nabaz-e-punjab.com

ਪੰਜਾਬੀ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਜੀ ਦੇ ਨਾਂ ’ਤੇ ਚੇਅਰ ਸਥਾਪਿਤ ਕੀਤੀ ਜਾਵੇਗੀ: ਰਾਜਪਾਲ ਬਦਨੌਰ

ਮਹਾਰਾਣਾ ਪ੍ਰਤਾਪ ਨੇ ਸਾਮਰਾਜੀ ਤਾਕਤਾਂ ਨਾਲ ਲੜਾਈ ਲੜ ਕੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ: ਰਾਣਾ ਕੇਪੀ ਸਿੰਘ

ਮਹਾਨ ਦੇਸ਼ ਭਗਤ ਤੇ ਵੀਰ ਯੋਧੇ ਮਹਾਰਾਣਾ ਪ੍ਰਤਾਪ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ: ਸਿੱਧੂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ
ਮਹਾਨ ਰਾਜਪੂਤ, ਕੁਸ਼ਲ ਰਣਨੀਤੀਕਾਰ ਅਤੇ ਵੀਰ ਯੋਧਾ ਮਹਾਰਾਣਾ ਪ੍ਰਤਾਪ ਜੀ ਦੇ ਨਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ। ਜਿਸ ਨਾਲ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਅਤੇ ਫਲਸਫੇ ਤੇ ਅਧਾਰਿਤ ਹੋਰ ਖੋਜਾਂ ਨੂੰ ਬੜਾਵਾ ਮਿਲੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਰਾਇਲ ਬੈਂਕੁਇੰਟ ਹਾਲ (ਸਵਾੜਾ) ਐਸ.ਏ.ਐਸ. ਨਗਰ ਵਿਖੇ ਮਹਾਰਾਣਾ ਪ੍ਰਤਾਪ ਜੀ ਦੇ 477ਵੇਂ ਜਨਮ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜਪਾਲ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਇੱਕ ਮਹਾਨ ਦੇਸ ਭਗਤ ਅਤੇ ਵੀਰ ਯੋਧਾ ਸੀ। ਜਿਸ ਨੇ ਮੁਗਲ ਰਾਜ ਦੇ ਖਾਤਮੇ ਲਈ ਅਕਬਰ ਨਾਲ ਲੋਹਾ ਲਿਆ ਅਤੇ ਮੁਗਲਾਂ ਵਿਰੁੱਧ ਪਹਿਲੀ ਵਾਰ ਗੁਰੀਲਾ ਯੁੱਧ ਦੀ ਸੁਰੂਆਤ ਕੀਤੀ। ਜਿਸ ਨਾਲ ਮਹਾਰਾਣਾ ਪ੍ਰਤਾਪ ਨੂੰ ਮੁਗਲਾਂ ਵਿਰੁੱਧ ਵੱਡੀ ਸ਼ਕਤੀ ਮਿਲੀ ਅਤੇ ਮੁਗਲਾਂ ਦੇ ਮੇਵਾੜ ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਚਕਨਾਚੂਰ ਕੀਤਾ।
ਉਨ੍ਹਾਂ ਕਿਹਾ ਕਿ ਇਸ ਮਹਾਨ ਵੀਰ ਯੋਧੇ ਦੇ ਜੀਵਨ ਅਤੇ ਫਲਸਫ਼ੇ ਨੂੰ ਸਮੁੱਚੇ ਭਾਰਤ ਵਿੱਚ ਜਾਣੂ ਕਰਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਰ ਮਜਬੂਤੀ ਨਾਲ ਭਰਿਆ ਜਾ ਸਕੇ। ਉਨ੍ਹਾਂ ਹੋਰ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਦੀ ਚੇਅਰ ਸਥਾਪਿਤ ਹੋਣ ਨਾਲ ਇਤਿਹਾਸਕ ਖੋਜ ਕੰਮਾਂ ਲਈ ਪੰਜਾਬ ਦੇ ਪ੍ਰੋਫੈਸਰ ਰਾਜਸਥਾਨ ਜਾ ਸਕਣਗੇ ਅਤੇ ਰਾਜਸਥਾਨ ਤੋਂ ਪ੍ਰੋਫੈਸਰ ਪੰਜਾਬ ਆ ਸਕਣਗੇ। ਉਨ੍ਹਾਂ ਹੋਰ ਕਿਹਾ ਕਿ ਰਾਜਸਥਾਨ ਅਤੇ ਪੰਜਾਬ ਦਾ ਆਪਸੀ ਗੂੜਾ ਰਿਸਤਾ ਅਤੇ ਇਸ ਦਾ ਸੱਭਿਆਚਾਰਕ ਵਿਰਸਾ ਵੀ ਸੁਮੇਲ ਵਾਲਾ ਹੈ। ਇੱਥੋਂ ਤੱਕ ਕਿ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਲੜਾਈਆਂ ਵੀ ਇਨ੍ਹਾਂ ਦੋਵੇਂ ਰਾਜਾਂ ਦੇ ਯੋਧਿਆਂ ਵੱਲੋਂ ਲੜ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਵੱਡਾ ਯੋਗਦਾਨ ਪਾਇਆ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ ਮਹਾਰਾਣਾ ਪ੍ਰਤਾਪ ਜੀ ਦੀ ਜੈਯੰਤੀ ਵੱਡੇ ਪੱਧਰ ਤੇ ਮਨਾਉਣ ਲਈ ਪੰਜਾਬ ਸੂਬਾ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਹਰੇਕ ਜ਼ਿਲ੍ਹੇ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਦੀ ਲੋੜ ਹੈ ਤਾਂ ਜੋ ਮਹਾਰਾਣਾ ਪ੍ਰਤਾਪ ਜੀ ਦੇ ਆਦਰਸ਼ ਜੀਵਨ ਤੋਂ ਨਵੀਂ ਪੀੜ੍ਹੀ ਸੇਧ ਲੈ ਸਕੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਨੇ ਸਾਮਰਾਜੀ ਤਾਕਤਾਂ ਨਾਲ ਟੱਕਰ ਲੈ ਕੇ ਦੇਸ਼ ਦੀ ਆਜਾਦੀ ਦਾ ਮੁੱਢ ਬੰਨਿਆ। ਉਨ੍ਹਾਂ ਕਿਹਾ ਕਿ ਉਨਾਂ ਵੱਲੋਂ ਮੁਗਲਾਂ ਵਿਰੁੱਧ ਪਹਿਲੀ ਵਾਰ ਆਰੰਭੀ ਗੁਰੀਲਾ ਯੁੱਧ ਦੇ ਹਾਂ ਪੱਖੀ ਸਿੱਟੇ ਨਿਕਲੇ ਜਿਸ ਨੇ ਮੁਗਲ ਬਾਦਸ਼ਾਹ ਅਕਬਰ ਦੇ ਮੇਵਾੜ ਤੇ ਕਬਜਾ ਕਰਨ ਦੇ ਮਨਸੂਬੇ ਸਫਲ ਨਾ ਹੋਣ ਦਿੱਤੇ ਅਤੇ ਮਨੁੱਖਤਾ ਦਾ ਸ਼ੋਸਣ ਨਹੀ ਹੋਣ ਦਿੱਤਾ ਅਤੇ ਉਸ ਵੇਲੇ ਪ੍ਰਚੱਲਿਤ ਗੁਲਾਮ ਬਣਾਏ ਜਾਣ ਦੀ ਪ੍ਰਥਾ ਨੂੰ ਠੱਲ ਪਾ ਕੇ, ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਜਿਹੇ ਮਹਾਨ ਵਿਅਕਤੀ ਸਨ। ਜਿਹੜੇ ਕਿ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਸਨ। ਜਿਸ ਨਾਲ ਮਾਨਵ ਏਕਤਾ ਨੂੰ ਬੜਾਵਾ ਮਿਲਿਆ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਂ ਸਰੋਤ ਹੈ।
ਰਾਣਾ ਕੇ.ਪੀ. ਸਿੰਘ ਨੇ ਇਸ ਮੌਕੇ ਰਾਜਪਾਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਜੀ ਦੇ ਨਾਂ ਤੇ ਚੇਅਰ ਸਥਾਪਿਤ ਕਰਨ ਦੇ ਵਿਸ਼ੇਸ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਮੰਗ ਲੰਮੇ ਚਿਰਾਂ ਤੋਂ ਕੀਤੀ ਜਾ ਰਹੀ ਸੀ ਜਿਸਨੂੰ ਕਿ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਨਾਲ ਸਬੰਧਿਤ ਬਹੁਤ ਸਾਰੇ ਅਣਛੂਹੇ ਪਹਿਲੂਆਂ ਨੂੰ ਉਜਾਗਰ ਕਰਨ ਦੀ ਲੋੜ ਹੈ। ਉਨ੍ਹਾਂ ਹੋਰ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਆਪਣੀ ਸਾਰੀ ਜਿੰਦਗੀ ਲੋਕ ਅਰਪਿਤ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸਕਾਰਾਂ ਵੱਲੋਂ ਅਕਬਰ ਨੂੰ ਮਹਾਨ ਲਿਖਿਆ ਗਿਆ ਜਦਕਿ ਜੂਲਮ ਦਾ ਟਾਕਰਾ ਕਰਨ ਵਾਲੇ ਮਹਾਰਾਣਾ ਪ੍ਰਤਾਪ ਜੀ ਵਰਗੇ ਵੀ ਮਹਾਨ ਹੁੰਦੇ ਹਨ। ਜਿਨ੍ਹਾਂ ਦਾ ਫੈਸਲਾ ਇਤਿਹਾਸਕਾਰਾਂ ਨੇ ਕਰਨਾ ਹੁੰਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਹਾਨ ਦੇਸ਼ ਭਗਤ ਅਤੇ ਵੀਰ ਯੋਧੇ ਮਹਾਰਾਣਾ ਪ੍ਰਤਾਪ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਜਿਨ੍ਹਾਂ ਨੇ ਦੇਸ਼ ਨੂੰ ਮੁਗਲਾਂ ਤੋਂ ਅਜਾਦ ਕਰਾਉਣ ਲਈ ਮੁਗਲਾਂ ਵਿਰੁੱਧ ਜਹਾਦ ਛੇੜਿਆ ਅਤੇ ਮੁਗਲਾਂ ਨਾਲ ਲੜਾਈ ਲੜੀ। ਉਨ੍ਹਾਂ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਈਆਂ ਸ਼ਖਸੀਅਤਾਂ ਨੂੰ ਜੀ ਆਇਆਂ ਵੀ ਆਖਿਆ। ਸਮਾਗਮ ਨੂੰ ਰਾਜਸਥਾਨ ਦੇ ਸਮਾਜ ਸੇਵੀ ਅਸ਼ੋਕ ਸਿੰਘ, ਪ੍ਰਧਾਨ ਅਖਿਲ ਭਾਰਤੀਯ ਪ੍ਰਤਾਪ ਸੇਵਾ ਸੰਘ ਰਾਜਸਥਾਨ ਸ੍ਰੀ ਰਾਓ ਮਨੋਹਰ ਸਿੰਘ ਕ੍ਰਿਸਨਾਵੱਤ, ਰਾਣਾ ਹਰਿੰਦਰ ਸਿੰਘ ਪ੍ਰਧਾਨ ਆਲ ਇੰਡੀਆ ਕਸ਼ਤਰੀਯ ਮਹਾਂਸਭਾ ਪੰਜਾਬ ਨੇ ਸੰਬੋਧਨ ਕੀਤਾ ਅਤੇ ਪ੍ਰੋਫੈਸਰ ਸੁਮਿਤਾ ਕਟੌਚ ਸਰਕਾਰੀ ਕਾਲਜ ਡੇਰਾਬਸੀ ਅਤੇ ਪ੍ਰੋਫੈਸਰ ਕੁਲਵਿੰਦਰ ਕੌਰ ਗੋਰਮਿੰਟ ਕਾਲਜ ਮੁਹਾਲੀ ਨੇ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।
ਸਮਾਗਮ ਵਿੱਚ ਐਮ.ਐਲ.ਏ. ਬਸੀ ਪਠਾਣਾ ਸ੍ਰ: ਜੀ.ਪੀ. ਸਿੰਘ ਐਮ.ਐਲ.ਏ. ਫਿਰੋਜਪੁਰ, ਸ੍ਰੀਮਤੀ ਸਤਿਕਾਰ ਕੌਰ ਗਿੱਲ, ਐਮ.ਐਲ.ਏ. ਸੁਰਜੀਤ ਸਿੰਘ ਧੀਮਾਨ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦਾ ਸ਼ਰਮਾ ਮੱਛਲੀ ਕਲਾਂ, ਜੇ.ਜੇ. ਸਿੰਘ ਰਾਵਲ, ਜਸਟਿਸ ਰਘਬੀਰ ਸਿੰਘ ਰਾਠੌਰ, ਮੈਂਬਰ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ, ਹਰਿੰਦਰ ਸਿੰਘ ਮੰਡੇਰ, ਡੀ.ਆਈ.ਜੀ. ਰੂਪਨਗਰ ਰੇਂਜ ਬਾਬੂ ਲਾਲ ਮੀਨਾ, ਪ੍ਰਮੁੱਖ ਸਕੱਤਰ/ਰਾਜਪਾਲ ਸ੍ਰੀ ਐਮ.ਪੀ. ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਵਧੀਕ ਡਾਇਰੈਕਟਰ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਪੰਜਾਬ, ਸ੍ਰੀ ਓਪਿੰਦਰ ਸਿੰਘ ਲਾਂਬਾ, ਕਾਂਗਰਸੀ ਆਗੂ ਜਸਪਾਲ ਸਿੰਘ ਜੀਰਕਪੁਰ,ਗੁਰਪ੍ਰੀਤ ਸਿੰਘ ਸਿੱਧੁ, ਗੁਰਪ੍ਰੀਤ ਸਿੰਘ ਗਿੱਲ, ਸਮੇਤ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਅਤੇ ਰਾਜਸਥਾਨ (ਮੇਵਾੜ) ਤੋਂ ਆਏ ਪੰਤਵੰਤੇ ਵੀ ਮੌਜੂਦ ਸਨ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਮੁਹਮੰਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਨਾਰਥ ਜੋਨ ਕਲਚਰ ਸੈਂਟਰ ਵੱਲੋਂ ਰਾਜਸਥਾਨ ਦੇ ਕਲਾਕਾਰ ਪ੍ਰੇਮ ਭੰਡਾਰੀ ਗਰੁੱਪ ਅਤੇ ਸ੍ਰੀ ਮਾਧਵ ਡਾਰਕ ਵੱਲੋਂ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਤੇ ਅਧਾਰਿਤ ਵੀਰ ਗਾਥਾਵਾਂ ਵੀ ਪੇਸ਼ ਕੀਤੀਆਂ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…