nabaz-e-punjab.com

ਮੁਹਾਲੀ ਦੇ ਵੱਖ ਵੱਖ ਪਾਰਕਾਂ ਵਿੱਚ ਚਿੱਟਾ ਹਾਥੀ ਬਣੀਆਂ ਲਾਇਬਰੇਰੀਆਂ ਦੀਆਂ ਆਲੀਸ਼ਾਨ ਇਮਾਰਤਾਂ

ਪਾਰਕਾਂ ਵਿੱਚ ਬਣੀਆਂ ਲਾਇਬ੍ਰੇਰੀਆਂ ਆਮ ਲੋਕਾਂ ਲਈ ਜਲਦੀ ਖੋਲ੍ਹੀਆਂ ਜਾਣ: ਕੁਲਜੀਤ ਬੇਦੀ
ਆਰਟੀਆਈ ਕਾਰਕੁਨ ਕੁਲਜੀਤ ਬੇਦੀ ਨੇ ਲਾਇਬ੍ਰੇਰੀਆਂ ਖੋਲ੍ਹਣ ਲਈ ਮੁਹਾਲੀ ਦੇ ਮੇਅਰ ਤੇ ਨਿਗਮ ਦੇ ਕਮਿਸ਼ਨਰ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਲੱਖਾਂ ਰੁਪਏ ਦੀ ਲਾਗਤ ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿੱਚ ਆਮ ਲੋਕਾਂ ਨੂੰ ਸਾਹਿਤ ਨਾਲ ਜੋੜਨ ਅਤੇ ਬਜੁਰਗਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਲਾਇਬ੍ਰੇਰੀਆਂ ਦੀਆਂ ਇਮਾਰਤਾਂ ਸਫੈਦ ਹਾਥੀ ਬਣ ਕੇ ਰਹਿ ਗਈਆਂ ਹਨ। ਕਾਫੀ ਸਮਾਂ ਪਹਿਲਾਂ ਸ਼ਹਿਰ ਦੇ ਛੇ ਵੱਡੇ ਪਾਰਕਾਂ ਵਿੱਚ ਬਣਾਈਆਂ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਅਜੇ ਤਾਈਂ ਨਾ ਤਾਂ ਲੋੜੀਂਦੀਆਂ ਕਿਤਾਬਾਂ ਪੁੱਜੀਆਂ ਹਨ ਅਤੇ ਨਾ ਹੀ ਵੱਖ ਵੱਖ ਰੋਜ਼ਾਨਾ ਅਖ਼ਬਾਰ ਜਾਂ ਮੈਗਜ਼ੀਨ ਅਤੇ ਰਸਾਲੇ ਆਦਿ ਆਉਣੇ ਸ਼ੁਰੂ ਹੋਏ ਹਨ।
ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਪਾਰਕਾਂ ਵਿੱਚ ਸਥਾਪਿਤ ਲਾਇਬ੍ਰੇਰੀਆਂ ਨੂੰ ਆਮ ਲੋਕਾਂ ਦੀ ਵਰਤੋਂ ਲਈ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਕਿਹਾ ਕਿ ਗਮਾਡਾ ਵੱਲੋਂ ਇੱਥੋਂ ਫੇਜ਼-3ਬੀ1 ਸਥਿਤ ਰੋਜ਼ ਗਾਰਡਨ, ਸੈਕਟਰ-65, ਸੈਕਟਰ-69, ਸੈਕਟਰ-70, ਬੋਗਨਵਿਲੀਆ ਪਾਰਕ ਫੇਜ਼-4 ਅਤੇ ਫੇਜ਼-6 ਦੇ ਰਿਹਾਇਸ਼ੀ ਪਾਰਕਾਂ ਵਿੱਚ ਲਾਇਬਰੇਰੀਆਂ ਬਣਾਈਆਂ ਗਈਆਂ ਸਨ। ਬਾਅਦ ਵਿੱਚ ਇਨ੍ਹਾਂ ਲਾਇਬਰੇਰੀਆਂ ਵਾਲੀਆਂ ਇਮਾਰਤਾਂ ਨੂੰ ਗਮਾਡਾ ਨੇ ਨਗਰ ਨਿਗਮ ਨੂੰ ਸੌਂਪ ਦਿੱਤੀਆਂ ਸਨ। ਲੇਕਿਨ ਹੁਣ ਤੱਕ ਇਹ ਲਾਇਬਰੇਰੀਆਂ ਲੋਕਾਂ ਨੂੰ ਸਮਰਪਿਤ ਨਹੀਂ ਕੀਤੀਆਂ ਗਈਆਂ ਹਨ। ਜਿਸ ਕਾਰਨ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਇਹ ਆਲੀਸ਼ਾਨ ਇਮਾਰਤਾਂ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ।
ਸ੍ਰੀ ਬੇਦੀ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਦੀ ਦੀ ਬੇਰੁਖੀ ਕਾਰਨ ਲਾਇਬ੍ਰੇਰੀਆਂ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟਣੇ ਸ਼ੁਰੂ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਨ੍ਹਾਂ ਇਮਾਰਤਾਂ ਦੀਆਂ ਖਿੜਕੀਆਂ ’ਤੇ ਪੱਥਰ ਮਾਰ ਕੇ ਸ਼ੀਸ਼ੇ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲਾਇਬ੍ਰੇਰੀਆਂ ਦੀ ਜਲਦੀ ਸਾਰ ਨਹੀਂ ਲਈ ਤਾਂ ਇਹ ਇਮਾਰਤਾਂ ਨਸ਼ੇੜੀਆਂ ਅਤੇ ਸ਼ਰਾਰਤੀ ਲੋਕਾਂ ਦੇ ਅੱਡੇ ਬਣਨ ਦਾ ਖ਼ਦਸ਼ਾ ਹੈ ਅਤੇ ਪਾਰਕਾਂ ਵਿੱਚ ਰੋਜ਼ਾਨਾ ਸੈਰ ਲਈ ਆਉਂਦੇ ਲੋਕਾਂ ਲਈ ਇਹ ਸਮੱਸਿਆ ਵੱਡੀ ਸਿਰਦਰਦੀ ਬਣ ਜਾ ਸਕਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਪਾਰਕਾਂ ਵਿੱਚ ਬਣੀਆਂ ਸਾਰੀਆਂ ਲਾਇਬ੍ਰੇਰੀਆਂ ਵਿੱਚ ਫਰਨੀਚਰ, ਕਿਤਾਬਾਂ, ਲੋੜੀਂਦਾ ਸਟਾਫ਼, ਬਿਜਲੀ ਅਤੇ ਪਾਣੀ ਸਮੇਤ ਪ੍ਰਤੀ ਮਹੀਨਾ ਖਰਚ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਇਨ੍ਹਾਂ ਲਾਇਬ੍ਰੇਰੀਆਂ ਨੂੰ ਬਣਾਉਣ ਦਾ ਮੰਤਵ ਪੂਰਾ ਹੋ ਸਕੇ।
ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਵੇਲੇ ਗਮਾਡਾ ਵੱਲੋਂ ਇੱਕ ਸਮਝੌਤੇ ਤਹਿਤ ਸ਼ਹਿਰ ਸਾਰੇ ਪਾਰਕ ਨਗਰ ਨਿਗਮ ਦੇ ਸਪੁਰਦ ਕੀਤੇ ਗਏ ਅਤੇ ਪਾਰਕਾਂ ਵਿੱਚ ਬਣੀਆਂ ਲਾਇਬਰੇਰੀਆਂ ਵੀ ਨਿਗਮ ਅਧੀਨ ਆ ਗਈਆਂ ਸਨ। ਲਾਇਬਰੇਰੀਆਂ ਦੇ ਨਾਲ ਨਾਲ ਪਾਰਕਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਬਹੁਤ ਸਾਰੀਆਂ ਪਾਰਕਾਂ ਵਿੱਚ ਟਰੈਕ, ਸਟਰੀਟ ਲਾਈਟ, ਫੁੱਟ ਲਾਈਟ ਅਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਤੱਕ ਨਹੀਂ ਹਨ।
(ਬਾਕਸ ਆਈਟਮ)
ਉਧਰ, ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ ਵੱਖ ਪਾਰਕਾਂ ਵਿੱਚ ਬਣਾਈਆਂ ਲਾਇਬਰੇਰੀਆਂ ਲਈ ਲੋੜੀਂਦਾ ਫਰਚੀਨਰ ਖ਼ਰੀਦਿਆਂ ਜਾ ਚੁੱਕਾ ਹੈ ਅਤੇ ਕਿਤਾਬਾਂ ਅਤੇ ਰਸਾਲੇ ਆਦਿ ਦੀ ਖ਼ਰੀਦ ਵੀ ਜਲਦੀ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਹੁਤ ਜਲਦੀ ਸਾਰੀਆਂ ਲਾਇਬਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੌਂਸਲਰ ਕੁਲਜੀਤ ਸਿੰਘ ਬੇਦੀ ਇਨ੍ਹਾਂ ਪ੍ਰਬੰਧਾਂ ਬਾਰੇ ਭਲੀਭਾਂਤ ਜਾਣੂ ਹਨ ਕਿਉਂਕਿ ਉਹ ਖ਼ੁਦ ਸਿਸਟਮ ਦਾ ਹਿੱਸਾ ਹਨ ਪ੍ਰੰਤੂ ਇਸ ਦੇ ਬਾਵਜੂਦ ਉਹ ਇਸ ਮੁੱਦੇ ਨੂੰ ਮੀਡੀਆ ਵਿੱਚ ਇਸ ਕਰਕੇ ਉਛਾਲ ਰਹੇ ਹਨ ਤਾਂ ਜੋ ਪ੍ਰਬੰਧ ਮੁਕੰਮਲ ਹੋਣ ’ਤੇ ਸਾਰਾ ਕਰੈਡਿਟ ਉਨ੍ਹਾਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਬੇਦੀ ਮੀਡੀਆ ਰਾਹੀਂ ਚਰਚਾ ਵਿੱਚ ਰਹਿਣ ਦੇ ਆਦੀ ਹਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…