nabaz-e-punjab.com

ਲੇਡੀਜ਼ ਬਾਥਰੂਮ ਵਿੱਚ ਕੈਦੀ ਦੀ ਮੁਲਾਕਾਤ ਦਾ ਮਾਮਲਾ: ਹੌਲਦਾਰ ਮਹਿੰਦਰ ਸਿੰਘ ਮੁਅੱਤਲ, ਵਿਭਾਗੀ ਜਾਂਚ ਸ਼ੁਰੂ

ਪੁਲੀਸ ਦੀ ਪਹਿਰੇਦਾਰੀ ਵਿੱਚ ਹੋਇਆ ਲੇਡੀਜ਼ ਬਾਥਰੂਮ ਵਿੱਚ ਪਤੀ ਪਤਨੀ ਦਾ ਮਿਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਇੱਥੋਂ ਦੇ ਸੈਕਟਰ-76 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਲੇਡੀਜ਼ ਬਾਥਰੂਮ ਵਿੱਚ ਪੇਸ਼ੀ ਭੁਗਤਣ ਆਏ ਇੱਕ ਕੈਦੀ ਵੱਲੋਂ ਪੁਲੀਸ ਦੀ ਮਿਲੀਭੁਗਤ ਨਾਲ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਪ੍ਰੇਮ ਲੀਲਾ ਰਚਾਉਣ ਦੇ ਮਾਮਲੇ ਵਿੱਚ ਅਦਾਲਤੀ ਹਵਾਲਾਤ ਦੀ ਗਾਰਦ ਵਿੱਚ ਤਾਇਨਾਤ ਹੌਲਦਾਰ ਮਹਿੰਦਰ ਸਿੰਘ ਨੂੰ ਮੁਅੱਤਲ ਕਰਕੇ ਪੁਲੀਸ ਮੁਲਾਜ਼ਮ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 21 ਨਵੰਬਰ ਨੂੰ ਮੁਹਾਲੀ ਏਅਰਪੋਰਟ ਸੜਕ ’ਤੇ ਟੀਡੀਆਈ ਸਿਟੀ ਨੇੜੇ ਉਕਤ ਮੁਲਾਜ਼ਮ ਨੇ ਚੈਕਿੰਗ ਦੀ ਆੜ ਵਿੱਚ ਸੜਕ ਤੋਂ ਲੰਘ ਰਹੇ ਮੋਟਰ ਚਾਲਕ ਦੇ ਸਿਰ ਵਿੱਚ ਡੰਡਾ ਮਾਰਿਆ ਸੀ। ਜਿਸ ਕਾਰਨ ਪਿੱਛੇ ਬੈਠੇ ਰਾਕੇਸ਼ ਕੁਮਾਰ ਦੀ ਅੱਖ ’ਤੇ ਸੱਟ ਲੱਗੀ ਸੀ ਅਤੇ ਪੀੜਤ ਨੌਜਵਾਨਾਂ ਦੇ ਸਮਰਥਕਾਂ ਅਤੇ ਹੋਰ ਰਾਹਗੀਰਾਂ ਨੇ ਚੱਕਾ ਜਾਮ ਕਰਕੇ ਮੁਹਾਲੀ ਪੁਲੀਸ ਦਾ ਪਿੱਟ ਸਿਆਪਾ ਕੀਤਾ ਸੀ। ਜਿਸ ਕਾਰਨ ਹੌਲਦਾਰ ਮਹਿੰਦਰ ਸਿੰਘ ਨੂੰ ਪੀਸੀਆਰ ਡਿਊਟੀ ਤੋਂ ਹਟਾ ਕੇ ਜ਼ਿਲ੍ਹਾ ਅਦਾਲਤ ਵਿੱਚ ਬਖ਼ਸ਼ੀਖਾਨੇ ਦੀ ਸੁਰੱਖਿਆ ਲਈ ਗਾਰਦ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਸੀ ਅਤੇ ਇੱਥੇ ਵੀ ਹੌਲਦਾਰ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਦੂਜਾ ਚੰਨ ਚਾੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 28 ਨਵੰਬਰ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤਣ ਆਇਆ ਸੀ। ਜੇਲ੍ਹ ਵਾਹਨ ’ਚੋਂ ਉਤਾਰ ਕੇ ਕੈਦੀ ਨੂੰ ਅਦਾਲਤ ਦੇ ਅੰਦਰ ਬਖ਼ਸ਼ੀਖਾਨੇ ਵਿੱਚ ਰੱਖਿਆ ਗਿਆ ਸੀ। ਉੱਥੇ ਹੋਰ ਵੀ ਕੈਦੀ ਪੇਸ਼ੀ ਭੁਗਤਣ ਲਈ ਆਏ ਹੋਏ ਸੀ। ਇਸ ਦੌਰਾਨ ਕੈਦੀ ਦੀ ਪਤਨੀ ਨੇ ਪੁਲੀਸ ਦੀ ਇਜਾਜ਼ਤ ਨਾਲ ਆਪਣੇ ਪਤੀ ਨਾਲ ਮੁਲਾਕਾਤ ਕੀਤੀ। ਉੱਥੇ ਉਨ੍ਹਾਂ ਨੇ ਆਪਸ ਵਿੱਚ ਕੁੱਟ ਗਿੱਟ ਮਿੱਟ ਕਰਨ ਮਗਰੋਂ ਕੈਦੀ ਦੀ ਪਤਨੀ ਬਾਥਰੂਮ ਵਿੱਚ ਚਲੀ ਗਈ। ਥੋੜ੍ਹੀ ਦੇਰ ਬਾਅਦ ਹੀ ਕੈਦੀ ਨੇ ਵੀ ਬਾਥਰੂਮ ਜਾਣ ਦੀ ਇੱਛਾ ਪ੍ਰਗਟ ਕੀਤੀ। ਇਸ ਤਰ੍ਹਾਂ ਇੱਕ ਪੁਲੀਸ ਮੁਲਾਜ਼ਮ ਕੈਦੀ ਨੂੰ ਬਖਸ਼ੀਖਾਨੇ ’ਚੋਂ ਬਾਹਰ ਕੱਢ ਕੇ ਬਾਥਰੂਮ ਤੱਕ ਲੈ ਕੇ ਗਿਆ। ਹਾਲਾਂਕਿ ਹੌਲਦਾਰ ਖ਼ੁਦ ਬਾਥਰੂਮ ਦੇ ਬਾਹਰ ਖੜਾ ਸੀ ਲੇਕਿਨ ਕੈਦੀ ਪੁਰਸ਼ ਬਾਥਰੂਮ ਜਾਣ ਦੀ ਬਜਾਏ ਮਹਿਲਾ ਬਾਥਰੂਮ ਵਿੱਚ ਚਲਾ ਗਿਆ। ਜਿੱਥੇ ਉਸ ਦੀ ਪਤਨੀ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ।
ਇਸ ਦੌਰਾਨ ਅਦਾਲਤ ਦੀ ਇੱਕ ਮਹਿਲਾ ਮੁਲਾਜ਼ਮ ਵੀ ਬਾਥਰੂਮ ਲਈ ਉੱਥੇ ਪਹੁੰਚ ਗਈ। ਉਸ ਨੇ ਦੇਖਿਆ ਕਿ ਲੇਡੀਜ਼ ਬਾਥਰੂਮ ਦੀ ਅੰਦਰੋਂ ਕੁੰਡੀ ਬੰਦ ਸੀ। ਮਹਿਲਾ ਮੁਲਾਜ਼ਮ ਨੇ ਬੂਹਾ ਖੜਕਾ ਕੇ ਜਿਵੇਂ ਹੀ ਕੁੰਡੀ ਖੁੱਲ੍ਹਵਾਈ ਤਾਂ ਬਾਥਰੂਮ ’ਚੋਂ ਪਹਿਲਾਂ ਕੈਦੀ ਦੀ ਪਤਨੀ ਅਤੇ ਬਾਅਦ ਵਿੱਚ ਕੈਦੀ ਬਾਹਰ ਆਇਆ। ਮਹਿਲਾ ਮੁਲਾਜ਼ਮ ਨੇ ਇਹ ਸਾਰੀ ਗੱਲ ਜੱਜ ਨੂੰ ਦੱਸੀ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਅਤੇ ਅਦਾਲਤ ਵੱਲੋਂ ਐਸਐਸਪੀ ਨੂੰ ਹੌਲਦਾਰ ਵਿਰੁੱਧ ਬਣਦੀ ਕਾਰਵਾਈ ਲਈ ਆਖਿਆ ਗਿਆ। ਜਿਸ ਕਾਰਨ ਹੌਲਦਾਰ ਮਹਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…