ਪ੍ਰੇਮ ਵਿਆਹ: ਕੁੜੀ ਦੇ ਭਰਾ ਨੇ ਜੀਜੇ ਦੀ ਕਾਰ ਨੂੰ ਅੱਗ ਲਗਾ ਕੇ ਸਾੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਮੁਹਾਲੀ ਦੀ ਜੂਹ ਵਿੱਚ ਵਸਦੇ ਪਿੰਡ ਬਲੌਂਗੀ ਦੀ ਆਦਰਸ਼ ਕਲੋਨੀ ਦੇ ਵਸਨੀਕ ਇਕ ਨੌਜਵਾਨ ਨੂੰ ਪ੍ਰੇਮ ਵਿਆਹ ਕਰਵਾਉਣਾ ਉਸ ਸਮੇਂ ਕਾਫ਼ੀ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਭਰਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਸੈਂਟਰੋ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਜਗਤਾਰ ਸਿੰਘ ਦੀ ਇੱਕ ਲੜਕੀ ਨਾਲ ਦੋਸਤੀ ਸੀ, ਜਿਸ ਨਾਲ ਉਸ ਨੇ ਬੀਤੇ ਦਿਨ ਵਿਆਹ ਕਰਵਾ ਲਿਆ ਸੀ ਪ੍ਰੰਤੂ ਇਸ ਵਿਆਹ ਸਬੰਧੀ ਲੜਕੀ ਦੇ ਪਰਿਵਾਰ ਵਾਲੇ ਸਹਿਮਤ ਨਹੀਂ ਸਨ। ਉਨ੍ਹਾਂ ਕਿਹਾ ਕਿ ਤਿੰਨ ਕੁ ਮਹੀਨੇ ਪਹਿਲਾਂ ਲੜਕੀ ਦੇ ਘਰਦਿਆਂ ਬਲੌਂਗੀ ਥਾਣੇ ਵਿੱਚ ਜਗਤਾਰ ਸਿੰਘ ਵਿਰੁੱਧ ਸ਼ਿਕਾਇਤ ਦਿੱਤੀ ਸੀ। ਜਿੱਥੇ ਲੜਕੀ ਨੇ ਪੁਲੀਸ ਦੇ ਸਾਹਮਣੇ ਜਗਤਾਰ ਨਾਲ ਰਹਿਣ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਆਪਣੀ ਧੀ ਨਾਲੋਂ ਨਾਤਾ ਤੋੜ ਲਿਆ ਸੀ। ਉਸ ਨੂੰ ਥਾਣੇ ਵਿੱਚ ਹੀ ਛੱਡ ਕੇ ਘਰ ਚਲੇ ਗਏ ਸਨ। ਬੀਤੇ ਦਿਨੀਂ ਜਗਤਾਰ ਅਤੇ ਲੜਕੀ ਨੇ ਕੋਰਟ ਮੈਰਿਜ ਕਰਵਾਈ ਸੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2-3 ਦਿਨ ਪਹਿਲਾਂ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜੇ ਗਏ ਸਨ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਅੱਜ ਸਵੇਰੇ ਤਿੰਨ ਵਜੇ ਉਨ੍ਹਾਂ ਦੀ ਕਾਰ ਨੂੰ ਕਿਸੇ ਨੇ ਅੱਗ ਲਗਾ ਕੇ ਸਾੜ ਦਿੱਤਾ। ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਫੋਨ ਕੀਤਾ ਤਾਂ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੀ ਗੱਡੀ ਲਗਪਗ ਇਕ ਘੰਟੇ ਬਾਅਦ ਆਈ, ਪ੍ਰੰਤੂ ਉਸ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾ ਲਿਆ ਸੀ।
ਉਧਰ, ਮੌਕੇ ’ਤੇ ਹਾਜ਼ਰ ਲੜਕੀ ਨੇ ਕਿਹਾ ਕਿ ਉਸਨੇ ਆਪਣੀ ਮਰਜ਼ੀ ਨਾਲ ਜਗਤਾਰ ਨਾਲ ਵਿਆਹ ਕਰਵਾਇਆ ਹੈ। ਉਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਉਸਦਾ ਭਰਾ ਅਤੇ ਦੋ ਹੋਰ ਵਿਅਕਤੀ ਕਾਰ ਨੂੰ ਅੱਗ ਲਗਾ ਰਹੇ ਸਨ। ਇਸ ਮਗਰੋਂ ਉਹ ਟੀਡੀਆਈ ਵੱਲ ਭੱਜ ਗਏ। ਉਸਨੇ ਕਿਹਾ ਕਿ ਉਸ ਨੂੰ ਅਤੇ ਉਸਦੇ ਸਹੁਰਾ ਪਰਿਵਾਰ ਨੂੰ ਆਪਣੇ ਭਰਾ ਤੋਂ ਜਾਨ ਦਾ ਖ਼ਤਰਾ ਹੈ। ਉਸ ਨੇ ਪੁਲੀਸ ਤੋਂ ਮੰਗ ਕੀਤੀ ਕਿ ਉਸ ਦੇ ਭਰਾ ਅਤੇ ਉਸਦੇ ਦੋਸਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਬਲੌਂਗੀ ਥਾਣੇ ਦੇ ਐਸਐਚਓ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …