ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਗਰੀਬਾਂ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਬੇਹੱਦ ਸਹਾਈ ਹੋਵੇਗੀ: ਡੀਸੀ

ਲੋੜਵੰਦ ਲਾਭਪਾਤਰੀਆਂ ਲਈ ਸਰਕਾਰ ਦੀਆਂ ਬਣਾਈਆਂ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ’ਤੇ ਪਹੁੰਚਾਇਆ ਜਾਵੇਗਾ:

ਪਿੰਡ ਰੁੜਕਾ ਵਿੱਚ ਆਮ ਇਜਲਾਸ ਬੁਲਾ ਕੇ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਕੀਤੀ ਸਰਵੇ ਦੀ ਰਸਮੀ ਸ਼ੁਰੂਆਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਅਹਿਮ ਪ੍ਰਜੈਕਟ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਹਰੇਕ ਲੋੜਵੰਦ ਲਾਭਪਾਤਰੀ ਨੂੰ ਲਾਭ ਹੋਵੇਗਾ, ਇਸ ਪ੍ਰੋਜੈਕਟ ਅਧੀਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਦਾ ਵਿਆਪਕ ਸਰਵੇ 15 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਦੇ ਪਿੰਡ ਰੁੜਕਾ ਵਿਖੇ ਪਿੰਡ ਦਾ ਆਮ ਇਜਲਾਸ ਸੱਦ ਕੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸਰਵੇ ਦੀ ਰਸਮੀ ਸ਼ੁਰੂਆਤ ਕਰਨ ਉਪਰੰਤ ਪਿੰਡ ਦੇ ਆਮ ਇਜਲਾਸ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਇਸ ਪਿੰਡ ਸਮੇਤ ਬੂਥਗੜ੍ਹ ਅਤੇ ਸਤਾਬਗੜ੍ਹ ਤੋਂ ਵੀ ਇਹ ਸਰਵੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਜਾਵੇਗਾ ਅਤੇ ਬਾਅਦ ਵਿਚ ਜ਼ਿਲ੍ਹੇ ਦੇ ਮੁਕਮੰਲ 350 ਪਿੰਡਾਂ ਵਿਚ ਸਰਵੇ ਦੀ ਸ਼ੁਰੂਆਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਗਰੀਬਾਂ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਹਰੇਕ ਲੋੜਵੰਦ ਲਾਭਪਾਤਰੀ ਤੱਕ ਪਹੁੰਚਾਇਆ ਜਾਵੇਗਾ, ਕਿਉਂਕਿ ਅਜੇ ਵੀ ਪਿੰਡਾਂ ਵਿਚ ਵਸਦੇ ਲੋੜਵੰਦ ਅਤੇ ਗਰੀਬ ਲੋਕ ਅਜਿਹੇ ਹਨ ਜਿਹੜ੍ਹੇ ਸਰਕਾਰ ਵੱਲੋਂ ਬਣਾਈਆਂ ਜਾਂਦੀਆਂ ਸਕੀਮਾਂ ਪ੍ਰਤੀ ਜਾਗਰੂਕ ਨਹੀਂ ਹੁੰਦੇ ਅਤੇ ਉਹ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਿੰਡ ਦਾ ਆਮ ਇਜਲਾਸ ਸੱਦਕੇ ਹਰੇਕ ਘਰ ਦੇ ਮੈਂਬਰਾਂ ਦੀ ਮੁਕੰਮਲ ਜਾਣਕਾਰੀ ਅਤੇ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦੇ ਮਿਲ ਰਹੇ ਲਾਭ ਦਾ ਡਾਟਾ ਇਕੱਤਰ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਲੋੜਵੰਦ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹੇ ਅਤੇ ਅਯੋਗ ਵਿਆਕਤੀ ਲਾਭ ਨਾ ਲੈ ਸਕੇ। ਉਨ੍ਹਾਂ ਆਮ ਇਜਲਾਸ ਵਿਚ ਇੱਕਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਇਜਲਾਸ ਦੌਰਾਨ ਕਿਸੇ ਵੀ ਲਾਭਪਾਤਰੀ ਪ੍ਰਤੀ ਗਲਤ ਜਾਣਕਾਰੀ ਨਾ ਦਿੱਤੀ ਜਾਵੇ ਕਿਉਂਕਿ ਵਾਰ ਵਾਰ ਸਰਵੇ ਕਰਨ ਨਾਲ ਸਰਕਾਰ ਵੱਲੋਂ ਸੁਰੂ ਕੀਤੀਆਂ ਸਕੀਮਾਂ ਨੂੰ ਅਮਲੀ ਜਾਮਾਂ ਪਹਿਨਾਉਣ ਚ ਦੇਰੀ ਹੁੰਦੀ ਹੈ।
