ਪੰਜਾਬ ਪੁਲਿਸ ਨੇ 14.5 ਲੱਖ ਰੁਪਏ ਦੀ ਲੁਧਿਆਣਾ ਡਕੈਤੀ ਦੇ ਮਾਸਟਰਮਾਈਂਡ ਸਮੇਤ ਚਾਰ ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਖਰੜ ਕਤਲ ਕੇਸ ਦਾ ਦੋਸ਼ੀ ਯਮੁਨਾਨਗਰ ਤੋਂ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 4 ਸਤੰਬਰ:
ਪੰਜਾਬ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਕਰਦਿਆਂ ਮੰਡੀ ਗੋਬਿੰਦਗੜ ਤੋਂ ਫਰਾਰ ਅਪਰਾਧੀ ਅਤੇ ਮਾਸਟਰਮਾਈਂਡ ਨੀਰਜ ਸ਼ਰਮਾ ਉਰਫ ਆਸ਼ੂ ਸਮੇਤ ਉਸਦੇ ਚਾਰ ਸਾਥੀਆਂ ਜਿੰਨਾ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਦੇ ਜੂਆ ਘਰ ਵਿੱਚ 14.5 ਲੱਖ ਰੁਪਏ ਦੀ ਡਕੈਤੀ ਦਾ ਹੱਲ ਕੀਤਾ ਹੈ।
ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਨੀਰਜ ਸ਼ਰਮਾ ਦੇ ਖਿਲਾਫ ਪਿਛਲੇ 10 ਸਾਲਾਂ ਦੌਰਾਨ ਡਕੈਤੀ, ਲੁੱਟਾਂ ਖੋਹਾਂ, ਕਤਲ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਜੂਨ 2020 ਵਿੱਚ ਸ਼ਿੰਗਾਰ ਸਿਨੇਮਾ, ਲੁਧਿਆਣਾ ਨੇੜੇ ਇੱਕ ਕਤਲ ਦੀ ਕੋਸ਼ਿਸ਼ ਕਰਨ ਦੇ ਕੇਸ ਵਿੱਚ ਫਰਾਰ ਸੀ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਦੀ ਮੰਡੀ ਗੋਬਿੰਦਗੜ ਅਤੇ ਹੁਸ਼ਿਆਰਪੁਰ ਵਿੱਚ ਇਸੇ ਤਰਾਂ ਦੀਆਂ ਡਕੈਤੀਆਂ/ਲੁੱਟਾਂ ਖੋਹਾਂ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਤੇ ਇੰਨਾ ਦੀ ਗ੍ਰਿਫਤਾਰੀ ਨਾਲ ਅਜਿਹੀਆਂ ਘਟਨਾਵਾਂ ਉਪਰ ਕਾਬੂ ਪਾ ਲਿਆ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਗਿਰੋਹ ਹੁਸ਼ਿਆਰਪੁਰ ਵਿੱਚ ਇੱਕ ਸੁਨਿਆਰੇ ਤੋਂ 4 ਕਿਲੋ ਸੋਨਾ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ।
ਉਨਾਂ ਦੱਸਿਆ ਕਿ ਇੰਨਾ ਕੋਲੋਂ ਇਕ ਆਈ 20 ਕਾਰ ਸਮੇਤ ਇਕ .32 ਬੋਰ ਦਾ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਵੀ ਕੀਤੇ ਗਏ ਹਨ।
ਇਹ ਮੁਹਿੰਮ ਐਸਐਸਪੀ ਫਤਿਹਗੜ ਸਾਹਿਬ ਅਵਨੀਤ ਕੌਂਡਲ ਦੀ ਅਗਵਾਈ ਵਿੱਚ ਐਸਪੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਰੁਪਿੰਦਰ ਕੌਰ ਭੱਟੀ ਦੀ ਟੀਮ ਦੇ ਤਾਲਮੇਲ ਨਾਲ ਸਫਲ ਹੋਈ।
ਨੀਰਜ ਸ਼ਰਮਾ ਉਰਫ ਆਸ਼ੂ ਉਰਫ ਸਹਿਜਪਾਲ ਵਾਸੀ ਲੁਧਿਆਣਾ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਹੋਰਨਾਂ ਦੀ ਪਛਾਣ ਮਨਦੀਪ ਉਰਫ ਮੰਨਾ ਵਾਸੀ ਜਲੰਧਰ, ਦੀਪਕ ਉਰਫ ਮੰਨਾ ਵਾਸੀ ਲੁਧਿਆਣਾ, ਗੁਰਵਿੰਦਰ ਸਿੰਘ ਉਰਫ ਗਿੰਦੀ ਵਾਸੀ ਜਲੰਧਰ ਅਤੇ ਨਵਦੀਪ ਕੌਰ ਉਰਫ ਪੂਜਾ ਵਾਸੀ ਜਲੰਧਰ ਵਜੋਂ ਕੀਤੀ ਗਈ ਹੈ। ਇਨਾਂ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 399, 402 ਅਤੇ 25 ਅਸਲਾ ਕਾਨੂੰਨ ਤਹਿਤ ਥਾਣਾ ਮੰਡੀ ਗੋਬਿੰਦਗੜ ਵਿੱਖੇ ਮਾਮਲਾ ਦਰਜ ਕੀਤਾ ਗਿਆ ਹੈ।
ਮਨਦੀਪ ਸਿੰਘ ਉਰਫ ਮੰਨਾ ਵਾਸੀ ਜਲੰਧਰ, ਜੋ ਕਿ ਇੱਕ ਭਗੌੜਾ ਅਪਰਾਧੀ ਹੈ, ਨੂੰ ਪਹਿਲਾਂ ਓ.ਸੀ.ਸੀ.ਯੂ. ਪਟਿਆਲਾ ਦੁਆਰਾ ਅਕਤੂਬਰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਵਿਰੁੱਧ ਇਰਾਦਾ ਕਤਲ ਅਤੇ ਕਾਰ ਖੋਹਣ ਸਮੇਤ 13 ਅਪਰਾਧਿਕ ਕੇਸ ਦਰਜ ਹਨ। ਉਹ 2019 ਵਿੱਚ ਜ਼ਮਾਨਤ ਤੇ ਰਿਹਾਅ ਹੋ ਗਿਆ ਸੀ ਅਤੇ ਉਹ ਜਨਵਰੀ 2020 ਤੋਂ ਫਰਾਰ ਹੋ ਗਿਆ ਸੀ। ਮਾਰਚ 2020 ਵਿੱਚ ਉਹ ਮਾਹਿਲਪੁਰ, ਜਿਲਾ ਹੁਸ਼ਿਆਰਪੁਰ ਵਿਖੇ ਇੱਕ ਮੁਕਾਬਲੇ ਵਾਲੀ ਥਾਂ ਤੋਂ ਭੱਜ ਗਿਆ ਸੀ ਅਤੇ ਉਸਦੇ ਸਾਥੀ ਵਰਿੰਦਰ ਸ਼ੂਟਰ ਨੂੰ ਪੰਜਾਬ ਪੁਲਿਸ ਨੇ ਨਿਊਟ੍ਰੀਲਾਈਜ਼ ਕਰ ਦਿੱਤਾ ਸੀ। ਉਸਨੇ 2017 ਵਿੱਚ ਸੁਲਤਾਨਪੁਰ ਲੋਧੀ ਤੋਂ ਇੱਕ ਇਨੋਵਾ ਅਤੇ ਫਰਵਰੀ 2020 ਵਿੱਚ ਹੁਸ਼ਿਆਰਪੁਰ ਤੋਂ ਇੱਕ ਕ੍ਰੇਟਾ ਕਾਰ ਖੋਹ ਲਈ ਸੀ।
ਇਕ ਹੋਰ ਦੋਸ਼ੀ ਦੀਪਕ ਉਰਫ ਮੰਨਾ ਵਾਸੀ ਲੁਧਿਆਣਾ, ਜੋ ਕਪੜੇ ਦੀ ਦੁਕਾਨ ਚਲਾਉਂਦਾ ਹੈ, ਨੇ ਆਪਣੀ ਸ਼ਮੂਲੀਅਤ ਕਬੂਲ ਲਈ ਹੈ ਜਿਸਨੇ ਕੁਲ 14.5 ਲੱਖ ਵਿਚੋਂ 1 ਲੱਖ ਰੁਪਏ ਦਾ ਹਿੱਸਾ ਲਿਆ ਸੀ। ਉਸਨੇ ਪੁਨੀਤ ਉਰਫ ਮਨੀ ਬੈਂਸ ਨੂੰ ਦੋ 0.32 ਬੋਰ ਪਿਸਤੌਲ ਦੇਣ ਦਾ ਵੀ ਖੁਲਾਸਾ ਕੀਤਾ ਹੈ। ਉਸਦੀ ਕਾਰ ਵੱਖ-ਵੱਖ ਜੁਰਮਾਂ ਵਿਚ ਵਰਤੀ ਜਾ ਰਹੀ ਸੀ ਅਤੇ ਉਸ ਕੋਲੋਂ ਇਹ ਕਾਰ ਵੀ ਬਰਾਮਦ ਕੀਤੀ ਗਈ ਹੈ।
