Nabaz-e-punjab.com

ਦੁਸ਼ਹਿਰਾ ਗਰਾਉਂਡ ਫੇਜ਼-8 ਨੇੜੇ ਸੜਕ ਦੇ ਕਿਨਾਰੇ ਖੁੱਲ੍ਹਾ ਖੱਡਾ ਬਣ ਸਕਦਾ ਹੈ ਵੱਡੇ ਹਾਦਸੇ ਦਾ ਕਾਰਨ

ਡੀਸੀ ਦਫ਼ਤਰ ਤੋਂ ਗੋਦਰੇਜ਼ ਚੌਕ, ਸੀਜੀਸੀ ਕਾਲਜ ਲਾਂਡਰਾਂ ਅਤੇ ਖਰੜ ਚੱਪੜਚਿੜੀ ਸੜਕ ਕਿਨਾਰੇ ਵੀ ਹਨ ਕਈ ਖੱਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਇਕ ਖੁੱਲ੍ਹੇ ਬੋਰਵੈਲ ਵਿੱਚ ਡਿੱਗ ਕੇ ਫੌਤ ਹੋਏ ਦੋ ਸਾਲ ਦੇ ਮਾਸੂਮ ਫਤਿਹਵੀਰ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਖੁੱਲ੍ਹੇ ਮੂੰਹ ਵਾਲ ਬੋਰਵੈੱਲਾਂ ਨੂੰ ਬੰਦ ਕਰਨ ਲਈ ਜੰਗੀ ਪੱਧਰ ’ਤੇ ਮੁਹਿੰਮ ਵਿੱਢੀ ਗਈ ਹੈ ਪ੍ਰੰਤੂ ਪੰਜਾਬ ਦੀ ਰਾਜਧਾਨੀ ਦੇ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਅਤੇ ਨੇੜਲੇ ਪਿੰਡਾਂ ਅਤੇ ਮੁੱਖ ਸੜਕਾਂ ਕਿਨਾਰੇ ਖੱੁਲੇ੍ਹ ਮੂੰਹ ਵਾਲੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਾਈਨਾਂ ਦੇ ਮੇਨਹੋਲ ਅਣਢੱਕੇ ਪਏ ਹਨ। ਜਿਸ ਕਾਰਨ ਅਜਿਹੀਆਂ ਥਾਵਾਂ ’ਤੇ ਕਿਸੇ ਵੀ ਸਮੇਂ ਦੁਖਾਂਤ ਵਾਪਰ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਵੱਲੋਂ ਅਜਿਹੇ ਮੇਲਹੋਲਾਂ ਅਤੇ ਨਿਕਾਸੀ ਨਾਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਮੇਨਹੋਲ ਭਾਵੇਂ ਜ਼ਿਆਦਾ ਡੂੰਘੇ ਨਹੀਂ ਹਨ ਪ੍ਰੰਤੂ ਜੇਕਰ ਕੋਈ ਇਨ੍ਹਾਂ ਖੁੱਲ੍ਹੇ ਮੇਨਹੋਲ ਵਿੱਚ ਡਿੱਗ ਜਾਵੇ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਇੱਥੋਂ ਦੇ ਫੇਜ਼-8 ਸਥਿਤ ਦੁਸ਼ਹਿਰਾ ਗਰਾਉਂਡ ਦੇ ਪਿਛਲੇ ਪਾਸਿਓਂ (ਸਬਜ਼ੀ ਮੰਡੀ ਵਾਲੀ ਥਾਂ ਤੋਂ) ਕੁੰਭੜਾ ਚੌਕ ਵੱਲ ਜਾਂਦਿਆਂ ਸ਼ਰਾਬ ਦੇ ਠੇਕੇ ਦੇ ਨੇੜੇ ਮੁੱਖ ਸੜਕ ਦੇ ਕਿਨਾਰੇ ਅਜਿਹਾ ਹੀ ਇਕ ਮੇਨਹੋਲ ਬਣਿਆ ਹੋਇਆ ਹੈ। ਜਿਸ ਦੇ ਆਲੇ ਦੁਆਲੇ ਝਾੜੀਆਂ ਉੱਗੀਆਂ ਹੋਈਆਂ ਹਨ ਅਤੇ ਇਸ ਡੂੰਘੇ ਖੱਡੇ ’ਤੇ ਢੱਕਣ ਨਾ ਰੱਖਿਆ ਹੋਣ ਕਾਰਨ ਇੱਥੇ ਕਦੇ ਵੀ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਹ ਮੇਨਹੋਲ ਸੜਕ ਦੇ ਬਿਲਕੁਲ ਕੰਢੇ ’ਤੇ ਬਣਿਆ ਹੋਇਆ ਹੈ। ਇਸ ਸੜਕ ’ਤੇ ਅਕਸਰ ਆਵਾਜਾਈ ਰਹਿੰਦੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਅਦਾਲਤ ਅਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਗੋਦਰੇਜ ਵੱਲ ਆਉਂਦੀ ਮੁੱਖ ਸੜਕ ਦੇ ਕਿਨਾਰੇ ਸਨਅਤੀ ਏਰੀਆ ਵਾਲੇ ਪਾਸੇ ਨਿਕਾਸੀ ਨਾਲੇ ਉੱਤੇ ਬਣੇ ਕਈ ਨਿਕਾਸੀ ਖੱਡੇ ਖੁੱਲ੍ਹੇ ਪਏ ਹਨ। ਇੰਝ ਹੀ ਲਾਂਡਰਾਂ ਤੋਂ ਭਾਗੋਮਾਜਰਾ ਨੂੰ ਜਾਂਦੇ ਰਾਜ ਮਾਰਗ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਉੱਤੇ ਰੱਖੀਆਂ ਸਲੈਬਜ਼ ਵੀ ਕਾਫੀ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ। ਦੂਜੇ ਪਾਸੇ ਪਿੰਡ ਭਾਗੋਮਾਜਰਾ ਤੋਂ ਲਾਂਡਰਾਂ ਵੱਲ ਆਉਂਦਿਆਂ ਸੀਜੀਸੀ ਕਾਲਜ ਦੇ ਨੇੜੇ ਨਾਲੇ ਉੱਤੇ ਸਲੈਬਾਂ ਨਾ ਹੋਣ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਇਹੀ ਹਾਲ ਖਰੜ ਤੋਂ ਚੱਪੜਚਿੜੀ ਵੱਲ ਆਉਂਦੀ ਅਤੇ ਖਰੜ ਵੱਲ ਜਾਂਦੀ ਸੜਕ ਦਾ ਹੈ।
ਉਧਰ, ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਮੁੱਚੇ ਜ਼ਿਲ੍ਹੇ ਵਿੱਚ ਖੁੱਲ੍ਹੇ ਬੋਰਵੈੱਲ ਅਤੇ ਡੂੰਘੇ ਖੱਡੇ ਅਤੇ ਪੁਰਾਣੇ ਖੂਹ ਆਦਿ ਤੁਰੰਤ ਬੰਦ ਕੀਤੇ ਜਾਣ ਜਾਂ ਕਰਵਾਏ ਜਾਣ। ਇਸ ਸਬੰਧੀ ਡੀਸੀ ਵੱਲੋਂ ਬਕਾਇਦਾ ਰਿਪੋਰਟ ਵੀ ਮੰਗੀ ਗਈ ਹੈ ਪ੍ਰੰਤੂ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਸ਼ਾਇਦ ਸਰਕਾਰ ਜਾਂ ਡਿਪਟੀ ਕਮਿਸ਼ਨਰ ਦੇ ਤਾਜ਼ਾ ਹੁਕਮ ਸਬੰਧਤ ਅਧਿਕਾਰੀਆਂ ਲਈ ਕੋਈ ਮਾਇਨੇ ਨਹੀਂ ਰੱਖਦੇ ਹਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…