
ਪਰਾਲੀ ਦੀ ਸਾਂਭ-ਸੰਭਾਲ ਲਈ ਸਾਂਝੇ ਯਤਨਾਂ ਦੀ ਲੋੜ
ਏਡੀਸੀ ਨੇ ਅਧਿਕਾਰੀਆਂ, ਬੈਲਟ ਅਪਰੇਟਰਾਂ ਤੇ ਸਨਅਤਾਂ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਨਬਜ਼-ਏ-ਪੰਜਾਬ, ਮੁਹਾਲੀ, 5 ਅਗਸਤ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਰਾਲੀ ਦੀ ਸਾਂਭ-ਸੰਭਾਲ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਤਹਿਤ ਏਡੀਸੀ (ਵਿਕਾਸ) ਅਮਿਤ ਬੈਂਬੀ ਨੇ ਮੁੱਖ ਖੇਤੀਬਾੜੀ ਅਫ਼ਸਰ ਸਮੇਤ ਸਮੂਹ ਉਪ ਮੰਡਲ ਮੈਜਿਸਟਰੇਟ, ਡੀਡੀਪੀਓ/ਬੀਡੀਪੀਓ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਬੇਲਰ ਮਾਲਕਾਂ, ਇੰਡਸਟਰੀ ਦੇ ਪ੍ਰਤੀਨਿਧਾਂ ਅਤੇ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ/ਸੈਕਟਰੀਆਂ ਨਾਲ ਮੀਟਿੰਗ ਕੀਤੀ ਅਤੇ ਪਰਾਲੀ ਦੀ ਸੰਭਾਲ ਲਈ ਸਾਂਝੇ ਯਤਨ ਕਰਨ ’ਤੇ ਜ਼ੋਰ ਦਿੱਤ। ਉਨ੍ਹਾਂ ਝੋਨੇ ਦੀ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਲਈ ਲੋੜੀਂਦੀ ਮਸ਼ੀਨਰੀ ਬੇਲਰ ਅਤੇ ਰੈਕ ਦੀ ਵੱਧ ਤੋਂ ਵੱਧ ਸਬਸਿਡੀ ’ਤੇ ਖਰੀਦ ਨੂੰ ਯਕੀਨੀ ਬਣਾਉਣ ਲਈ ਚਰਚਾ ਕੀਤੀ।
ਮੀਟਿੰਗ ਵਿੱਚ ਹਾਜ਼ਰ ਸਹਿਕਾਰੀ ਸਭਾਵਾਂ ਦੇ ਸਕੱਤਰਾਂ/ਨਿਰੀਖਕਾਂ ਨੂੰ 15 ਅਗਸਤ ਤੱਕ 20 ਬੇਲਰ/ਰੈਕ ਮਸ਼ੀਨਾਂ ਲਈ ਅਰਜ਼ੀਆਂ ਦੇਣ ਅਤੇ ਸਰਕਾਰ ਵੱਲੋਂ ਸਬਸਿਡੀ ਦੀ ਰਾਸ਼ੀ ਵਧਾ ਕੇ 12 ਲੱਖ ਤੱਕ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਸਹਿਕਾਰੀ ਸਭਾਵਾਂ ਬਹੁਤ ਘੱਟ ਕੀਮਤ ’ਤੇ ਬੇਲਰ ਮਸ਼ੀਨਾਂ ਖ਼ਰੀਦ ਸਕਦੀਆਂ ਹਨ। ਏਡੀਸੀ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਰੰਗੀਆਂ ਅਤੇ ਕੁਲਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਹ ਇਸ ਸਾਲ ਮੁਹਾਲੀ ਜ਼ਿਲ੍ਹੇ ਦੇ ਲਗਪਗ 60 ਪਿੰਡਾਂ ’ਚੋਂ ਪਰਾਲੀ ਦੀਆਂ ਗੰਢਾਂ ਤਿਆਰ ਕਰਨਗੇ ਅਤੇ ਜੇਕਰ ਸਹਿਕਾਰੀ ਸਭਾਵਾਂ ਚਾਹੁਣ ਤਾਂ ਉਨ੍ਹਾਂ ਦੇ ਬੇਲਰ ਵੀ ਚਲਾ ਸਕਦੇ ਹਨ। ਬੇਲਰ ਅਪਰੇਟਰਾਂ ਨੇ ਪੰਚਾਇਤ ਵਿਭਾਗ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਕਟਾਈ ਦੇ ਸੀਜ਼ਨ ਦੌਰਾਨ ਘੱਟ ਤੋਂ ਘੱਟ ਪੰਜ ਕਿੱਲੋਮੀਟਰ ਪਿੱਛੇ ਪੰਜ ਤੋਂ 10 ਏਕੜ ਪੰਚਾਇਤੀ ਜ਼ਮੀਨ ਦਾ ਆਰਜ਼ੀ ਪ੍ਰਬੰਧ ਕਰਕੇ ਦੇਣ ਦੀ ਮੰਗ ਰੱਖੀ। ਜਿਸ ’ਤੇ ਏਡੀਸੀ (ਵਿਕਾਸ) ਨੇ ਬੀਡੀਪੀਓ ਨਾਲ ਤਾਲਮੇਲ ਕਰਕੇ ਜ਼ਮੀਨ ਪ੍ਰਾਪਤ ਕਰਨ ਲਈ ਸੁਝਾਅ ਦਿੱਤਾ।
ਮੀਟਿੰਗ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਡਾ. ਸੰਦੀਪ ਰਿਣਵਾ, ਮਸ਼ੀਨਰੀ ਸਬੰਧੀ ਸਕੀਮ ਦੇ ਨੋਡਲ ਅਫ਼ਸਰ ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਦਾਨਿਸ਼ ਕੁਮਾਰ, ਡਾ. ਗੁਰਪ੍ਰੀਤ ਸਿੰਘ ਮਾਜਰੀ, ਡੇਰਾਬੱਸੀ ਤੋਂ ਗੌਰਵ ਬਾਇਓਫਿਊਲ, ਨਾਚੀਕੇਤਾ ਪੇਪਰ ਮਿਲ ਦੇ ਪ੍ਰਤੀਨਿਧਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।