nabaz-e-punjab.com

ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸਿਕੰਜਾ ਕੱਸਿਆ: ਮਾਜਰੀ ਪੁਲੀਸ ਵੱਲੋਂ 5 ਟਿੱਪਰ ਕਾਬੂ, ਦੋ ਮੌਕੇ ਤੋਂ ਫਰਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਜੂਨ:
ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਖਿਲਾਫ ਸਿਕੰਜਾ ਕੱਸਦਿਆਂ ਸਥਾਨਿਕ ਪੁਲਿਸ ਨੇ ਅੱਜ ਅੱਧੀ ਦਰਜਨ ਦੇ ਕਰੀਬ ਟਿੱਪਰਾਂ ਨੂੰ ਕਾਬੂ ਕੀਤਾ ਹੈ। ਪਿਛਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਚੱਲਦਾ ਨਜਾਇਜ ਮਾਈਨਿੰਗ ਦਾ ਗੋਰਧੰਦਾ ਖਿਜਰਾਬਾਦ, ਕੁੱਬਾਹੇੜੀ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਮੌਜੂਦਾ ਹੁਕਮਰਾਨਾਂ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਜਿਉਂ ਤਿਉਂ ਚੱਲ ਰਿਹਾ ਹੈ। ਆਪ ਆਗੂ ਜਗਦੇਵ ਸਿੰਘ ਮਲੋਆ ਨੇ ਪੁਲਿਸ ਦੀ ਫੜੇ ਟਿੱਪਰਾਂ ਖ਼ਿਲਾਫ਼ ਢਿੱਲ ਮੱਠ ਵਾਲਾ ਰਵੱਈਆ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਸੰਘਰਸ਼ ਦਾ ਐਲਾਨ ਕੀਤਾ। ਹਾਲਾਤ ਇਸ ਕਦਰ ਬਦਤਰ ਹਨ ਕਿ ਜੇਕਰ ਕੋਈ ਪਿੰਡ ਦਾ ਆਮ ਬੰਦਾ ਆਪਣੀ ਪਿੰਡ ਦੀ ਨਦੀ ਵਿੱਚੋਂ ਰੇਤੇ ਦੀ ਟਰਾਲੀ ਘਰੇਲੂ ਲੋੜ ਲਈ ਭਰਦਾ ਹੈ, ਤਾਂ ਸਾਰਾ ਸਰਕਾਰੀ ਤੰਤਰ ਹਰਕਤ ਵਿੱਚ ਆ ਜਾਂਦਾ ਹੈ। ਪਰ ਜਿਸ ਪ੍ਰਕਾਰ ਪਿਛਲੇ ਸਮੇਂ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਜਾਇਜ ਮਾਈਨਿੰਗ ਨੂੰ ਰੋਕਣ ਲਈ ਸਖਤ ਦਾਅਵਿਆਂ ਦੇ ਬਾਵਜੂਦ ਦਿਨ ਰਾਤ ਸੜਕਾਂ ’ਤੇ ਅੰਨੇਵਾਹ ਓਵਰਲੋਡ ਰੇਤ ਬੱਜਰੀ ਭਰੇ ਟਿੱਪਰ ਦੌੜਦੇ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਨੇ। ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਕਈ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਪੱਧਰ ’ਤੇ ਟਿੱਪਰਾਂ ਨੂੰ ਰੋਕਣ ਅਤੇ ਧਰਨੇ ਲਾਉਣ ’ਤੇ ਵੀ ਇਸ ਕਾਲਾ ਬਾਜ਼ਾਰੀ ਧੰਦੇ ਨੂੰ ਨੱਥ ਨਹੀਂ ਪੈ ਰਹੀ।
