nabaz-e-punjab.com

ਪੰਜਾਬ ਵਿੱਚ ਘੋੜਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਮੁੜ ਤੋਂ ਲੱਗਣਗੀਆਂ ਮੰਡੀਆਂ: ਸਿੱਧੂ

ਸਿੱਧੂ ਵੱਲੋਂ ਪਸ਼ੂ ਪਾਲਣ ਵਿਭਾਗ ਦੀ ਨਵੇਂ ਰੂਪ ਵਿੱਚ ਵੈਬਸਾਈਟ www.husbandrypunjab.org ਦੀ ਕੀਤੀ ਲਾਂਚ
ਪਸ਼ੂ ਪਾਲਣ ਬਲਬੀਰ ਸਿੰਘ ਸਿੱਧੂ ਨੇ ਕੀਤੀ ਪੰਜਾਬ ਦੇ ਘੋੜਿਆਂ ਦੇ ਪਾਲਕਾਂ ਅਤੇ ਡੋਗ ਲਵਰਜ਼ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ’ਚੋਂ ਬਾਹਰ ਕੱਢਣ ਲਈ ਸੂਬੇ ਵਿੱਚ ਪਸ਼ੂ ਪਾਲਣ ਧੰਦੇ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਜ਼ਮੀਨੀ ਪੱਧਰ ’ਤੇ ਪ੍ਰਫੁੱਲਤ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਘੋੜਿਆਂ ਦੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਮੁੜ ਤੋਂ ਮੰਡੀਆਂ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਇੱਥੋਂ ਦੇ ਸੈਕਟਰ-68 ਵਿੱਚ ਸਥਿਤ ਲਾਈਵ ਸਟਾਕ ਭਵਨ ਵਿੱਚ ਘੋੜਿਆਂ ਦੇ ਪਾਲਕਾਂ ਅਤੇ ਡੋਗ ਲਵਰਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਮੰਤਰੀ ਨੇ ਪਸ਼ੂ ਪਾਲਣ ਵਿਭਾਗ ਪੰਜਾਬ ਦੀ ਨਵੇਂ ਰੂਪ ਵਿੱਚ ਵੈਬਸਾਈਟ www.husbandrypunjab.org ਵੀ ਲਾਂਚ ਕੀਤੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀ ਨਵੇਂ ਰੂਪ ਵਿੱਚ ਲਾਂਚ ਕੀਤੀ ਇਸ ਵੈਬਸਾਈਟ ਵਿੱਚ ਪਸ਼ੂ ਪਾਲਣ ਵਿਭਾਗ ਅਤੇ ਪਸ਼ੂਆਂ ਦੇ ਹਸਪਤਾਲਾਂ, ਡਿਸਪੈਂਸਰੀਆਂ ਅਤੇ ਇਨ੍ਹਾਂ ਅਦਾਰਿਆਂ ਵਿੱਚ ਤਾਇਨਾਤ ਡਾਕਟਰਾਂ, ਸਟਾਫ਼ ਅਤੇ ਵਿਭਾਗ ਦੇ ਸੀਮਨਜ਼ ਬੈਂਕਾਂ ਤੋਂ ਇਲਾਵਾ ਸਵੈ ਰੁਜ਼ਗਾਰ ਧੰਦਿਆਂ ਦੀ ਸਿਖਲਾਈ ਲੈਣ ਸਬੰਧੀ ਮੁਕੰਮਲ ਰੂਪ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ’ਤੇ ਸਵੈ ਰੁਜ਼ਗਾਰ ਧੰਦਿਆਂ ਦੀ ਸਿਖਲਾਈ ਲੈਣ ਵਾਲੇ ਸਿੱਖਿਆਰਥੀ ਵੀ ਆਨਲਾਈਨ ਅਪਲਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਇਸ ਵੈਬਸਾਈਟ ਨਾਲ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਨੂੰ ਵੀ ਜੋੜਿਆਂ ਜਾਵੇਗਾ ਤਾਂ ਜੋ ਵੈਬਸਾਈਟ ਰਾਹੀਂ ਸਹਾਇਕ ਧੰਦਿਆਂ ਬਾਰੇ ਪੂਰਨ ਰੂਪ ਵਿੱਚ ਜਾਣਕਾਰੀ ਹਾਸਲ ਹੋ ਸਕੇ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਫੇਸਬੁੱਕ ਪੇਜ਼ ਵੀ ਬਣਾਇਆ ਗਿਆ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਘੋੜਿਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੂੰ ਲੋੜੀਂਦੇ ਸਿਖਲਾਈ ਕੋਰਸ ਕਰਵਾਏ ਜਾਣਗੇ ਤਾਂ ਜੋ ਘੋੜਿਆਂ ਸਮੇਤ ਹੋਰ ਪਸ਼ੂ ਪਾਲਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਘੋੜਿਆਂ ਦਾ ਸਰਵੇ ਅਤੇ ਘੋੜਿਆਂ ਦੀ ਰਜਿਸਟਰੇਸ਼ਨ ਲਈ ਨੋਡਲ ਅਫ਼ਸਰ ਲਗਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਸ ਤੋਂ ਪਹਿਲਾਂ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਪਸ਼ੂ ਪਾਲਣ ਮੰਤਰੀ ਨੂੰ ਘੋੜਿਆਂ ਦਾ ਕਾਰੋਬਾਰ ਕਰਨ ਅਤੇ ਡੋਗ ਲਵਰਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਪੰਜਾਬ ਵਿੱਚ ਘੋੜਿਆਂ ਦੀਆਂ ਮੰਡੀਆਂ ਲੱਗਦੀਆਂ ਸਨ ਪ੍ਰੰਤੂ ਹੁਣ ਉਹ ਬੰਦ ਹੋ ਚੁੱਕੀਆਂ ਹਨ। ਜਿਸ ਕਰਕੇ ਘੋੜਿਆਂ ਦੇ ਪਾਲਕਾ ਵਿੱਚ ਨਿਰਾਸ਼ਾ ਦਾ ਆਲਮ ਹੈ ਅਤੇ ਘੋੜਿਆਂ ਦੇ ਕਾਰੋਬਾਰ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਹਿਲੇ ਸਮਿਆਂ ਵਿੱਚ ਮੰਡੀਆਂ ਰਾਹੀਂ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਲੋਕ ਘੋੜਿਆਂ ਦੀ ਖ਼ਰੀਦੋ ਫ਼ਰੋਖਤ ਕਰਨ ਲਈ ਆਉਂਦੇ ਸਨ। ਉਨ੍ਹਾਂ ਪੰਜਾਬ ਵਿੱਚ ਮੁੜ ਤੋਂ ਡੋਗ ਸੋਅ ਅਤੇ ਕੁੱਤਿਆਂ ਦੀਆਂ ਦੌੜਾਂ ਸ਼ੁਰੂ ਕਰਵਾਉਣ ਦੀ ਮੰਗ ਵੀ ਕੀਤੀ। ਮੰਤਰੀ ਨੇ ਪੰਜਾਬ ਭਰ ’ਚੋਂ ਆਏ ਘੋੜਿਆਂ ਦੇ ਪਾਲਕਾਂ ਅਤੇ ਡੋਗ ਲਵਰਜ਼ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਕੰਵਰਬੀਰ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਅੰਕੜਾ ਡਾ. ਦੇਸ਼ ਦੀਪਕ, ਨੋਡਲ ਅਫ਼ਸਰ ਡਾ. ਲਖਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਸਤਿੰਦਰਪਾਲ ਸਿੰਘ, ਡਾ. ਸੁਖਦੇਵ ਸਿੰਘ ਸਿਊਂਕ, ਡਾ. ਗੁਰਚਰਨ ਸਿੰਘ ਤੂੜ, ਪਰਵਿੰਦਰਪਾਲ ਸਿੰਘ ਬਰਾੜ, ਅਮਰਇਕਬਾਲ ਸਿੰਘ, ਸਰਪ੍ਰਤਾਪ ਸਿੰਘ, ਬਲਜਿੰਦਰ ਸਿੰਘ, ਪਰਮਵੀਰ ਸਿੰਘ ਗਿੱਲ, ਜਤਿੰਦਰ ਸਿੰਘ, ਸਰਬਜੋਤ ਸਿੰਘ ਅਤੇ ਹੋਰ ਹੋਰਸ ਬਰੀਡਰ ਅਤੇ ਡੋਗ ਲਵਰਜ਼ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…