
ਤੂੜੀ ਦੀ ਕੀਮਤ ਵਿੱਚ ਹੋਏ ਬੇਤਹਾਸ਼ਾ ਵਾਧੇ ਕਾਰਨ ਤੰਗ ਹਨ ਗਊਸ਼ਾਲਾ ਦੇ ਪ੍ਰਬੰਧਕ
ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਤੂੜੀ ਖਰੀਦਣ ਲਈ ਮਦਦ ਦੀ ਗੁਹਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਮੁਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦੇ ਇਕ ਵਫ਼ਦ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਗਊਸ਼ਾਲਾਵਾਂ ਨੂੰ ਤੂੜੀ ਖਰੀਦਣ ਲਈ ਸਹਾਇਤਾ ਰਾਸ਼ੀ ਦਿਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊ ਗਰਾਸ ਸੇਵਾ ਸਮਿਤੀ ਮੁਹਾਲੀ ਦੇ ਸਕੱਤਰ ਬ੍ਰਿਜ ਮੋਹਨ ਜੋਸ਼ੀ ਨੇ ਕਿਹਾ ਕਿ ਜ਼ਿਲਾ ਮੁਹਾਲੀ ਵਿਖੇ ਰਜਿਸਟਰਡ ਅਤੇ ਨਾਨ-ਰਜਿਸਟਰਡ ਲਗਭਗ 20 ਗਊਸ਼ਾਲਾਵਾਂ ਹਨ। ਜਿਨ੍ਹਾਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਤਕਰੀਬਨ 10 ਹਜ਼ਾਰ ਬੇ-ਸਹਾਰਾ ਗਊਧੰਨ ਦੀ ਸੇਵਾ-ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਊਸ਼ਾਲਾਵਾਂ ਦੀ ਅਪਣੀ ਆਮਦਨ ਦਾ ਕੋਈ ਸਾਧਨ ਨਹੀਂ ਹੈ ਅਤੇ ਸਾਰੀਆਂ ਗਊਸ਼ਾਲਾਵਾਂ ਦਾਨ ਤੇ ਆਸ਼ਰਿਤ ਹਨ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਪਿੱਛਲੇ ਲਗਭਗ ਦੋ ਸਾਲਾਂ ਦੌਰਾਨ ਕਰੋਨਾ ਦੇ ਕਾਰਣ ਗਊਸ਼ਾਲਾਵਾਂ ਵਿੱਚ ਲੋਕਾਂ ਦਾ ਆਉਣਾ ਬਹੁਤ ਘੱਟ ਗਿਆ ਹੈ, ਜਿਸ ਕਰਕੇ ਦਾਨ ਦੀ ਕਮੀ ਕਾਰਨ ਗਊਸ਼ਾਲਾਵਾਂ ਦੀਆਂ ਕਮੇਟੀਆਂ ਮੁਸ਼ਕਲ ਹਲਾਤਾਂ ਵਿੱਚ ਚਾਰਾ ਉਧਾਰ ਲੈਕੇ ਗਊਧੰਨ ਦੀ ਸੇਵਾ-ਸੰਭਾਲ ਦਾ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਗਊਧੰਨ ਦੀ ਖੁਰਾਕ ਦਾ ਮੁੱਖ ਚਾਰਾ ਤੂੜੀ/ਪਰਾਲੀ/ਸੁੱਕਾ ਭੂਸਾ ਹੈ, ਜੋ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋ ਹਰ ਸਾਲ ਸੀਜ਼ਨ ਦੇ ਸਮੇ ਖਰੀਦ ਕੇ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਪੂਰਾ ਸਾਲ ਗਊਆਂ ਨੂੰ ਦਿੱਤਾ ਜਾ ਸਕੇ ਪਰ ਇਸ ਸੀਜਨ ਤੂੜੀ ਦਾ ਰੇਟ ਪਿੱਛਲੇ ਸੀਜਨ ਨਾਲੋਂ ਤਿੰਨ ਗੁਣਾ ਹੋ ਗਿਆ ਹੈ, ਜਿਸਦਾ ਵੱਡਾ ਕਾਰਨ ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿੱਚ ਕਣਕ ਦੀ ਪੈਦਾਵਾਰ ਦਾ ਘੱਟ ਹੋਣਾ ਹੈ ਅਤੇ ਉਹਨਾਂ ਖੇਤਰਾਂ ਦੇ ਲੋਕ ਪੰਜਾਬ ਤੋਂ ਤੂੜੀ ਮਹਿੰਗੇ ਰੇਟਾਂ ਤੇ ਖਰੀਦ ਕੇ ਆਪਣੇ ਇਲਾਕਿਆਂ ਵਿੱਚ ਲਿਜਾ ਰਹੇ ਹਨ। ਇਸਦੇ ਨਾਲ ਹੀ ਗੱਤਾ ਫੈਕਟਰੀਆਂ, ਇੱਟਾਂ ਦੇ ਭੱਠਿਆਂ ਅਤੇ ਹੋਰਨਾਂ ਕਈ ਕਾਰਖਾਨਿਆਂ ਵਿੱਚ ਵੱਡੀ ਮਾਤਰਾ ਵਿੱਚ ਤੂੜੀ ਦੀ ਵਰਤੋ ਕਰਨ ਦੇ ਕਾਰਨ ਵੀ ਇਸਦਾ ਰੇਟ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਅੱਜ ਸਥਿੱਤੀ ਇਹ ਹੈ ਕਿ ਕਈ ਦਲਾਲ ਵੱਡੇ ਵਪਾਰੀਆਂ ਨਾਲ ਮਿਲਕੇ ਤੂੜੀ ਦੀ ਕਾਲਾ ਬਜ਼ਾਰੀ ਕਰਨ ਲਈ ਸਟੋਰ ਕਰ ਰਹੇ ਹਨ, ਜਿਸ ਕਾਰਨ ਗਊਸ਼ਾਲਾਵਾਂ ਵਾਸਤੇ ਮਾਰਕੀਟ ਵਿੱਚ ਤੂੜੀ ਉਪਲੱਬਧ ਨਹੀਂ ਹੈ। ਉਪਰੋਕਤ ਕਾਰਣਾਂ ਕਰਕੇ ਭਵਿੱਖ ਵਿੱਚ ਤੂੜੀ ਸੰਕਟ ਅਤੇ ਅਪਾਤਕਾਲ ਦੀ ਸਥਿਤੀ ਤੋਂ ਬਚਣ ਲਈ ਸਮਾਂ ਰਹਿੰਦੇ ਉਚਿੱਤ ਪ੍ਰਬੰਧ ਕਰਨ ਦੀ ਜਰੂਰਤ ਹੈ। ਉਹਨਾਂ ਮੰਗ ਕੀਤੀ ਕਿ ਤੂੜੀ ਦੀ ਕਾਲਾਬਾਜਾਰੀ ਬੰਦ ਕਰਵਾਈ ਜਾਵੇ, ਪੰਜਾਬ ਤੋਂ ਦੂਜੇ ਰਾਜਾਂ ਨੂੰ ਤੂੜੀ ਭੇਜਣ ਤੇ ਪਾਬੰਦੀ ਲਗਾਈ ਜਾਵੇ ਅਤੇ ਗਊਸ਼ਾਲਾਵਾਂ ਨੂੰ ਤੂੜੀ ਖਰੀਦਣ ਲਈ ਗਰਾਂਟ ਜਾਰੀ ਕੀਤੀ ਜਾਵੇ। ਇਸ ਮੌਕੇ ਸੁਧੀਰ ਗੋਇਲ, ਕਰਮ ਚੰਦ ਸ਼ਰਮਾ, ਰਾਜ ਕੁਮਾਰ ਰੈਨਾ, ਪੰਕਜ ਅਰੋੜਾ, ਮਨੋਜ ਰਾਵਤ, ਓਮ ਪ੍ਰਕਾਸ਼, ਅਮਿਤ, ਤਾਰਾ ਚੰਦ, ਕ੍ਰਿਸ਼ਨ ਲਾਲ ਸ਼ਰਮਾ ਵੀ ਮੌਜੂਦ ਸਨ।