Nabaz-e-punjab.com

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਇੰਸਟੀਚਿਊਟ ਨੇ ਮਾਰਿਆ ਇਕ ਹੋਰ ਮਾਅਰਕਾ

ਇੰਸਟੀਚਿਊਟ ਦੇ 25 ਵਿਦਿਆਰਥੀ ਐਨਡੀਏ ਤੇ ਆਈਐਮਏ ਵਿੱਚ ਪੁੱਜੇ, ਅਚੀਵਰਜ਼ ਐਵਾਰਡ ਦੇ ਕੇ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਇੱਥੋਂ ਦੇ ਸੈਕਟਰ-77 ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਪ੍ਰਾਪਤੀਆਂ ਵਿੱਚ ਉਦੋਂ ਇਕ ਹੋਰ ਜ਼ਿਕਰਯੋਗ ਪ੍ਰਾਪਤੀ ਜੁੜ ਗਈ, ਜਦੋਂ ਸੰਸਥਾ ਦੇ 25 ਕੈਡਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ) ਵਿੱਚ ਪਹੁੰਚ ਗਏ। ਇਨ੍ਹਾਂ ਕੈਡਟਾਂ ਨੂੰ ਅੱਜ ਇੰਸਟੀਚਿਊਟ ਵਿੱਚ ਕਰਵਾਏ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ‘ਅਚੀਵਰਜ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਏਅਰ ਮਾਰਸ਼ਲ ਜੀਪੀ ਸਿੰਘ (ਸੇਵਾਮੁਕਤ) ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸਨ ਜਦੋਂਕਿ ਪ੍ਰਧਾਨਗੀ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਬੀਐਸ ਗਰੇਵਾਲ ਨੇ ਕੀਤੀ।
ਇਸ ਮੌਕੇ ਅਕਾਦਮਿਕ, ਖੇਡਾਂ ਤੇ ਹੋਰ ਖੇਤਰਾਂ ਵਿੱਚ ਕਾਬਲੇਗੌਰ ਪ੍ਰਾਪਤੀਆਂ ਕਰਨ ਵਾਲੇ ਕੈਡਟਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਿਨ੍ਹਾਂ ਵਿੱਚ ਅਕੈਡਮਿਕ ਟਰਾਫ਼ੀ ਬੀਸੀਏ ਮਨਰਾਜ ਸਿੰਘ ਨੇ ਜਿੱਤੀ, ਜਦੋਂ ਕਿ ਗੁਣਾਂ ਪੱਖੋਂ ਬਿਹਤਰੀਨ ਅਫ਼ਸਰ ਦੀ ਟਰਾਫ਼ੀ ਸੀਐਸਐਮ ਬਿਮਲਰੂਪ ਸਿੰਘ ਦੇ ਹਿੱਸੇ ਆਈ ਅਤੇ ਖੇਡਾਂ ਦੀ ਟਰਾਫ਼ੀ ਕੈਡਟ ਕੁਸ਼ਲ ਸ਼ਰਮਾ ਨੇ ਜਿੱਤੀ। ਸੱਤਵੇਂ ਕੋਰਸ ਦੇ ਸਾਰੇ ਗੇੜਾਂ ’ਚੋਂ ਬਿਹਤਰੀਨ ਕੈਡਟ ਦਾ ਸਨਮਾਨ ਬੀਸੀਸੀ ਹਰਸ਼ਿਤ ਬਖ਼ਸ਼ੀ ਨੂੰ ਮਿਲਿਆ। ਇਸ ਤੋਂ ਇਲਾਵਾ ਅੱਠਵੇਂ ’ਤੇ ਸੰਸਥਾ ਵਿੱਚ ਮੌਜੂਦਾ ਸਮੇਂ ਚੱਲ ਰਹੇ ਨੌਵੇਂ ਕੋਰਸ ਦੇ ਕੈਡਟਾਂ ਨੂੰ ਪੀਟੀ ਬੈਜ ਵੀ ਦਿੱਤੇ ਗਏ।
ਏਅਰ ਮਾਰਸ਼ਲ ਜੀਪੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਟਾਂ ਵੱਲੋਂ ਦਿਖਾਏ ਉਤਸ਼ਾਹ ਤੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਇਸ ਸੰਸਥਾ ਵੱਲੋਂ ਹਾਸਲ ਕੀਤੇ ਮਾਣਮੱਤੇ ਨਤੀਜਿਆਂ ’ਤੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕੈਡਟਾਂ ਨੂੰ ਕਿਹਾ ਕਿ ਉਹ ਇਸੇ ਤਰਾਂ ਮਿਹਨਤ ਕਰ ਕੇ ਇਸ ਸੰਸਥਾ ਦਾ ਨਾਮ ਉੱਚਾ ਰੱਖਣ।
