
ਮੈਨੇਜਰ ਕਤਲ ਕਾਂਡ: ਨਵਾਂ ਗਾਉਂ ਪੁਲੀਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ, ਤੀਜੇ ਸਾਥੀ ਨੂੰ ਦਿੱਤੀ ਕਲੀਨ ਚਿੱਟ
ਡੀਐਸਪੀ ਤੇ ਐਸਐਚਓ ਦੀ ਨਿਗਰਾਨੀ ਹੇਠ ਪਿੰਡ ਮੌਲੀ ਜੱਗਰਾਂ ਤੋਂ ਪਾਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਇੱਥੋਂ ਦੇ ਨੇੜਲੇ ਕਸਬਾ ਨਵਾਂ ਗਾਉਂ ਦੇ ਕਾਹਲੋ ਫਾਰਮ ਹਾਊਸ ਦੇ ਮੈਨੇਜਰ ਬਲਕਾਰ ਸਿੰਘ (65) ਵਾਸੀ ਪਿੰਡ ਸੋਹੀਆ ਕਲਾਂ (ਅੰਮ੍ਰਿਤਸਰ) ਦੀ ਕੁਹਾੜੀ ਨਾਲ ਹਮਲਾ ਕਰਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਅਜੀਤ ਪਾਸੀ ਅਤੇ ਮੁਕੇਸ਼ ਕੁਮਾਰ ਵਾਸੀ ਪਿੰਡ ਬਦੋਲੀ (ਯੂਪੀ) ਨੂੰ ਯੂਟੀ ਦੇ ਪਿੰਡ ਮੌਲੀ ਜੱਗਰਾਂ ਤੋਂ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਅਤੇ ਥਾਣਾ ਮੁਖੀ ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਮ੍ਰਿਤਕ ਮੈਨੇਜਰ ਦੇ ਬੇਟੇ ਅਜੀਤ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਨਵਾਂ ਗਾਉਂ ਥਾਣੇ ਵਿੱਚ 302 ਦਾ ਕੇਸ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਦੇ ਦੱਸਦ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਤੀਜੇ ਸਾਥੀ ਮਨੀਸ਼ ਕੁਮਾਰ ਦਾ ਮੁੱਢਲੀ ਜਾਂਚ ਵਿੱਚ ਕੋਈ ਰੋਲ ਸਾਹਮਣੇ ਨਹੀਂ ਆਇਆ ਹੈ। ਹਮਲਾਵਰ ਵੀ ਫਾਰਮ ਹਾਊਸ ਵਿੱਚ ਹੀ ਵੱਖਰੇ ਕਮਰੇ ਵਿੱਚ ਰਹਿੰਦੇ ਸੀ।
ਐਸਐਸਪੀ ਚਾਹਲ ਨੇ ਦੱਸਿਆ ਕਿ ਬਲਕਾਰ ਸਿੰਘ ਕਾਫੀ ਸਮੇਂ ਤੋਂ ਕਾਹਲੋਂ ਫਾਰਮ ਹਾਊਸ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ। ਜਦੋਂਕਿ ਉਕਤ ਵਿਅਕਤੀ ਉਸ ਦੇ ਅਧੀਨ ਕੰਮ ਕਰਦੇ ਸੀ ਅਤੇ ਮੈਨੇਜਰ ਉਨ੍ਹਾਂ ਨੂੰ ਹਮੇਸ਼ਾ ਤਾੜ ਕੇ ਰੱਖਦਾ ਸੀ। ਜਿਸ ਦੀ ਉਹ ਉਸ ਨਾਲ ਸ਼ੁਰੂ ਤੋਂ ਖਾਰ ਖਾਂਦੇ ਸੀ। ਲੰਘੇ ਐਤਵਾਰ ਦੇਰ ਰਾਤ ਨੂੰ ਅਜੀਤ ਪਾਸੀ, ਮੁਕੇਸ਼ ਕੁਮਾਰ ਅਤੇ ਮਨੀਸ਼ ਆਪਣੇ ਕਮਰੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸੀ। ਮੈਨੇਜਰ ਅਕਸਰ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਡੱਕਦਾ ਸੀ। ਜਿਸ ਕਾਰਨ ਉਨ੍ਹਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਗੱਲ ਖੂੰਨੀ ਸੰਘਰਸ਼ ਤੱਕ ਪਹੁੰਚ ਗਈ। ਇਸ ਦੌਰਾਨ ਜਦੋਂ ਬਲਕਾਰ ਸਿੰਘ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਤਾਂ ਮੁਲਜ਼ਮਾਂ ਨੇ ਉਸ ਦੇ ਸਿਰ ਵਿੱਚ ਕੁਹਾੜੀ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਬੀਤੀ 16 ਜੂਨ ਨੂੰ ਬਲਕਾਰ ਸਿੰਘ ਦੀ ਮੌਤ ਹੋ ਗਈ।