ਸ਼ਹਿਰ ਨੂੰ ਸਵੱਛ ਸਰਵੇਖਣ ਵਿੱਚ ਨੰਬਰ ਇੱਕ ਤੇ ਲਿਆਉਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਜ਼ਰੂਰੀ: ਮੇਅਰ ਜੀਤੀ ਸਿੱਧੂ

ਫੇਜ਼-7 ਵਿਚ ਕੌਂਸਲਰ ਅਨੁਰਾਧਾ ਆਨੰਦ ਦੀ ਅਗਵਾਈ ਹੇਠ ਕਰਵਾਇਆ ਸਵੱਛ ਸਰਵੇਖਣ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਮੁਹਾਲੀ ਦੇ ਫੇਜ਼-7 ਸਥਿਤ ਲਾਇਬਰੇਰੀ ਪਾਰਕ ਵਿੱਚ ਇਲਾਕੇ ਦੀ ਕੌਂਸਲਰ ਅਨੁਰਾਧਾ ਆਨੰਦ ਤੇ ਸਮਾਜ ਸੇਵੀ ਜਤਿੰਦਰ ਆਨੰਦ ਟਿੰਕੂ ਦੀ ਅਗਵਾਈ ਵਿੱਚ ਅੱਜ ਸਵੱਛ ਸਰਵੇਖਣ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਕਮਲ ਗਰਗ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਕੀਤੇ ਕੰਮਾਂ ਅਤੇ ਮੁਹਾਲੀ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਮੁਹਾਲੀ ਸਵੱਛ ਸਰਵੇਖਣ ਵਿੱਚ 81ਵੇਂ ਨੰਬਰ ਤੇ ਆਇਆ ਹੈ ਜਦੋੱ ਕਿ ਪਿਛਲੇ ਸਾਲ ਮੁਹਾਲੀ ਸ਼ਹਿਰ ਇਸੇ ਸਰਵੇਖਣ ਵਿੱਚ 150 ਤੋਂ ਵੀ ਪਿੱਛੇ ਸੀ। ਉਨ੍ਹਾਂ ਕਿਹਾ ਕਿ ਇਹ ਮੁਹਾਲੀ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਪਾਇਆ ਹੈ ਕਿ ਇਸ ਵਾਰ ਮੁਹਾਲੀ ਸਵੱਛ ਸਰਵੇਖਣ ਵਿੱਚ ਪੂਰੇ ਪੰਜਾਬ ਵਿੱਚ ਨੰਬਰ 2 ’ਤੇ ਆਇਆ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਹੁਣ ਇਸ ਸ਼ਹਿਰ ਨੂੰ ਨੰਬਰ ਇਕ ਤੇ ਲਿਆਉਣ ਲਈ ਬਹੁਤ ਵੱਡਾ ਉਪਰਾਲਾ ਕਰਨ ਦੀ ਲੋੜ ਹੈ ਜਿਸ ਲਈ ਨਗਰ ਨਿਗਮ ਸਮੁੱਚੇ ਮੁਹਾਲੀ ਦੇ ਲੋਕਾਂ ਦੇ ਪਹਿਲਾਂ ਨਾਲੋਂ ਵੀ ਵੱਧ ਸਹਿਯੋਗ ਦੀ ਆਸ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਚਨ ਵੇਸਟ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਪਾ ਕੇ ਬਾਹਰ ਸੁੱਟਦੇ ਹਾਂ ਜਿਨ੍ਹਾਂ ਵਿੱਚ ਕਈ ਵਾਰ ਨੁਕੀਲੀਆਂ ਵਸਤਾਂ, ਚਾਕੂ, ਕਿੱਲਾਂ, ਟੁੱਟਿਆ ਹੋਇਆ ਕੱਚ ਵਰਗਾ ਸਾਮਾਨ ਹੁੰਦਾ ਹੈ ਜਿਨ੍ਹਾਂ ਨੂੰ ਗਾਵਾਂ ਖਾ ਲੈਂਦੀਆਂ ਹਨ ਅਤੇ ਫਿਰ ਬਿਮਾਰ ਹੋ ਕੇ ਮੌਤ ਦਾ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮ੍ਰਿਤਕ ਗਊਆਂ ਦੇ ਪੋਸਟਮਾਰਟਮ ਰਾਹੀਂ ਇਹ ਗੱਲ ਸਾਹਮਣੇ ਆਈ ਹੈ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਇਹ ਪਹਿਲੀ ਵਾਰ ਹੋਇਆ ਹੈ ਕਿ ਮੁਹਾਲੀ ਨਗਰ ਨਿਗਮ ਸਵੱਛ ਸਰਵੇਖਣ ਪੱਖੋਂ ਮੁਹਾਲੀ ਸ਼ਹਿਰ ਨੂੰ ਪਹਿਲੇ 100 ਸ਼ਹਿਰਾਂ ਵਿਚ ਲੈ ਕੇ ਆਇਆ ਹੈ। ਉਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੁਹਾਲੀ ਨੰਬਰ ਇਕ ਤੇ ਆਵੇਗਾ ਤੇ ਇਸ ਵਾਸਤੇ ਹੁਣੇ ਤੋਂ ਹੀ ਉਪਰਾਲੇ ਕਰਨੇ ਜ਼ਰੂਰੀ ਹਨ।

ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਕਿਹਾ ਕਿ ਨਗਰ ਨਿਗਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਵੱਛ ਸਰਵੇਖਣ ਸਬੰਧੀ ਆਪਣਾ ਕੋਈ ਵੀ ਟੀਚਾ ਪੂਰਾ ਨਹੀਂ ਹੋ ਸਕਦਾ ਅਤੇ ਇਸ ਲਈ ਹਰ ਵਿਅਕਤੀ ਨੂੰ ਨਿੱਜੀ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਕੌਂਸਲਰ ਅਨੁਰਾਧਾ ਆਨੰਦ ਤੇ ਉਨ੍ਹਾਂ ਦੇ ਪਤੀ ਸਮਾਜ ਸੇਵੀ ਜਤਿੰਦਰ ਆਨੰਦ ਨੇ ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਦਾ ਇੱਥੇ ਆਉਣ ’ਤੇ ਸਵਾਗਤ ਕੀਤਾ। ਇਸ ਮੌਕੇ ਜੁਆਇੰਟ ਕਮਿਸ਼ਨਰ ਹਰਕੀਰਤ ਕੌਰ ਚਾਨੇ, ਮੈਡੀਕਲ ਹੈਲਥ ਆਫ਼ੀਸਰ ਡਾ. ਤਮੰਨਾ, ਸਵੱਛ ਸਰਵੇਖਣ ਕੋਆਰਡੀਨੇਟਰ ਵੰਦਨਾ ਸੁਖੇਜਾ, ਸੈਨੀਟਰੀ ਇੰਸਪੈਕਟਰ ਰਵੀ ਕੁਮਾਰ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਖ-ਵੱਖ ਵੈਲਫੇਅਰ ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…