੀ ਗਿੱਲ ਨੂੰ ਅੱਤਵਾਦ ਦਾ ਸਫਾਇਆ ਕਰਨ ਵਾਲਾ ਪੰਜਾਬ ਦਾ ਰਖਵਾਲਾ ਦੱਸਦਿਆਂ ਆਖਿਆ ਕਿ ਉਨ੍ਹਾਂ ਦੇ ਕੰਮ ਨੂੰ ਉਨ੍ਹਾਂ ਲੋਕਾਂ ਨੇ ਬਹੁਤ ਮਾਨਤਾ ਦਿੱਤੀ ਹੈ ਜੋ ਅੱਤਵਾਦ ਤੋਂ ਪੀੜਤ ਸਨ ਅਤੇ ਆਪਣੇ ਸੂਬੇ ਅਤੇ ਅਮਨ-ਸ਼ਾਂਤੀ ਨੂੰ ਪਿਆਰ ਕਰਦੇ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