ਇਸ ਕੇਸ ਵਿੱਚ ਸਬੰਧਤ ਦੋ ਹੋਰ ਵਿਅਕਤੀ ਗੁਰਿੰਦਰ ਸਿੰਘ ਉਰਫ ਗਿੰਦਾ ਵਾਸੀ ਲਸੂੜੀ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਅਤੇ ਨਵਦੀਪ ਕੌਰ ਉਰਫ ਪੂਜਾ ਜਿਲਾ ਜਲੰਧਰ ਨੂੰ ਇੱਕ ਐਨਡੀਪੀਐਸ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਇੱਕ ਐਨਡੀਪੀਐਸ ਕੇਸ ਵਿੱਚ ਗਿੰਦਾ ਨੂੰ 10 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਉਹ ਮਿਤੀ 02.09.20 ਵਾਲੇ ਦਿਨ ਖੋਹੀ ਗਈ ਇੱਕ ਆਈ -20 ਕਾਰ ਵਿੱਚ 1 ਕਿੱਲੋ ਅਫੀਮ ਲੈ ਕੇ ਜਾ ਰਿਹਾ ਸੀ ਅਤੇ ਬਨੂੜ ਨਾਕੇ ‘ਤੇ ਰੋਕਿਆ ਗਿਆ ਜਿਥੋਂ ਉਹ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਸੀ।
ਇੱਕ ਵੱਖਰੇ ਕੇਸ ਵਿੱਚ ਪੰਜਾਬ ਪੁਲਿਸ ਨੇ ਅਪਰਾਧੀ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਚੋਪੜਾ ਵਾਸੀ ਫਿਰੋਜ਼ਪੁਰ ਨੂੰ ਯਮੁਨਾਨਗਰ, ਹਰਿਆਣਾ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਇੱਕ .32 ਬੋਰ ਪਿਸਤੌਲ ਸਮੇਤ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ ਵਿਰੁੱਧ 07.08.2020 ਨੂੰ ਥਾਣਾ ਐਸ.ਐਸ.ਓ.ਸੀ, ਫਾਜ਼ਿਲਕਾ ਵਿਖੇ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।
ਭੁਵਨੇਸ਼ ਚੋਪੜਾ ਐਸ.ਏ.ਐੱਸ.ਨਗਰ ਪੁਲਿਸ ਨੂੰ ਫਿਰੋਜ਼ਪੁਰ ਦੇ ਵਾਸੀ ਇੰਦਰਜੀਤ ਸਿੰਘ ਸਿੱਧੂ ਉਰਫ ਧਿੰਦਾ ਦੇ ਕਤਲ ਕੇਸ ਵਿੱਚ ਵੀ ਲੋੜੀਂਦਾ ਸੀ। ਇਹ ਕਤਲ 7 ਸਤੰਬਰ, 2019 ਨੂੰ ਖਰੜ ਵਿਖੇ ਹੋਇਆ ਸੀ। ਭੁਵਨੇਸ਼ ਅਤੇ ਹੈਪੀ ਨੇ ਇੰਦਰਜੀਤ ਸਿੰਘ ‘ਤੇ ਅੰਨੇਵਾਹ ਫਾਇਰਿੰਗ ਕੀਤੀ ਸੀ ਜਿਸ ਵਿਚ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਚੱਲ ਵੱਸਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …