ਮਜੀਠੀਆ ਦੀ ਯੂਥ ਰੈਲੀ ਨੇ ਨੌਜਵਾਨਾਂ ਵਿੱਚ ਨਵਾਂ ਜੋਸ਼ ਭਰਿਆ: ਬੈਦਵਾਨ
ਪਰਵਿੰਦਰ ਬੈਦਵਾਨ, ਹਰਮਨਜੋਤ ਕੁੰਭੜਾ ਨੇ ਮੁਹਾਲੀ ਵਿੱਚ ਕੀਤਾ ਸ਼ਕਤੀ ਪ੍ਰਦਰਸ਼ਨ, ਵੱਡੇ ਕਾਫ਼ਲੇ ਨਾਲ ਰੈਲੀ ਵਿੱਚ ਪੁੱਜੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੱਜ ਜ਼ੀਰਕਪੁਰ ਵਿੱਚ ਹੋਈ ਵਿਸ਼ਾਲ ਯੂਥ ਰੈਲੀ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਨਵਾਂ ਜੋਸ਼ ਭਰ ਗਿਆ ਹੈ ਅਤੇ ਇਸ ਨਾਲ ਅਕਾਲੀ ਦਲ ੂ ਵਧੇਰੇ ਮਜ਼ਬੂਤੀ ਪ੍ਰਦਾਨ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਮੁਹਾਲੀ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਇੰਝ ਹੀ ਯੂਥ ਅਕਾਲੀ ਦਲ ਹਲਕਾ ਮੁਹਾਲੀ ਦੇ ਨਵਨਿਯੁਕਤ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਨੇ ਵੀ ਨੌਜਵਾਨਾਂ ਦੇ ਕਾਫ਼ਲੇ ਨਾਲ ਯੂਥ ਰੈਲੀ ਵਿੱਚ ਸ਼ਿਰਕਤ ਕੀਤੀ। ਇਹ ਦੋਵੇਂ ਨੌਜਵਾਨ ਆਗੂ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਵੱਡੇ ਕਾਫ਼ਲੇ ਵਿੱਚ ਯੂਥ ਰੈਲੀ ਵਿੱਚ ਪੁੱਜੇ।
ਇਸ ਮੌਕੇ ਸ੍ਰੀ ਪਰਵਿੰਦਰ ਬੈਦਵਾਨ ਨੇ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ, ਸਮਾਰਟ ਫੋਨ, ਕਰਜ਼ਾ ਮੁਆਫ਼ ਦੇ ਸੁਪਨੇ ਦਿਖਾ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨ ਕੈਪਟਨ ਸਰਕਾਰ ਦੀ ਵਾਅਦਾਖ਼ਿਲਾਫ਼ੀ ਦਾ ਲੋਕਾਂ ਸਭਾ ਚੋਣਾਂ ਵਿੱਚ ਹਿਸਾਬ ਲੈਣਗੇ।
ਇਸ ਤੋਂ ਪਹਿਲਾਂ ਹਲਕਾ ਮੁਹਾਲੀ ਦੇ ਪ੍ਰਧਾਨ ਹਰਮਨਜੋਤ ਕੁੰਭੜਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਲਦੀ ਹੀ ਜਨ ਸੰਪਰਕ ਮੁਹਿੰਮ ਵਿੱਢੀ ਜਾਵੇਗੀ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਵੀ ਨੌਜਵਾਨਾਂ ਨੂੰ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਬਲਾਕ ਸਮਿਤੀ ਦੇ ਮੈਂਬਰ ਅਵਤਾਰ ਸਿੰਘ ਮੌਲੀ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਬਲੌਂਗੀ, ਸਰਕਲ ਪ੍ਰਧਾਨ ਕਮਲਜੀਤ ਸਿੰਘ ਰੂਬੀ ਤੇ ਗੁਰਮੀਤ ਸਿੰਘ ਸ਼ਾਮਪੁਰ, ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਸਮੇਤ ਅਕਾਲੀ ਦਲ ਦੇ ਸਮੂਹ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।