ਨਜਾਇਜ ਮਾਈਨਿੰਗ ਮਾਮਲੇ ਵਿੱਚ ਆਮ ਲੋਕਾਂ ਵਿੱਚ ਇਹ ਪ੍ਰਭਾਵ ਪਾਇਆ ਜਾ ਰਿਹਾ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਅਕਾਲੀਆਂ ਦੇ ਸਮੇਂ ਤੋਂ ਚੱਲ ਰਹੇ ਕਰੈਸਰ ਅਤੇ ਟਿੱਪਰ ਹੁਣ ਬੇਰੋਕ ਟੋਕ ਕਿਵੇਂ ਚੱਲ ਰਹੇ ਨੇ। ਲੋਕ ਸਾਫ ਅਤੇ ਖੁੱਲੇਆਮ ਕਹਿ ਰਹੇ ਨੇ ਕਿ ਪਾ੍ਰਪਰਟੀ ਦੇ ਬਿਜਨਸ ਵਾਂਗ ਇਸ ਧੰਦੇ ਵਿੱਚ ਚਿੱਟੀਆਂ ਤੇ ਨੀਲੀਆਂ ਪੱਗਾਂ ਵਾਲੇ ਇੱਕ ਹਨ। ਪੰਜਾਬ ਸਿਵਲ ਸਕੱਤਰੇਤ ਜਿਥੋਂ ਨਜਾਇਜ ਮਾਈਨਿੰਗ ਖਿਲਾਫ ਹੁਕਮ ਜਾਰੀ ਹੁੰਦੇ ਨੇ, ਉਥੋਂ ਸਿਰਫ 15 ਕਿਲੋਮੀਟਰ ਦੀ ਦੂਰੀ ’ਤੇ ਖਿਜਰਾਬਾਦ ਇਲਾਕੇ ਵਿੱਚ ਵੱਡੀ ਪੱਧਰ ’ਤੇ ਨਜਾਇਜ ਮਾਈਨਿੰਗ ਹੋ ਰਹੀ ਹੈ। ਪੱਧਰੀ ਜਮੀਨ ਵਿੱਚ ਡੰੂਘੇ ਟੋਏ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਮਾਈਨਿੰਗ ਮਾਫੀਆ ਪ੍ਰਸਾਸਨ ਦੀ ਮਿਲੀਭੁਗਤ ਨਾਲ ਆਪਣੇ ਕਾਰੋਬਾਰ ਨੂੰ ਚਲਾ ਰਿਹਾ ਹੈ। ਅੱਜ ਪੱਤਰਕਾਰਾਂ ਦੀ ਟੀਮ ਨੇ ਵੱਡੇ ਤੜਕੇ ਇਲਾਕੇ ਵਿੱਚ ਚੱਲ ਰਹੇ ਨਜਾਇਜ ਕਰੈਸ਼ਰਾਂ ਦਾ ਦੌਰਾ ਕੀਤਾ ਤਾਂ ਜਿਲ੍ਹਾ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਇੱਕ ਦਰਜਨ ਦੇ ਕਰੀਬ ਕਰੈਸ਼ਰ ਖਿਜਰਾਬਾਦ, ਕੁੱਬਾਹੇੜੀ ਵਿੱਚ ਚੱਲ ਰਹੇ ਸਨ।
ਪੁਲੀਸ ਥਾਣਾ ਮਾਜਰੀ ਨੂੰ ਸੂਚਨਾ ਦੇਣ ’ਤੇ ਐਸਐਚਓ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਪੰਜ ਟਿੱਪਰਾਂ ਨੂੰ ਕਾਬੂ ਕਰ ਲਿਆ ਜਦੋਂ ਕਿ ਹੋਰ ਮੌਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਲਾਕਾ ਵਾਸੀਆਂ ਦੀ ਜਾਨ ਮਾਲ ਲਈ ਖਤਰਾ ਬਣੇ ਜਿਆਦਾਤਰ ਟਿੱਪਰ ਬਿੰਨ ਨੰਬਰ, ਅਣਢੱਕੇ, ਸੜਕਾਂ ’ਤੇ ਓਵਰਲੋਡ ਤੇਜ ਰਫਤਾਰ ਦੌੜਦੇ ਨਜ਼ਰੀ ਪੈਂਦੇ ਨੇ। ਅੱਜ ਪੁਲੀਸ ਨੇ ਕਾਬੂ ਕੀਤੇ ਪੰਜ ਟਿੱਪਰਾਂ ਵਿੱਚ ਦੋ ਟਿੱਪਰ ਇੱਕ ਸਾਬਕਾ ਅਕਾਲੀ ਆਗੂ ਦੇ ਨੇੜਲੇ ਵਿਅਕਤੀ ਦੇ ਸ਼ਾਮਲ ਹਨ। ਇਸੇ ਦੌਰਾਨ ਇਸ ਘਟਨਾਕ੍ਰਮ ਦਾ ਪਤਾ ਲੱਗਦਿਆਂ ਆਮ ਆਦਮੀ ਪਾਰਟੀ ਦੇ ਆਗੂ ਜਗਦੇਵ ਸਿੰਘ ਮਲੋਆ, ਦੇਸ ਰਾਜ ਮਾਜਰੀ, ਜਸਵਿੰਦਰ ਸਿੰਘ ਰਸੂਲਪੁਰ ਤੁਰੰਤ ਪੁੱਜ ਗਏ ਅਤੇ ਉਨ੍ਹਾਂ ਐਸਐਚਓ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਨਾਜਾਇਜ਼ ਚੱਲਦੇ ਕਰੈਸ਼ਰਾਂ ਅਤੇ ਕਾਬੂ ਕੀਤੇ ਟਿੱਪਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਆਖਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …