ਹਰਚਰਨ ਸਿੰਘ, ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਐਸਜੀਪੀਸੀ ਵਿਰੁੱਧ ਕੂੜ ਪ੍ਰਚਾਰ ਕਰਨ ਤੋਂ ਗੁਰੇਜ਼ ਕਰੇ: ਭਾਈ ਲੌਂਗੋਵਾਲ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 14 ਫਰਵਰੀ:
ਸਿੱਖਾਂ ਦੇ ਸਿਰਾਂ ‘ਤੇ ਸਿਰਜੀ ਕੌਮੀ ਕੌਮਾਂਤਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ, ਪ੍ਰੰਤੂ ਕੁਝ ਆਪਣੇ ਹੀ ਲੋਕਾਂ ਵੱਲੋਂ ਇਸ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਨੇ ਉਸ ਦੇ ਦੋਗਲੇ ਚਿਹਰੇ ਦਾ ਪ੍ਰਗਟਾਵਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਰੂਪ ਵਿੱਚ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਖੁਦ ਸ਼੍ਰੋਮਣੀ ਕਮੇਟੀ ਵਿਚ ਸਿਖਰਲੀ ਪ੍ਰਬੰਧਕੀ ਪਦਵੀ ‘ਤੇ ਕਾਰਜਸ਼ੀਲ ਰਹੇ ਹਨ। ਆਪਣੇ ਸਮੇਂ ਦੌਰਾਨ ਉਸ ਨੇ ਸੰਸਥਾ ਦੇ ਹਰ ਫੈਸਲੇ ’ਤੇ ਸਹਿਮਤੀ ਦਿੰਦਿਆਂ ਫਾਈਲਾਂ ਅੱਗੇ ਭੇਜੀਆਂ।
ਉਨ੍ਹਾਂ ਕਿਹਾ ਕਿ ਉਸ ਵੱਲੋਂ ਲਾਏ ਗਏ ਇਲਜ਼ਾਮਾਂ ਵਿਚ ਜੇਕਰ ਕੋਈ ਵਜ਼ਨ ਹੈ ਤਾਂ ਉਹ ਫਾਈਲਾਂ ‘ਤੇ ਦਸਤਖ਼ਤ ਕਿਉਂ ਕਰਦਾ ਰਿਹਾ। ਹਰ ਮਤਾ ਉਸ ਨੇ ਆਪਣੇ ਦਸਤਖ਼ਤਾਂ ਨਾਲ ਹੀ ਰਲੀਜ਼ ਕੀਤਾ। 2015 ਵਿਚ ਰਾਮ ਰਹੀਮ ਦੀ ਮੁਆਫ਼ੀ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਵਾਲੇ ਮਤੇ ਉੱਪਰ ਵੀ ਹਰਚਰਨ ਸਿੰਘ ਦੇ ਹੀ ਦਸਤਖ਼ਤ ਹਨ। ਜੇਕਰ ਇਹ ਇਸ ਨਾਲ ਸਹਿਮਤ ਨਹੀਂ ਸੀ ਤਾਂ ਮਤਾ ਜਾਰੀ ਹੀ ਕਿਉਂ ਕੀਤਾ। ਉਹ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦਾ ਰਿਹਾ ਅਤੇ ਅੱਜ ਜਾਣਬੁਝ ਕੇ ਸੰਸਥਾ ਨੂੰ ਬਦਨਾਮ ਕਰ ਰਿਹਾ ਹੈ। ਇਸ ਨੇ ਸੰਸਥਾ ’ਚੋਂ 23 ਮਹੀਨਿਆਂ ਵਿੱਚ ਲਗਭਗ 84 ਲੱਖ ਰੁਪਏ ਤਨਖ਼ਾਹ ਤੇ ਹੋਰ ਭੱਤੇ ਤੇ ਸਹੂਲਤਾਂ ਦੇ ਰੂਪ ਵਿਚ ਵਸੂਲ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪੱਧਰ ਦੇ ਅਧਿਕਾਰੀ ਲਈ ਬਣਾਈ ਕੋਠੀ ਨੂੰ ਉਸ ਨੇ ਪ੍ਰਵਾਨ ਨਹੀਂ ਕੀਤਾ। ਆਪਣੀ ਮਰਜ਼ੀ ਅਨੁਸਾਰ ਆਪਣੀਆਂ ਗੱਡੀਆਂ ਖਰੀਦਦਾ ਰਿਹਾ।
ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਨੇ ਆਪਣੀ ਨਿਯੁਕਤੀ ਵਿਰੁੱਧ ਹੋਏ ਅਦਾਲਤੀ ਕੇਸ ਸਬੰਧੀ ਵਕੀਲ ਦੀ ਫੀਸ 2 ਲੱਖ 50 ਹਜ਼ਾਰ ਰੁਪਏ ਅਦਾ ਕਰਨ ਦੇ ਬਹਾਨੇ ਆਪਣੇ ਨਿੱਜੀ ਖਾਤੇ ਵਿਚ ਪਵਾਏ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੇਣੇ ਬਣਦੇ ਹੀ ਨਹੀਂ ਸਨ। ਇਸ ਤਰ੍ਹਾਂ ਇਸ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇਸ ਨੇ 2008-09 ਵਿੱਚ ਸੰਸਥਾ ਦਾ ਕੰਪਿਊਟਰੀ ਕਰਨ ਲਈ 28 ਲੱਖ 98 ਹਜ਼ਾਰ 700 ਰੁਪਏ ਆਪਣੀ ਹੀ ਕੰਪਨੀ ਡੀ-ਲਾਈਟ ਕੰਪਨੀ ਦੇ ਨਾਂ ‘ਤੇ ਵਸੂਲ ਕੀਤੇ ਸਨ। ਇਸ ਤਰ੍ਹਾਂ ਇਹ ਵਿਅਕਤੀ ਆਪ-ਹੁਦਰੀਆਂ ਕਰਕੇ ਸੰਸਥਾ ਦੀ ਲੁੱਟ-ਖਸੁੱਟ ਕਰਦਾ ਰਿਹਾ ਇਸੇ ਕਰਕੇ ਹੀ ਇਸ ਨੂੰ ਸੰਸਥਾ ’ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਅਤੇ ਇਹ ਹੁਣ ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਮਾਣ-ਸਨਮਾਨ ਨੂੰ ਢਾਹ ਲਾਈ ਹੈ। ਅਜਿਹੀਆਂ ਕਈ ਹੋਰ ਮਿਸਾਲਾਂ ਹਨ ਜੋ ਉਸ ਦੇ ਸ਼ੱਕੀ ਕਿਰਦਾਰ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ।
ਇਸੇ ਤਰ੍ਹਾਂ ਸੰਗਤਾਂ ਵਿੱਚ ਪਾਏ ਜਾ ਰਹੇ ਤਰ੍ਹਾਂ ਤਰ੍ਹਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਖ਼ਬਾਰਾਂ ‘ਚ ਇਸ਼ਤਿਹਾਰ ਦੇ ਕੇ ਪੰਡਾਲ ਲਗਾਉਣ ਸਬੰਧੀ ਟੈਂਡਰ ਮੰਗੇ ਗਏ ਸਨ। ਜਿਸ ਵਿਚ ਨੀਯਤ ਸਬ-ਕਮੇਟੀ ਵੱਲੋਂ ਪੁੱਜੇ ਟੈਂਡਰਾਂ ਵਿੱਚੋਂ ਸ਼ੌ ਕਰਾਫਟ ਪ੍ਰ: ਲਿਮਟਿਡ ਕੰਪਨੀ ਨਵੀਂ ਦਿੱਲੀ ਦਾ ਟੈਂਡਰ ਪ੍ਰਵਾਨ ਕੀਤਾ ਗਿਆ ਸੀ। ਪ੍ਰਵਾਨ ਕੀਤੇ ਇਸ ਟੈਂਡਰ ਅਨੁਸਾਰ ਮੇਨ ਪੰਡਾਲ ‘ਤੇ 2 ਕਰੋੜ 72 ਲੱਖ 82 ਹਜ਼ਾਰ 925 ਰੁਪਏ ਅਤੇ ਗੇਟ ‘ਤੇ 32 ਲੱਖ 3 ਹਜ਼ਾਰ 478 ਰੁਪਏ ਇਸ ਕੰਪਨੀ ਨੂੰ ਸੰਸਥਾ ਵੱਲੋਂ ਅਦਾ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੰਸਥਾ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜੋੜਾ ਘਰ, ਗੱਠੜੀ ਘਰ, ਬਾਥਰੂਮ, ਲਾਈਟ ਐਂਡ ਸਾਊਂਡ ਸ਼ੌ, ਸਿਹਤ ਸਹੂਲਤਾਂ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰਦੁਆਰਾ ਸੀ ਹੱਟ ਸਾਹਿਬ ਤੱਕ ਐਲ.ਈ.ਡੀ. ਸਕਰੀਨਾਂ ਤੇ ਐਲਈਡੀ ਲਾਈਟਾਂ ਦੇ ਨਾਲ-ਨਾਲ ਲੇਜ਼ਰ ਸ਼ੌ,, ਡਰੋਨ ਸ਼ੌ ਆਦਿ ਪੁਰ ਖ਼ਰਚ ਕੀਤੇ ਗਏ ਸਨ, ਪਰ ਸੰਸਥਾ ਨੂੰ ਬਦਨਾਮ ਕਰਨ ਖਾਤਰ ਕੇਵਲ ਮੇਨ ਪੰਡਾਲ ਦਾ ਨਾਂ ਲੈ ਕੇ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਐਸਐਸ ਕੋਹਲੀ ਐਂਡ ਐਸੋਸੀਏਟ ਚੰਡੀਗੜ੍ਹ ਦੀ ਫਰਮ ਪ੍ਰਤੀ ਫ਼ੀਸ ਨੂੰ ਲੈ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਸੱਚਾਈ ਨਾਲ ਰੂਬਰੂ ਕਰਵਾਉਂਦਿਆਂ ਦੱਸਿਆ ਕਿ ਫਰਮ ਨੂੰ ਬਕਾਇਦਾ ਸੰਨ 2010 ਤੋਂ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਟੈਂਡਰ ਕਰਕੇ ਹੀ ਗੁਰਦੁਆਰਾ ਸਾਹਿਬਾਨ 85 ਦਾ ਪ੍ਰੀਆਡਿਟ/ਇੰਟਰਨਲ ਆਡਿਟ ਅਤੇ ਬਾਅਦ ਵਿਚ ਸਕੂਲਾਂ/ਕਾਲਜਾਂ ਦਾ ਕੰਮ ਅਲਾਟ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੁੱਜੇ ਹੋਏ ਟੈਂਡਰਾਂ ’ਚੋਂ ਘੱਟ ਰੇਟ ਵਾਲੀ ਫਰਮ ਨੂੰ ਹੀ ਨਿਯਮਾਂ ਅਨੁਸਾਰ ਪ੍ਰਵਾਨ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…