nabaz-e-punjab.com

ਕਿਸਾਨਾਂ ਨੂੰ ਪੈਰਾਂ ’ਤੇ ਖੜ੍ਹਾ ਕਰਨਾ ਸਾਡੀ ਮੁੱਖ ਪਹਿਲ: ਨਵਜੋਤ ਸਿੱਧੂ

ਲਾਗਤਾਂ ਦੇ ਵਧਣ ਦੀ ਅਨੁਪਾਤ ਅਨੁਸਾਰ ਘੱਟੋ-ਘੱਟ ਸਮਰਥਨ ਮੱੁਲ ਵਿੱਚ ਵਾਧਾ ਹੋਵੇ

5 ਏਕੜ ਜ਼ਮੀਨ ਤੱਕ ਮਾਲਕੀ ਵਾਲੇ ਕਿਸਾਨਾਂ ਨੂੰ ਵੀ ਨਰੇਗਾ ਦੇ ਘੇਰੇ ਅੰਦਰ ਲਿਆਂਦਾ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਜੂਨ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨੀ ਕਰਜ਼ਿਆਂ ਦੇ ਪੱਕੇ ਹੱਲ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਪੈਰਾਂ ਸਿਰ ’ਤੇ ਖੜ੍ਹਾ ਕੀਤਾ ਜਾ ਸਕੇ। ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸੈਸ਼ਨ ਉਠਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸ੍ਰੀ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਪੈਰਾਂ ’ਤੇ ਖੜ੍ਹਾ ਕਰਨਾ ਸਾਡੀ ਸਰਕਾਰ ਦੀ ਮੁੱਖ ਪਹਿਲ ਹੈ ਅਤੇ ਇਸ ਦਿਸ਼ਾ ਵਿੱਚ ਮੁੱਖ ਮੰਤਰੀ ਜੀ ਵੱਲੋਂ ਟੀ.ਹੱਕ ਕਮੇਟੀ ਬਣਾਈ ਗਈ ਹੈ ਜੋ ਕਿਸਾਨੀ ਦੇ ਸੁਧਾਰ ਲਈ ਆਪਣੀ ਰਿਪੋਰਟ ਦੇਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਨਰੇਗਾ ਦੀ ਸੁਚੱਜੀ ਵਰਤੋਂ ਲਈ 5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਵੀ ਨਰੇਗਾ ਦੇ ਘੇਰੇ ਅੰਦਰ ਲਿਆਂਦਾ ਜਾਵੇ ਜਿਸ ਨਾਲ ਇਨ੍ਹਾਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਬਦਲੇ ਬਣਦੀ ਰਕਮ ਅਦਾ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਖੇਤੀ ਲਾਗਤਾਂ ਦੇ ਵਾਧੇ ਦੀ ਅਨੁਪਾਤ ਅਨੁਸਾਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬੀਤੇ ਕੁਝ ਵਰ੍ਹਿਆਂ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿਚ 3 ਗੁਣਾ ਵਾਧਾ ਹੋ ਸਕਦਾ ਹੈ ਤਾਂ ਘੱਟੋ ਘੱਟ ਸਮਰਥਨ ਮੁੱਲ ਵਿਚ ਕਿਉਂ ਨਹੀਂ। ਕਿਸਾਨਾਂ ਦੀ ਦਸ਼ਾ ਸੁਧਾਰਨ ਅਤੇ ਕਰਜ਼ਿਆਂ ਤੋਂ ਨਿਜਾਤ ਦਿਵਾਉਣ ਦੇ ਪੱੁਛੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਦੇ ਪੱਕੇ ਹੱਲ ਲਈ ਕੰਮ ਕਰ ਰਹੀ ਹੈ ਤਾਂ ਜੋ ਕਿਸਾਨਾਂ ਸਿਰ ਕਰਜ਼ਾ ਹੀ ਨਾ ਚੜ੍ਹੇ। ਉਨ੍ਹਾਂ ਕਿਸਾਨਾਂ ਦੀ ਬਿਹਤਰੀ ਲਈ ਆਪਣੇ ਵੱਲੋਂ ਕੁਝ ਨੁਕਤੇ ਸੁਝਾਉਂਦਿਆਂ ਕਿਹਾ ਕਿ ਕਰਜ਼ਾ ਦੇਣ ਵਾਲੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੋਵੇ, ਕਰਜ਼ਾ ਨਗਦ ਰਕਮ ਦੀ ਬਜਾਏ ਚੈਕ ਰਾਹੀਂ ਦਿੱਤਾ ਜਾਵੇ, ਕਿਸਾਨ ਵੱਲੋਂ ਲਏ ਕਰਜ਼ੇ ਦੀ ਮੂਲ ਰਕਮ ਤੋਂ ਦੋਗੁਣੀ ਤੋਂ ਵੱਧ ਰਕਮ ਕਿਸਾਨਾਂ ਵੱਲੋਂ ਨਾ ਅਦਾ ਕਰਨੀ ਪਵੇ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਹੋਵੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…