ਸ੍ਰੀਮਤੀ ਸਪਰਾ ਨੇ ਕਿਹਾ ਕਿ ਆਮ ਇਜਲਾਸ ਵਿੱਚ ਅਫ਼ਸਰਾਂ ਨਾਲ ਵੀ ਸਿੱਧਾ ਰਾਬਤਾ ਹੋ ਜਾਂਦਾ ਹੈ, ਜਿਸ ਨਾਲ ਮੁਸ਼ਕਲਾਂ ਦਾ ਹੱਲ ਵੀ ਜਲਦੀ ਹੁੰਦਾ ਹੈ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਘਰਾਂ ਦੇ ਨਾਲ ਨਾਲ ਪਿੰਡ ਦੀ ਅਤੇ ਆਪਣੇ ਆਲੇ ਦੁਆਲੇ ਦੀ ਸਾਫ-ਸਫਾਈ ਨੂੰ ਵੀ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਤਾਂ ਜੋ ਬਿਮਾਰੀਆਂ ਤੋਂ ਮੁਕਤ ਹੋਣਾ ਸੰਭਵ ਹੋ ਸਕੇ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਇਜਲਾਸ ਵਿਚ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ ਤਾਂ ਜੋ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਬਾਰੇ ਸਹੀ ਤੇ ਮੁਕੰਮਲ ਜਾਣਕਾਰੀ ਇਕੱਤਰ ਕੀਤੀ ਜਾ ਸਕੇ ਅਤੇ ਲੋੜਵੰਦ ਲਾਭਪਾਤਰੀ ਸਰਕਾਰ ਦੀਆਂ ਸਕੀਮਾਂ ਦਾ ਭਵਿੱਖ ਵਿਚ ਵੀ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਸਰਵੇ ਲਈ ਪਿੰਡ ਪੱਧਰ ਤੇ ਕਮੇਟੀਆ ਦਾ ਗਠਨ ਵੀ ਕੀਤਾ ਜਾਵੇਗਾ ਅਤੇ ਸਬ ਡਵੀਜ਼ਨ ਪੱਧਰ ਤੇ ਇਸ ਸਰਵੇ ਦੇ ਇੰਚਾਰਜ ਸਬੰਧਿਤ ਐਸ.ਡੀ.ਐਮ. ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਇੱਕ ਸ਼ਲਾਘਾ ਯੋਗ ਕਦਮ ਚੁੱਕਿਆ ਗਿਆ ਹੈ। ਇਸ ਸਕੀਮ ਅਧੀਨ ਕੀਤੇ ਜਾਣ ਵਾਲੇ ਸਰਵੇ ਨਾਲ ਲੋੜਵੰਦ ਲਾਭਪਾਤਰੀਆਂ ਬਾਰੇ ਸਹੀ ਜਾਣਕਾਰੀ ਇਕੱਤਰ ਹੋਵੇਗੀ ਅਤੇ ਉਨ੍ਹਾਂ ਨੁੰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਅਧੀਨ ਲਾਭ ਪਹੁੰਚਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਤੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਸਕੀਮਾਂ ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 5 ਮਰਲੇ ਦਾ ਪਲਾਟ ਦੇਣ, ਬੁਢਾਪਾ ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ, ਸਿਹਤ ਬੀਮਾ ਯੋਜਨਾ, ਆਟਾ ਦਾਲ ਸਕੀਮ, ਸਵੱਛ ਭਾਰਤ ਮਿਸ਼ਨ ਅਧੀਨ ਹਰ ਘਰ ਵਿਚ ਪਾਖਾਨਾ ਬਣਾਉਣਾ, ਮਗਨਰੇਗਾ ਸਕੀਮ ਅਧੀਨ ਰੁਜਗ਼ਾਰ ਮੁਹੱਈਆ ਕਰਾਉਣਾ, ਐਸ.ਤੇ ਬੀ. ਸੀ ਲਈ ਘੱਟ ਵਿਆਜ਼ ਦੀ ਦਰ ਤੇ ਕਰਜ਼ੇ, ਸਰਵ ਸਿੱਖਿਆ ਅਭਿਆਨ, ਰਾਹਤ ਤੇ ਪੁਨਰਵਾਸ ਵਰਗੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੁੰ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਪੌਦਾ ਵੀ ਲਗਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਗਰਗ, ਐਸ.ਡੀ.ਐਮ ਡਾ.ਆਰ.ਪੀ. ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਆਰੋੜਾ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸੁਖਮਿੰਦਰ ਸਿੰਘ ਪੰਧੇਰ, ਤਹਿਸੀਲਦਾਰ ਪੀ.ਐਸ. ਬਰਾੜ, ਐਸ.ਐਮ.ਘੜੂੰਆਂ ਡਾ. ਕੁਲਜੀਤ ਕੌਰ, ਡਿਪਟੀ ਡੀ.ਈ.ਓ (ਸੈ) ਸ੍ਰੀਮਤੀ ਰਵਿੰਦਰ ਕੌਰ, ਡਿਪਟੀ ਡੀ.ਈ.ਓ (ਅ) ਡੇ.ਜੀ., ਸੀ.ਡੀ.ਪੀ.ਓ ਖਰੜ-2 ਸ੍ਰੀਮਤੀ ਅਰਵਿੰਦਰ ਕੌਰ, ਏ.ਐਨ.ਐਮ ਰਾਜਵਿੰਦਰ ਕੌਰ, ਸਰਪੰਚ ਜਸਵਿੰਦਰ ਕੌਰ, ਨੰਬਰਦਾਰ ਕਵੰਲਜੀਤ ਸਿੰਘ, ਪੰਚ ਕਰਮਦੀਪ ਸਿੰਘ, ਹਰਨੇਕ ਸਿੰਘ, ਜਗਜੀਤ ਸਿੰਘ, ਰਣਜੀਤ ਕੌਰ ਰਿਲੂ ਰਾਮ, ਸਾਬਕਾ ਪੰਚ ਦਰੋਗਾ ਰਾਮ ਚਾਂਦੀਪੁਰ, ਜਸਪਾਲ ਸਿੰਘ, ਦੀਦਾਰ ਸਿੰਘ, ਹਰਜੀਤ ਸਿੰਘ ਸਮੇਤ ਪਿੰਡ ਦੇ ਵੱਡੀ ਗਿਣਤੀ ਵਿੱਚ ਅੌਰਤਾਂ ਤੇ ਮਰਦ ਆਮ ਇਜਲਾਸ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…