
ਲੁਧਿਆਣਾ ਬੰਬ ਧਮਾਕਾ: ਐਨਆਈਏ ਅਦਾਲਤ ਵੱਲੋਂ ਮੁਲਜ਼ਮ ਦਾ 5 ਰੋਜ਼ਾ ਪੁਲੀਸ ਰਿਮਾਂਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਲੁਧਿਆਣਾ ਜੁਡੀਸ਼ਲ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਲੋੜੀਂਦੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਫਿਰ ਤੋਂ 19 ਦਸੰਬਰ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਐਨਆਈਏ ਵੱਲੋਂ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਮਲੇਸ਼ੀਆ ਤੋਂ ਵਾਪਸ ਭਾਰਤ ਆ ਰਿਹਾ ਸੀ। ਜਦੋਂ ਉਹ ਦਿੱਲੀ ਹਵਾਈ ਅੱਡੇ ’ਤੇ ਪੁੱਜਾ ਤਾਂ ਐਨਆਈਏ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਐਨਆਈਏ ਦੀ ਜਾਂਚ ਅਨੁਸਾਰ ਹਰਪ੍ਰੀਤ ਸਿੰਘ ਹੈਪੀ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਖ਼ੁਦ ਮੁਖੀ ਬਣੇ ਲਖਬੀਰ ਸਿੰਘ ਦਾ ਕਰੀਬੀ ਸਾਥੀ ਹੈ ਅਤੇ ਦਸੰਬਰ 2021 ਨੂੰ ਲੁਧਿਆਣਾ ਜੁਡੀਸ਼ਲ ਕੰਪਲੈਕਸ ਧਮਾਕੇ ਦੇ ਸਾਜਿਸ਼ਕਰਤਾਵਾਂ ’ਚੋਂ ਇਕ ਹੈ। ਕੌਮੀ ਜਾਂਚ ਏਜੰਸੀ ਨੇ ਹਰਪ੍ਰੀਤ ਸਿੰਘ ਹੈਪੀ ਦੀ ਗ੍ਰਿਫ਼ਤਾਰੀ ਬਾਰੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਇਸ ਸਬੰਧੀ ਐਨਆਈਏ ਨੇ ਇਸ਼ਤਿਹਾਰ ਵੀ ਜਾਰੀ ਕੀਤਾ ਸੀ। ਜਿਸ ਵਿੱਚ ਇਨਾਮ ਦੇਣ ਦੇ ਨਾਲ-ਨਾਲ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ-ਪਤਾ ਗੁਪਤ ਰੱਖਣ ਦਾ ਭਰੋਸਾ ਦਿੱਤਾ ਗਿਆ ਸੀ।
ਮੁਲਜ਼ਮ ਹੈੱਪੀ ਪਿੰਡ ਮਿਆਦੀ ਕਲਾਂ (ਅੰਮ੍ਰਿਤਸਰ) ਦਾ ਵਸਨੀਕ ਹੈ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 23 ਦਸੰਬਰ ਨੂੰ ਲੁਧਿਆਣਾ ਜੁਡੀਸ਼ਲ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦੀ ਵਰਤੋਂ ਕੀਤੀ ਗਈ ਸੀ। ਇਹ ਬੰਬ ਇਕ ਬਾਥਰੂਮ ਵਿੱਚ ਰੱਖਿਆ ਗਿਆ ਸੀ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੰਬ ਪੰਜਾਬ ਪੁਲੀਸ ਦੇ ਇੱਕ ਮੁਅੱਤਲ ਕਰਮਚਾਰੀ ਗਗਨਦੀਪ ਸਿੰਘ ਲੈ ਕੇ ਆਇਆ ਸੀ। ਬੰਬ ਧਮਾਕੇ ਵਿੱਚ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ, ਜਦਕਿ 6 ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ।