
ਲੁਧਿਆਣਾ ਬੰਬ ਧਮਾਕਾ: ਪੰਜਾਬ ਵਿੱਚ ਹਾਈ ਅਲਰਟ ਤੋਂ ਬਾਅਦ ਹਰਕਤ ਵਿੱਚ ਆਈ ਬਲੌਂਗੀ ਪੁਲੀਸ
ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਸ਼ੱਕੀ ਵਾਹਨਾਂ ਤੇ ਸ਼ੱਕੀ ਅਨਸਰਾਂ ਦੀ ਚੈਕਿੰਗ, ਵੀਆਰ ਮਾਲ ਦੀ ਕੀਤੀ ਜਾਂਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਜ਼ਿਲ੍ਹਾ ਲੁਧਿਆਣਾ ਦੀ ਅਦਾਲਤ ਵਿੱਚ ਬੰਬ ਧਮਾਕੇ ਤੋਂ ਪੰਜਾਬ ਵਿੱਚ ਹਾਈ ਅਲਰਟ ਲਾਗੂ ਹੋਣ ਮਗਰੋਂ ਜ਼ਿਲ੍ਹਾ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ। ਜ਼ਿਲ੍ਹਾ ਪੁਲੀਸ ਵੱਲੋਂ ਗੁਆਂਢੀ ਸੂਬਿਆਂ ਨਾਲ ਲੱਗਦੀਆਂ ਸਾਂਝੀ ਹੱਦਾਂ ’ਤੇ ਚੌਕਸੀ ਵਧਾਉਣ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਉੱਤੇ ਵਿਸ਼ੇਸ਼ ਚੈਕਿੰਗ ਅਭਿਆਨ ਸ਼ੁਰੂ ਕੀਤੀ ਗਈ ਹੈ।
ਇਸ ਦੌਰਾਨ ਜ਼ਿਲ੍ਹਾ ਪੁਲੀਸ ਨੇ ਸਖ਼ਤ ਚੌਕਸੀ ਵਰਤਦਿਆਂ ਮੁਹਾਲੀ ਦੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਡਾਗ ਸੁਕੈਅਡ, ਐਂਟੀ ਸਾਬੋਤਾਜ ਟੀਮ, ਬਲੌਂਗੀ ਥਾਣਾ ਦੇ ਐਸਐਚਓ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਅਤੇ ਪੁਲੀਸ ਟੀਮ ਵੱਲੋਂ ਅੱਜ ਵੀ ਆਰ ਮਾਲ ਵਿੱਚ ਜਾਂਚ ਕੀਤੀ ਗਈ। ਇਸ ਮੌਕੇ ਵੀ ਆਰ ਮਾਲ ਵਿੱਚ ਕਾਫ਼ੀ ਭੀੜ ਸੀ, ਪੁਲੀਸ ਅਧਿਕਾਰੀਆਂ ਨੇ ਮਾਲ ਦੇ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਸਬੰਧੀ ਜਾਣਕਾਰੀ ਦਿੱਤੀ। ਪੁਲੀਸ ਨੇ ਮਾਲ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ। ਬੇਸਮੈਂਟ ਅਤੇ ਉੱਪਰਲੀਆਂ ਮੰਜ਼ਲਾਂ ’ਤੇ ਵੀ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਰਚ ਕੀਤੀ ਗਈ।
ਬਲੌਂਗੀ ਥਾਣਾ ਦੇ ਐਸਐਚਓ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਐਸਐਸਪੀ ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ ’ਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿਨ ਅਤੇ ਰਾਤ ਦੇ ਸਮੇਂ ਸੇਲ ਟੈਕਸ ਬੈਰੀਅਰ ਅਤੇ ਸ਼ਮਸ਼ਾਨਘਾਟ ਨੇੜੇ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ ਅਤੇ ਸ਼ੱਕੀ ਵਾਹਨਾਂ ਅਤੇ ਸ਼ੱਕੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।