
ਮਲੂਕਾ ਅਰਦਾਸ ਮਾਮਲਾ: ਆਪ ਵਾਲੰਟੀਅਰ ਨੇ ਰੋਸ ਵਜੋਂ ਮਲੂਕਾ ਦਾ ਪੁਤਲਾ ਸਾੜਿਆ
ਭੁਪਿੰਦਰ ਸਿੰਗਾਰੀਵਾਲਾ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 4 ਜਨਵਰੀ:
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ ’ਤੇ ਅਰਦਾਸ ਮਾਮਲੇ ਵਿੱਚ ਰੋਸ ਪ੍ਰਗਟ ਕਰਦਿਆਂ ਪੰਜਾਬ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਪੁਤਲਾ ਸਾੜਿਆ। ਇਸ ਮੌਕੇ ਆਪ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਵਾਲੰਟੀਅਰ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਮੰਤਰੀ ਸ੍ਰੀ ਮਲੂਕਾ ਨੇ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਸਿੱਖੀ ਸਿਧਾਂਤਾਂ ਤੋਂ ਉਲਟ ਪੁਜਾਰੀਆਂ ਤੋਂ ਅਰਦਾਸ ਕਰਵਾ ਕੇ ਸਿੱਖਾਂ ਦੀ ਮਾਣ ਮਰਿਆਦਾ ਦੀ ਘੋਰ ਨਿਰਾਦਾਰ ਕੀਤੀ ਹੈ, ਜੋ ਪੂਰੀ ਕੌਮ ਲਈ ਨਾ ਸਹਿਣਯੋਗ ਘਟਨਾ ਹੈ। ਜਿਸ ਸਬੰਧੀ ਰੋਸ ਜਾਹਰ ਕਰਨ ਅਤੇ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ ਪੁੱਜਦੀ ਕਰਨ ਲਈ ਅੱਜ ਆਪ ਵਰਕਰਾਂ ਵੱਲੋਂ ਪੰਚਾਇਤ ਮੰਤਰੀ ਮਲੂਕਾ ਦਾ ਪੁੱਤਲਾ ਸਾੜਿਆ ਗਿਆ। ਉਨ੍ਹਾਂ ਮੰਗ ਕੀਤੀ ਅਕਾਲੀ ਮੰਤਰੀ ਮਲੂਕਾ ਅਤੇ ਸਿੱਖ ਅਰਦਾਸ ਨੂੰ ਤੋੜ ਮਰੋੜ ਪੇਸ਼ ਕਰਨ ਵਾਲੇ ਪੁਜਾਰੀਆਂ ਦੇ ਖ਼ਿਲਾਫ਼ ਧਾਰਾ 295ਏ ਦੇ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮਲੂਕਾ ਦੇ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਆਪ ਪਾਰਟੀ ਵੱਲੋਂ ਸਿੱਖ ਸੰਗਤ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ।