ਮੁਹਾਲੀ ਦੇ ਨੌਜਵਾਨਾਂ ਨੂੰ ਚਿੱਟਾ ਵੇਚਣ ਵਾਲਾ ਗ੍ਰਿਫ਼ਤਾਰ, ਦੋ ਦਿਨ ਦਾ ਪੁਲੀਸ ਰਿਮਾਂਡ
ਫਿਰੋਜ਼ਪੁਰ ’ਚੋਂ ਨਸ਼ਾ ਲਿਆ ਕੇ ਮੁਹਾਲੀ ’ਚ 4500 ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਵੇਚਦਾ ਸੀ ਮੁਲਜ਼ਮ
ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਮੁਹਾਲੀ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਆਕਾਸ਼ਦੀਪ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ, ਜੋ ਇਸ ਸਮੇਂ ਪਿੰਡ ਕੁੰਭੜਾ (ਮੁਹਾਲੀ) ਵਿੱਚ ਰਹਿ ਰਿਹਾ ਸੀ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਬਾਰੇ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਮਗਰੋਂ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਨਵਦੀਪ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਨਾਕਾਬੰਦੀ ਦੌਰਾਨ ਆਕਾਸ਼ਦੀਪ ਸਿੰਘ ਨੂੰ 11 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਸ ’ਤੇ ਮੁਹਾਲੀ ਦੇ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਨ ਦਾ ਦੋਸ਼ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਆਕਾਸ਼ਦੀਪ ਸਿੰਘ ਨੇ ਮੰਨਿਆਂ ਕਿ ਉਹ ਫਿਰੋਜ਼ਪੁਰ ਤੋਂ 2 ਹਜ਼ਾਰ ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਹੈਰੋਇਨ ਖ਼ਰੀਦ ਕੇ ਲਿਆਉਂਦਾ ਹੈ ਅਤੇ ਮੁਹਾਲੀ ਵਿੱਚ 4500 ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਆਪਣੇ ਪੱਕੇ ਗਾਹਕਾਂ ਨੂੰ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫੜੇ ਜਾਣ ਦੇ ਡਰੋਂ ਮੁਹਾਲੀ ਵਿੱਚ ਕੁਝ ਦਿਨਾਂ ਬਾਅਦ ਹੀ ਪੀਜੀ ਬਦਲ ਲੈਂਦਾ ਸੀ। ਇਸ ਸਮੇਂ ਉਹ ਆਪਣੀ ਪਤਨੀ ਨਾਲ ਪਿੰਡ ਕੁੰਭੜਾ ਦੇ ਇੱਕ ਪੀਜੀ ਵਿੱਚ ਰਹਿ ਰਿਹਾ ਸੀ। ਆਕਾਸ਼ਦੀਪ ਵਿਰੁੱਧ ਪਹਿਲਾਂ ਵੀ ਮੁਹਾਲੀ ਵਿੱਚ ਇੱਕ ਅਤੇ ਫਿਰੋਜ਼ਪੁਰ ਵਿੱਚ ਨਸ਼ਾ ਤਸਕਰੀ ਦਾ ਇੱਕ ਪਰਚਾ ਦਰਜ ਹੈ।
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਨਵਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਆਕਾਸ਼ਦੀਪ ਸਿੰਘ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਉਹ ਫਿਰੋਜ਼ਪੁਰ ’ਚੋਂ ਕਿਸ ਕੋਲੋਂ ਹੈਰੋਇਨ ਖ਼ਰੀਦ ਕੇ ਲਿਆਉਂਦਾ ਸੀ ਅਤੇ ਇਸ ਧੰਦੇ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਹੁਣ ਤੱਕ ਕਿੰਨੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਮੁਹਾਲੀ ਅਤੇ ਆਸਪਾਸ ਖੇਤਰ ਵਿੱਚ ਨੌਜਵਾਨਾਂ ਨੂੰ ਸਪਲਾਈ ਕੀਤੇ ਗਏ ਹਨ।