ਇਸ ਤੋਂ ਪਹਿਲਾਂ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਬੀਐਸ ਗਰੇਵਾਲ ਨੇ ਕੈਡਟਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਉਮੀਦ ਜਤਾਈ ਕਿ ਇਸ ਸਮੇਂ ਇੰਸਟੀਚਿਊਟ ਵਿੱਚ ਤਿਆਰੀ ਕਰ ਰਹੇ ਕੈਡਟ ਇਸ ਪ੍ਰਾਪਤੀ ਤੋਂ ਪ੍ਰੇਰਨਾ ਲੈਣਗੇ ਅਤੇ ਇਸ ਤੋਂ ਵੀ ਵਧੀਆ ਨਤੀਜੇ ਹਾਸਲ ਕਰਨਗੇ। ਉਨ੍ਹਾਂ ਨੇ ਇਸ ਇੰਸਟੀਚਿਊਟ ਵੱਲੋਂ ਸ਼ੁਰੂ ਕੀਤੇ ਨਵੇਂ ਉਪਰਾਲੇ ‘ਕੈਡੇਟ ਟਰੇਨਿੰਗ ਵਿੰਗਜ਼’ ਸਕੀਮ ਅਧੀਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੇ ਟਰੇਨਰ ਚੁਣੇ ਗਏ ਸਕੂਲਾਂ ਦਾ ਦੌਰਾ ਕਰਨਗੇ ਅਤੇ ਉੱਥੇ ‘ਕੈਡੇਟ ਟਰੇਨਿੰਗ ਵਿੰਗਜ਼’ ਸਥਾਪਤ ਕਰ ਕੇ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ ਸਿਖਲਾਈ ਦੇਣਗੇ। ਪੰਜਾਬ ਸਰਕਾਰ ਨੇੜ ਭਵਿੱਖ ਵਿੱਚ ਇਕ ਅਜਿਹਾ ਇੰਸਟੀਚਿਊਟ ਹੁਸ਼ਿਆਰਪੁਰ ਵਿੱਚ ਵੀ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।
(ਬਾਕਸ ਆਈਟਮ)
ਜਨਰਲ ਗਰੇਵਾਲ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਅਪਰੈਲ 2020 ਤੋਂ ਸ਼ੁਰੂ ਹੋ ਰਹੇ ਕੋਰਸ ਲਈ ਦਾਖ਼ਲਾ ਪ੍ਰਕਿਰਿਆ ਚੱਲ ਰਹੀ ਹੈ। ਚਾਹਵਾਨ ਉਮੀਦਵਾਰ ਪ੍ਰਵੇਸ਼ ਪ੍ਰੀਖਿਆ ਲਈ 3 ਜਨਵਰੀ ਤੱਕ ਬਿਨੈ ਕਰ ਸਕਦੇ ਹਨ ਅਤੇ ਪ੍ਰੀਖਿਆ 19 ਜਨਵਰੀ 2020 ਨੂੰ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਐਨਡੀਏ ਰਾਹੀਂ ਹਥਿਆਰਬੰਦ ਦਸਤਿਆਂ ਵਿੱਚ ਸ਼ਾਮਲ ਹੋਣ ਲਈ ਸਿਖਲਾਈ ਦੇਣ ਲਈ ਇਹ ਸੰਸਥਾ ਸਥਾਪਿਤ ਕੀਤੀ ਸੀ, ਜਿਸ ਵਿੱਚ ਪਹਿਲਾ ਬੈਚ 2011 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਸਿਖਲਾਈ 2013 ਵਿੱਚ ਮੁਕੰਮਲ ਹੋਈ। ਜਨਵਰੀ 2013 ਤੋਂ ਹੁਣ ਤੱਕ ਇਸ ਇੰਸਟੀਚਿਊਟ ਦੇ 134 ਕੈਡਟ ਐਨਡੀਏ ਤੇ ਫੌਜ ਦੀਆਂ ਹੋਰ ਅਕੈਡਮੀਆਂ ਨਾਲ ਜੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਮੌਜੂਦਾ ਸਮੇਂ ਚੱਲ ਰਹੇ ਅੱਠਵੇਂ ਕੋਰਸ ਦੇ 37 ਕੈਡਟ ਐਨਡੀਏ ਲਈ ਯੂਪੀਐਸਸੀ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਹੁਣ ਉਹ ਜਲਦੀ ਹੀ ਇੰਟਰਵਿਊ ਦੇ ਗੇੜ ’ਚੋਂ ਲੰਘਣਗੇ। ਇਸ ’ਚੋਂ ਸਫ਼ਲ ਹੋਣ ਵਾਲੇ ਵਿਦਿਆਰਥੀ ਸਾਲ 2020 ਜੂਨ ਵਿੱਚ ਐਨਡੀਏ ਵਿੱਚ ਸ਼ਾਮਲ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…