
ਬ੍ਰਹਮਾਕੁਮਾਰੀ ਸੰਸਥਾਵਾਂ ਵਿੱਚ 19 ਦਿਨਾਂ ਤੋਂ ਚਲ ਰਹੇ ਮਹਾਂ ਸ਼ਿਵਰਾਤਰੀ ਸਮਾਗਮ ਸੰਪੰਨ
ਕੋਈ ਵੀ ਧਰਮ ਸਾਨੂੰ ਨਫ਼ਰਤ, ਬੈਰ, ਜਾਂ ਈਰਖਾ ਕਰਨਾ ਨਹੀਂ ਸਿਖਾਉਂਦਾ: ਬਲਬੀਰ ਸਿੱਧੂ
ਬ੍ਰਹਮਾਕੁਮਾਰੀ ਭੈਣਾਂ ਨੇ ਸ਼ਾਂਤੀ, ਸਦਭਾਵਨਾ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦਾ ਪ੍ਰਣ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਬ੍ਰਹਮਾਕੁਮਾਰੀਜ਼ ਸੰਸਥਾਵਾਂ ਦੇ ਪਿਛਲੇ 19 ਦਿਨਾਂ ਤੋਂ ਲੜੀਵਾਰ ਚਲ ਰਹੇ ਮਹਾਂ ਸ਼ਿਵਰਾਤਰੀ ਸਮਾਗਮ ਅੱਜ ਇੱਥੋਂ ਦੇ ਸੁੱਖ ਸ਼ਾਂਤੀ ਭਵਨ ਫੇਜ਼-7 ਵਿਖੇ ਸਮਾਪਤ ਹੋ ਗਏ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਪ੍ਰੇਮ ਲਤਾ ਨੇ ਕੀਤੀ। ਬ੍ਰਹਮਾਕੁਮਾਰੀ ਭੈਣ ਰਮਾ ਮੁੱਖ ਬੁਲਾਰਾ ਸਨ। ਇਸ ਸਮਾਗਮ ਵਿੱਚ ਮੁਹਾਲੀ ਨਗਰ ਨਿਗਮ ਦੇ 30 ਕੌਂਸਲਰ ਤੇ ਹੋਰਨਾਂ ਆਗੂਆਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਨਾਲ ਪੀਜੀਆਈ ਦੇ ਨਿਊਰੋ ਸਰਜਨ ਡਾ. ਮੰਜੂਲ ਤ੍ਰਿਪਾਠੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਅਮਰਜੀਤ ਸਿੰਘ ਜੀਤੀ ਸਿੱਧੂ, ਅਮਰੀਕ ਸਿੰਘ ਸੋਮਲ, ਜਸਪ੍ਰੀਤ ਕੌਰ, ਬਲਜੀਤ ਕੌਰ, ਰੁਪਿੰਦਰ ਕੋਰ ਰੀਨਾ, ਪਰਮਜੀਤ ਸਿੰਘ ਹੈਪੀ, ਸੁੱਚਾ ਸਿੰਘ ਕਲੌੜ ਅਤੇ ਰਵਿੰਦਰ ਸਿੰਘ ਪੰਜਾਬ ਮੋਟਰ ਵਾਲੇ ਸਮੇਤ ਵਿਜੀਲੈਂਸ ਬਿਊਰੋ ਦੇ ਡਿਪਟੀ ਕੁਲੈਕਟਰ ਏਕੇ ਸੈਣੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਕਮਲੇਸ਼ ਕੁਮਾਰ ਸਮੇਤ ਬ੍ਰਹਮਾਕੁਮਾਰੀ ਭੈਣਾਂ ਨੇ ਇੱਕੋ ਸਮੇਂ 41 ਦੀਪ ਜਗਾਉਣ ਦੀ ਰਸਮ ਨਿਭਾਈ।
ਇਸ ਮੌਕੇ ਬਲਬੀਰ ਸਿੱਧੂ ਨੇ ਸ਼ਿਵਰਾਤਰੀ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਬ੍ਰਹਮਾਕੁਮਾਰੀ ਭੈਣਾਂ ਸਮਾਜ ਦੀ ਨਿਸ਼ਕਾਮ ਅਤੇ ਬਿਨਾਂ ਭੇਦਭਾਵ ਤੋਂ ਸੇਵਾ ਕਰ ਰਹੀਆਂ ਹਨ। ਉਨ੍ਹਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਬ੍ਰਹਮਾਕੁਮਾਰੀ ਭੈਣਾਂ ਨੇ ਅਭਿਮਾਨ ਖ਼ਤਮ ਕਰਨ ਅਤੇ ਸੋਚ ਨੂੰ ਸਕਾਰਾਤਮਿਕ ਬਣਾਉਣ ਲਈ ਜੋ ਜੁਗਤਾਂ ਦੱਸੀਆਂ ਉਸ ਨਾਲ ਦੁੱਖ-ਸੁੱਖ ਵਿੱਚ ਸਮਾਨ, ਸਥਿਰ ਅਤੇ ਚਿੰਤਾਵਾਂ ਤੋਂ ਮੁਕਤੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਨਫ਼ਰਤ, ਬੈਰ, ਜਾਂ ਈਰਖਾ ਕਰਨਾ ਨਹੀਂ ਸਿਖਾਉਂਦਾ।
ਇਸ ਤੋਂ ਪਹਿਲਾਂ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਅਤੇ ਬ੍ਰਹਮਾਕੁਮਾਰੀ ਭੈਣ ਰਮਾ ਨੇ ਕਿਹਾ ਕਿ ਪ੍ਰਮਾਤਮਾ ਸ਼ਿਵ ਨਾਲ ਸਬੰਧ ਟੁੱਟਣ ਕਾਰਨ ਮਨੁੱਖ ਭੌਤਿਕਤਾ ਦੇ ਜਾਲ ਵਿੱਚ ਫਸ ਕੇ ਸਵਾਰਥ, ਵਿਕਾਰਾਂ, ਬੁਰਾਈਆਂ ਅਤੇ ਪਾਪ ਕਰਮ ਕਰਦਾ ਹੈ। ਜਿਸ ਦੇ ਸਿੱਟੇ ਵਜੋਂ ਮਨੁੱਖ ਨੂੰ ਦੁੱਖ, ਅਸਾਂਤੀ, ਤਣਾਅ ਅਤੇ ਬੀਮਾਰੀਆਂ ਚਿੰਬੜ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਜਯੋਗ ਪਾਪ ਕਰਮਾਂ ਦੇ ਬੋਝ ਨੂੰ ਘਟ ਕਰਦਾ ਹੈ ਅਤੇ ਮਨ ਨੂੰ ਸਥਿਰ ਕਰਦਾ ਹੈ। ਉਨ੍ਹਾਂ ਮਨ ਦੇ ਇਲਾਜ ਲਈ ਮੈਡੀਟੇਸ਼ਨ ਅਪਣਾਉਣ ਲਈ ਪ੍ਰੇਰਿਤ ਕੀਤਾ। ਧਰਮਪਾਲ ਗੁਪਤਾ, ਕੁਮਾਰ ਸਿਧਾਰਥ, ਬੀਕੇ ਪਲਵਿੰਦਰ ਅਤੇ ਬੀਕੇ ਪ੍ਰਵੀਨ ਨੇ ਵੀ ਸੰਬੋਧਨ ਕੀਤਾ।