nabaz-e-punjab.com

ਤਿਉਹਾਰਾਂ ਦਾ ਸੀਜ਼ਨ: ਮਿਲਾਵਟੀ ਭੋਜਨ ਪਦਾਰਥਾਂ ਦਾ ਵਪਾਰ ਕਰਨ ਵਾਲੇ ਮਾਫੀਆ ਨੂੰ ਬਖ਼ਸ਼ਿਆ ਨਾ ਜਾਵੇ: ਬ੍ਰਹਮ ਮਹਿੰਦਰਾ

ਮਿਲਾਵਟੀ ਭੋਜਨ ਪਦਾਰਥ ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਨੂੰ ਤੇਜੀ ਨਾਲ ਨੇਪਰੇ ਚਾੜ੍ਹਨ ਦੇ ਹੁਕਮ

ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਛਾਪੇਮਾਰੀ ਕਰਨ ਸਮੇਂ ਸੁਰੱਖਿਆ ਕਰਮੀ ਮੁਹੱਈਆ ਕਰਾਉਣ ਦੇ ਨਿਰਦੇਸ਼

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਸਤੰਬਰ:
ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਬ੍ਰਹਮ ਮਹਿੰਦਰਾ ਨੇ ਫੂਡ ਸੇਫਟੀ ਵਿਭਾਗ ਨੂੰ ਮਿਲਾਵਟੀ ਭੋਜਨ ਪਦਾਰਥਾਂ ਦਾ ਉਤਪਾਦਨ ਅਤੇ ਵਿਕਰੀ ਕਰਨ ਵਾਲੇ ਮਾਫੀਆ ਵਿਰੁੱਧ ਸਖਤੀ ਨਾਲ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਇੱਥੇ ਫੂਡ ਸੇਫਟੀ ਵਿਭਾਗ ਦੀ ਉÎੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਜਿਲ੍ਹਾ ਸਿਹਤ ਅਫਸਰਾਂ ਅਤੇ ਸਹਾਇਕ ਫੂਡ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਿਲਾਵਟੀ ਭੋਜਨ ਦੁਆਰਾ ਨਿਰਦੋਸ਼ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾਫੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਕਰਨਾ ਲੋਕਾਂ ਦੀ ਸਿਹਤ ਨਾਲ ਜੁੜਿਆ, ਇੱਕ ਗੰਭੀਰ ਮਾਮਲਾ ਹੈ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਮਿਲਾਵਟ ਖੋਰੀ ਕਾਫੀ ਹੱਦ ਤੱਕ ਵਧ ਜਾਂਦੀ ਹੈ ਜਿਸ ਲਈ ਫੂਡ ਸੇਫਟੀ ਅਫਸਰਾਂ ਨੂੰ ਛਾਪੇਮਾਰੀ ਅਤੇ ਸੈਂਪਲ ਭਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਐਸ.ਐਸ.ਪੀਜ਼. ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਛਾਪੇਮਾਰੀ ਕਰਨ ਸਮੇਂ ਸਬੰਧਿਤ ਅਫਸਰਾਂ ਨੂੰ ਸੁਰੱਖਿਆ ਕਰਮੀ ਮੁਹੱਈਆ ਕਰਵਾਏ ਜਾਣ ਤਾਂ ਜੋ ਨਿਰਪੱਖ ਤਰੀਕੇ ਨਾਲ ਇਸ ਮੁਹਿੰਮ ਨੂੰ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਦਫ਼ਤਰ ਦੀਆਂ ਇੰਟਰ-ਡਿਸਟ੍ਰਿਕਟ ਟੀਮਾਂ ਨੂੰ ਮਿਲਾਵਟ ਖੋਰਾਂ ਵਿਰੁੱਧ ਮੁਹਿੰਮ ਅਧੀਨ ਜ਼ਿਲ੍ਹਿਆਂ ਵਿੱਚ ਜਾ ਕੇ ਛਾਪੇਮਾਰੀ ਕਰੇਗੀ। ਉਨ੍ਹਾਂ ਆਦੇਸ਼ ਦਿੱਤੇ ਕਿ ਦੂਜੇ ਰਾਜਾਂ ਤੋਂ ਮਿਲਾਵਟੀ ਖੋਇਆ, ਘਿਓ ਅਤੇ ਹੋਰ ਭੋਜਨ ਪਦਾਰਥਾਂ ਦੀ ਪੰਜਾਬ ਨਾਲ ਲਗਦੇ ਅੰਤਰ-ਰਾਜੀ ਮਾਰਗਾਂ ਉÎੱਤੇ ਵਿਸ਼ੇਸ਼ ਨਾਕਾ ਬੰਦੀ ਕੀਤੀ ਜਾਵੇ। ਜਿਸ ਨਾਲ ਸੂਬੇ ਵਿੱਚ ਮਿਲਾਵਟੀ ਖਾਣ ਪੀਣ ਵਾਲੇ ਪਦਾਰਥਾਂ ਦੀ ਸਪਲਾਈ ਨੂੰ ਯਕੀਨੀ ਤੌਰ ’ਤੇ ਰੋਕਿਆ ਜਾ ਸਕੇ।
ਸ੍ਰੀ ਬ੍ਰਹਮ ਮਹਿੰਦਰਾ ਨੇ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਛੋਟੇ ਪੱਧਰ ਦੇ ਦੁਕਾਨਦਾਰਾਂ ਅਤੇ ਉਤਪਾਦਕਾਂ ਨੂੰ ਮਿਲਾਵਟ ਖੋਰੀ ਦੇ ਨਾਮ ਤੇ ਤੱਥਾਂ ਰਹਿਤ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਾਰੀ ਮਾਤਰਾ ਵਿੱਚ ਭੋਜਨ ਪਦਾਰਥਾਂ ਦੀ ਸਟੋਰੇਜ਼ ਕਰਨ ਵਾਲੇ ਕੋਲਡ ਸਟੋਰ ਅਤੇ ਮਿਠਾਈਆਂ ਅਤੇ ਬੇਕਰੀ ਸਬੰਧੀ ਪਦਾਰਥਾਂ ਦੇ ਉਤਪਾਦਨ ਵਾਲੀਆਂ ਥਾਵਾਂ ਦੀ ਵਿਸ਼ੇਸ ਤੋਰ ’ਤੇ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਇਹ ਉਤਪਾਦਨ ਵਾਲੀਆਂ ਥਾਵਾਂ ਪੂਰੀ ਤਰ੍ਹਾਂ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਮਿਲਾਵਟੀ ਭੋਜਨ ਪਦਾਰਥਾਂ ਦੇੇ ਸੈਂਪਲ ਲੈ ਕੇ ਲੋਬੋਟਰੀ ਨੂੰ ਸਮੇਂ ਤੇ ਭੇਜਿਆ ਜਾਵੇ।
ਸਿਹਤ ਮੰਤਰੀ ਨੇ ਮੀਟਿੰਗ ਦੌਰਾਨ ਅਫਸਰਾਂ ਨੂੰ ਸੈਂਪਲ ਲੈਣ ਸਮੇਂ ਅਤੇ ਛਾਪੇਮਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਹੋਰ ਪ੍ਰਬੰਧਕੀ ਸੁਧਾਰਾਂ ਸਬੰਧੀ ਸੁਝਾਅ ਵੀ ਸਾਂਝੇ ਕਰਨ ਲਈ ਕਿਹਾ ਜਿਸ ਨਾਲ ਵਿਭਾਗ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜਲਦ ਹੀ ਫੂਡ ਸੇਫਟੀ ਵਿਭਾਗ ਦੀ ਕਾਰਗੁਜਾਰੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਕ ਮੋਬਾਇਲ ਐਪ ਵੀ ਲਾਂਚ ਕੀਤੀ ਜਾ ਰਹੀ ਹੈ ਅਤੇ ਲਾਇਸੰਸ ਹਾਸਿਲ ਕਰਨ ਲਈ ਆਨ-ਲਾਈਨ ਰਿਜਸਟਰੇਸ਼ਨ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਫੂਡ ਸੇਫਟੀ ਐਕਟ ਦੀ ਮੁਕੰਮਲ ਜਾਣਕਾਰੀ ਅਤੇ ਤੱਥਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਪੋਸ਼ਟਿਕ ਅਤੇ ਸਾਫ ਸੁਥਰੇ ਭੋਜਨ ਬਾਰੇ ਵੀ ਦੱਸਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…