
ਫੌਜ ਵਿੱਚ ਸਿੱਖ ਸੈਨਿਕਾਂ ਲਈ ਸਟੀਲ ਹੈਲਮਟ ਲਾਜ਼ਮੀ ਕਰਾਰ ਦੇਣਾ ਬਿਲਕੁਲ ਗਲਤ: ਸਾਬਕਾ ਫੌਜੀ
ਅਜਿਹੇ ਫ਼ੈਸਲਿਆਂ ਕਾਰਨ ਕਮਜ਼ੋਰ ਹੋ ਰਹੀ ਹੈ ਭਾਰਤੀ ਫੌਜ: ਕਰਨਲ ਸੋਹੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਸਾਬਕਾ ਫੌਜੀਆਂ ਦੀ ਵੈਲਫੇਅਰ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਨੇ ਸਿੱਖ ਫੌਜੀਆਂ ਲਈ ਖ਼ਰੀਦੇ ਜਾਣ ਵਾਲੇ ਸਟੀਲ ਦੇ ਹੈਲਮਟ ਸਬੰਧੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਐਕਸ ਸਰਵਿਸਮੈਨ ਗ੍ਰੀਵੈਸਿਜ਼ ਸੈਲ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ (ਸੇਵਾਮੁਕਤ) ਐਸਐਸ ਸੋਹੀ ਦੀ ਅਗਵਾਈ ਹੇਠ ਸਾਬਕਾ ਸਿੱਖ ਫੌਜੀਆਂ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤੀ ਫੌਜ ਨੇ ਸਿੱਖ ਸੈਨਿਕਾਂ ਲਈ ਸਟੀਲ ਹੈਲਮਟ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ ਅਤੇ ਰੱਖਿਆ ਮੰਤਰਾਲੇ ਨੇ ਲਗਪਗ 12500 ਸਟੀਲ ਹੈਲਮਟ ਖ਼ਰੀਦਣ ਦਾ ਵਿਵਾਦਮਈ ਹੁਕਮ ਦਿੱਤਾ ਹੈ। ਇਸ ਮੁੱਦੇ ’ਤੇ ਸਾਬਕਾ ਫੌਜੀਆਂ ਅਤੇ ਸਿੱਖਾਂ ਨੇ ਵੱਡੇ ਪੱਧਰ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਕਰਨਲ ਸੋਹੀ ਨੇ ਕਿਹਾ ਕਿ ਹਾਲਾਂਕਿ ਵਰਦੀ ਵਾਲੇ ਸਿਪਾਹੀ ਆਪਣੇ ਜਨਰਲਾਂ (ਜੋ ਸਿੱਖ ਸਭਿਆਚਾਰ ਨਾਲ ਜੁੜੇ ਨਹੀਂ ਹਨ) ਦੀ ਰਾਏ ਅਤੇ ਫ਼ੈਸਲਿਆਂ ’ਤੇ ਕਿੰਤੂ ਨਹੀਂ ਕਰ ਸਕਦੇ ਹਨ ਪ੍ਰੰਤੂ ਕੋਈ ਵੀ ਅਸਲੀ ਸਿੱਖ ਫੌਜੀ ਆਪਣੀ ਸੁਰੱਖਿਆ ਲਈ ਹੈਲਮਟ ਦੀ ਮੰਗ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਦਸਤਾਰ ਸਾਡੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ, ਜੋ ਹਮੇਸ਼ਾ ਸਿੱਖਾਂ ਦੇ ਅੰਗ ਸੰਗ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਵਾਧੂ ਸੁਰੱਖਿਆ ਭਾਵਨਾ ਲਈ ਬੁਲੇਟ ਪਰੂਫ਼ ਕੱਪੜੇ ਨੂੰ ਪੱਗ ਦੇ ਹੇਠਾਂ ਪਟਕੇ ਨਾਲ ਬੰਨ੍ਹਿਆ ਜਾ ਸਕਦਾ ਹੈ।
