
ਮਾਲ ਵਿਭਾਗ ਦੇ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ: ਰਾਹੁਲ ਤਿਵਾੜੀ
ਸਮਾਜ ਵਿੱਚ ਨਸ਼ੇ ਦੇ ਖ਼ਾਤਮੇ ਲਈ ਡੈਪੋਜ਼ ਨੂੰ ਸਿਖਲਾਈ ਦੇਣ ਦਾ 100 ਫੀਸਦੀ ਕੰਮ ਮੁਕੰਮਲ ਕੀਤਾ ਜਾਵੇ
ਸਰਕਾਰੀ ਸਕੂਲਾਂ, ਸਿਹਤ ਸੰਸਥਾਵਾਂ ਅਤੇ ਆਗਣਵਾੜੀ ਕੇਂਦਰਾਂ ਦੀ ਅਚਨਚੇਤੀ ਚੈਕਿੰਗ ਕਰਨ ’ਤੇ ਦਿੱਤਾ ਜ਼ੋਰ
ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਨੇ ਮੁਹਾਲੀ, ਰੋਪੜ ਦੇ ਡੀਸੀਜ਼, ਐਸਡੀਐਮਜ਼ ਤੇ ਹੋਰਨਾਂ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ
ਐਸ.ਏ.ਐਸ. ਨਗਰ, 14 ਜੂਨ (ਚਰਨਜੀਤ ਕੌਰ):
ਰੂਪਨਗਰ ਡਵੀਜ਼ਨ ਵਿਚ ਪੈਂਦੇ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਮਾਲ ਵਿਭਾਗ ਦੇ ਕੋਰਟ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਇੰਤਕਾਲਾਂ ਦੇ ਕੰਮਕਾਜ ਨੂੰ ਵੀ ਬਿਨ੍ਹਾਂ ਕਿਸੇ ਦੇਰੀ ਤੋਂ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਰੂਪਨਗਰ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਤੇ ਸਮੂਹ ਸਬ ਡਵੀਜਨਾਂ ਦੇ ਐਸ.ਡੀ.ਐਮਜ਼ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਣ ਮੌਕੇ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦਾ ਡੈਪੋ ਸਬੰਧੀ ਤਿਆਰ ਕੀਤਾ ਲੋਗੋ ‘ਸਹਿਯੋਗ ਦੀ ਸ਼ਕਤੀ ਨਸ਼ੇ ਤੋਂਂ ਮੁਕਤੀ’ ਵੀ ਜਾਰੀ ਕੀਤਾ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਡੈਪੋ ਸਬੰਧੀ ਲੋਗੋ ਜਾਰੀ ਕਰਨ ’ਤੇ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਅਜਿਹੇ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਰਾਹੁਲ ਤਿਵਾੜੀ ਨੇ ਇਸ ਮੌਕੇ ਬੋਲਦਿਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਡਵੀਜ਼ਨ ਵਿਚ ਨਸ਼ਿਆਂ ਦੇ ਖਾਤਮੇ ਲਈ ਜ਼ਿਲਿਆਂ ਵਿਚ ਹੇਠਲੇ ਪੱਧਰ ਤੱਕ ਬਣਾਏ ਗਏ ਡੈਪੋਜ਼ ਨੂੰ ਸਿਖਲਾਈ ਦੇਣ ਦਾ 100 ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇ ਤਾਂ ਜੋ ਸਿਖਲਾਈ ਪ੍ਰਾਪਤ ਕਰਨ ਉਪਰੰਤ ਡੈਪੋ ਆਪੋ ਆਪਣੇ ਇਲਾਕਿਆਂ ਵਿਚ ਆਮ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਨਾਲ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾ ਸਕਣ। ਉਨ੍ਹਾਂ ਇਸ ਸਬੰਧੀ ਡੈਪੋਜ਼ ਨੂੰ ਪਿੰਡ ਪੱਧਰ ਤੇ ਕਲੱਸਟਰ ਬਣਾ ਕੇ ਟੇ੍ਰਨਰਜ਼ ਰਾਂਹੀ ਸਿਖਲਾਈ ਦੇਣ ਲਈ ਆਖਿਆ।
ਸ੍ਰੀ ਤਿਵਾੜੀ ਨੇ ਇਸ ਮੌਕੇ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਕਿਸਾਨ ਕਰਜ਼ਾ ਰਾਹਤ ਸਕੀਮ ਘਰ ਘਰ ਰੁਜ਼ਗਾਰ, ਐਂਟੀ ਡਰੱਗ ਪ੍ਰੋਗਰਾਮ, ਦਿਹਾਤੀ ਵਾਟਰ ਸਪਲਾਈ ਸਕੀਮ, ਸੋਸ਼ਲ ਸਕੀਮਾਂ ਸਮੇਤ ਹੋਰ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਦੀ ਸਮੀਖਿਆ ਵੀ ਕੀਤੀ ਅਤੇ ਇੰਨ੍ਹਾਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ। ਕਮਿਸ਼ਨਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆਂ ਵਿੱਚ ਪੈਂਦੇ ਸਰਕਾਰੀ ਸਕੂਲਾਂ, ਸਿਹਤ ਸੰਸਥਾਵਾਂ, ਆਂਗਣਵਾੜੀ ਕੇਂਦਰਾਂ ਦੀ ਅਚਨਚੇਤੀ ਚੈਕਿੰਗ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ ਤਾਂ ਜੋ ਇਨ੍ਹਾਂ ਸੰਸਥਾਵਾਂ ਦੇ ਸਾਰਥਿਕ ਨਤੀਜ਼ੇ ਸਾਹਮਣੇ ਆਉਣ।
ਕਮਿਸ਼ਨਰ ਨੇ ਇਸ ਮੌਕੇ ਡਵੀਜ਼ਨ ਦੇ ਸਮੂਹ ਜ਼ਿਲ੍ਹਿਆਂ ਵਿੱਚ ਐਨਡੀਪੀਐਸ ਐਕਟ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਇਸ ਮੌਕੇ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਜਾਬ ਕਾਰਡ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਖਾਸ ਕਰਕੇ ਦਿਹਾਤੀ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਆਵੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੂੰ ਜੀ ਆਇਆਂ ਆਖਿਆ ਅਤੇ ਜ਼ਿਲ੍ਹੇ ਵਿਚ ਚਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਨੀਤ ਤੇਜ਼ ਨੇ ਰੂਪਨਗਰ ਜ਼ਿਲ੍ਹੇ ਵਿਚ ਚਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਵੀ ਜ਼ਿਲ੍ਹੇ ਵਿਚ ਚਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਐਸਡੀਐਮ ਮੁਹਾਲੀ ਡਾ. ਆਰ.ਪੀ.ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਅਰੋੜਾ ਸਮੇਤ ਡਿਵੀਜ਼ਨ ਵਿੱਚ ਪੈਂਦੀਆਂ ਹੋਰਨਾਂ ਸਬ ਡਿਵੀਜ਼ਨਾਂ ਦੇ ਐਸ.ਡੀ.ਐਮਜ਼ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।