ਕਰਨਲ ਸੋਹੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ਾਂ ਨੇ ਵੀ ਸਿੱਖਾਂ ਲਈ ਸਟੀਲ ਹੈਲਮਟ ਦਾ ਆਰਡਰ ਦਿੱਤਾ ਸੀ ਪਰ ਕਿਸੇ ਵੀ ਸਿੱਖ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਅਤੇ ਕੋਰਟ ਮਾਰਸ਼ਲ ਨੂੰ ਤਰਜ਼ੀਹ ਦਿੱਤੀ ਗਈ। ਸਿੱਖਾਂ ਨੇ ਹੈਲਮਟ ਤੋਂ ਬਿਨਾਂ ਹੀ 100 ਤੋਂ ਵੱਧ ਜੰਗਾਂ ਜਿੱਤੀਆਂ ਅਤੇ ਲੜਾਈ ਦੌਰਾਨ ਕਿਸੇ ਗੋਲੀ ਨਾਲ ਸਿਰ ਦੀ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ 6-7 ਮੁਲਕਾਂ ਨੇ ਸਿੱਖ ਸੈਨਿਕਾਂ ਨੂੰ ਦਸਤਾਰ ਬੰਨ੍ਹਣ ਦੀ ਇਜਾਜ਼ਤ ਦਿੱਤੀ ਹੈ।
ਸਾਬਕਾ ਫੌਜੀਆਂ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਨੇ ਵਿਸ਼ਵ ਸ਼ਕਤੀਆਂ ਅਤੇ ਉਨ੍ਹਾਂ ਦੀ ਸੁਪਰ ਟੈਕਨਾਲੋਜੀ ਨੂੰ ਦਸਤਾਰ ਨਾਲ ਹਰਾਇਆ ਹੈ। ਸਿੱਖਾਂ ਨੇ ਯੁੱਗਾਂ ਤੋਂ ਉੱਤਰ ਖੇਤਰ ਵਿੱਚ 1000 ਤੋਂ ਵੱਧ ਹਮਲਿਆਂ ਦਾ ਸਾਹਮਣਾ ਕੀਤਾ ਹੈ ਅਤੇ ਬਹਾਦਰੀ ਅਤੇ ਕੁਰਬਾਨੀਆਂ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਹੱਦਾਂ ’ਤੇ ਜਿੱਥੇ ਵੀ ਸਿੱਖ ਫੌਜੀ ਨਜ਼ਰ ਆਉਂਦੇ ਹਨ, ਦੁਸ਼ਮਣ ਪੰਗਾ ਲੈਣ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਸਿੱਖ ਫੌਜੀਆਂ ਦਾ ਜੰਗ ਦਾ ਜੈਕਾਰਾ ਦੁਸ਼ਮਣ ਨੂੰ ਝੰਜੋੜ ਕੇ ਰੱਖ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲਿਆਂ ਨਾਲ ਭਾਰਤੀ ਫੌਜ ਕਮਜ਼ੋਰ ਹੋ ਰਹੀ ਹੈ। ਫੌਜ ਨੂੰ ਅਗਨੀ ਵੀਰਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਵੀ ਇਕ ਗ਼ਲਤ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਫ਼ੈਸਲਾ ਸਬੰਧਤ ਪੱਖਾਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਦੇਸ਼ ਦੀ ਸੁਰੱਖਿਆ ਦਾ ਮੁੱਦਾ ਜੁੜਿਆ ਹੈ। ਇਸ ਮੌਕੇ ਸੂਬੇਦਾਰ ਪ੍ਰੀਤਮ ਸਿੰਘ, ਐਡਵੋਕੇਟ ਐਸਐਨ ਓਝਾ, ਕੈਪਟਨ ਮੱਖਣ ਸਿੰਘ, ਹੌਲਦਾਰ ਮੱਘਰ ਸਿੰਘ, ਕੈਪਟਨ ਗੁਰਮੀਤ ਸਿੰਘ, ਸਾਰਜੈਂਟ ਰਸ਼ਪਾਲ ਸਿੰਘ, ਸੂਬੇਦਾਰ ਐਸਕੇ ਸ਼ਰਮਾ, ਰਾਮਾ ਸਿੰਘ, ਸੀਪੀਓ ਪ੍ਰਕਾਸ਼ ਸਿੰਘ ਅਤੇ ਸੂਬੇਦਾਰ ਜਸਵੰਤ ਸਿੰਘ ਮੌਜੂਦ ਸਨ।