
ਮਾਣਕਪੁਰ ਕੱਲਰ: ਅਦਾਲਤੀ ਕੇਸ ਦੇ ਬਾਵਜੂਦ ਗਲੀ ਬਣਾਉਣ ਦਾ ਕੰਮ ਜਾਰੀ
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਅਤੇ ਸਾਬਕਾ ਪੰਚ ਨੇ ਲਾਇਆ ਸਿਆਸੀ ਦਬਾਅ ਪਾਉਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪਿੰਡ ਮਾਣਕਪੁਰ ਕੱਲਰ ਦੀ ਗਲੀ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਕੇਸ ਪਿਛਲੇ 6 ਸਾਲਾਂ ਤੋਂ ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ ਚੱਲ ਰਿਹਾ ਹੈ। ਇਸ ਸਬੰਧੀ ਜਿੱਥੇ ਪਹਿਲਾਂ ਪੰਚਾਇਤ ਵਿਭਾਗ ਅੱਖਾਂ ਬੰਦ ਕਰਕੇ ਬੈਠਾ ਸੀ, ਉੱਥੇ ਸਿਆਸੀ ਦਬਾਅ ਕਾਰਨ ਅਦਾਲਤੀ ਕੇਸ ਦੇ ਬਾਵਜੂਦ ਜਲਦਬਾਜ਼ੀ ਵਿੱਚ ਵਿਵਾਦਿਤ ਗਲੀ ਬਣਾਈ ਜਾ ਰਹੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਪੰਚ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਅਤੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪੰਚਾਇਤ ਮੰਤਰੀ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਦੇ ਹਨ ਕਿ ਅਸੀਂ ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਵੱਡੇ ਪੱਧਰ ’ਤੇ ਖਾਲੀ ਕਰਵਾ ਰਹੇ ਹਾਂ ਪਰ ਮੁਹਾਲੀ ਵਿੱਚ ਆਪ ਆਗੂ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਥਾਂ ਗਲੀ ਨੂੰ ਪੱਕਾ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ। ਜਿਸ ਦੀ ਮਿਸਾਲ ਪਿੰਡ ਮਾਣਕਪੁਰ ਕੱਲਰ ਤੋਂ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਾਸੀ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਵੀ ਪਹੁੰਚ ਕੀਤੀ ਗਈ ਸੀ ਪਰ ਅੱਜ ਤੱਕ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ 17 ਫਰਵਰੀ 2023 ਨੂੰ ਸਰਪੰਚ ਕਰਮ ਸਿੰਘ ਨੇ ਦੱਸਿਆ ਕਿ ਉਕਤ ’ਤੇ ਗਲੀ ਦੀ ਉਸਾਰੀ ਕਰਵਾਉਣ ਲਈ ਹੁਕਮਰਾਨਾਂ ਵੱਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ, ਤੁਸੀਂ ਲੋਕ ਅਦਾਲਤੀ ਕੇਸ ਦੀ ਕਾਪੀ ਲੈ ਕੇ ਡਾਇਰੈਕਟਰ ਪੰਚਾਇਤ ਨੂੰ ਮਿਲੋ, ਜਦਕਿ ਅਸੀਂ ਹੱਥੀਂ ਦਰਖਾਸਤ ਦੇਣ ਦੇ ਬਾਵਜੂਦ ਬੀਤੀ 21 ਫਰਵਰੀ ਨੂੰ ਬੀਡੀਪੀਓ ਨੂੰ ਮਿਲ ਕੇ ਸਾਰੀ ਗੱਲ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਜਾਇਜ਼ ਕਬਜ਼ਾ ਹਟਾ ਕੇ ਗਲੀ ਬਣਾਉਣ ’ਤੇ ਕੋਈ ਇਤਰਾਜ਼ ਨਹੀਂ ਹੈ ਪ੍ਰੰਤੂ ਬੀਤੇ ਕੱਲ੍ਹ 2 ਮਾਰਚ ਨੂੰ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਉਨ੍ਹਾਂ ਪੰਚਾਇਤ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜਿਨ੍ਹਾਂ ਪੰਚਾਇਤ ਅਫ਼ਸਰਾਂ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ, ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੀਡੀਪੀਓ, ਐਸਡੀਓ, ਜੇਈ ਅਤੇ ਪੰਚਾਇਤ ਸਕੱਤਰ ਤੋਂ ਇਲਾਵਾ ਅਦਾਲਤੀ ਕੇਸ ਹੋਣ ਕਾਰਨ ਮੌਜੂਦਾ ਸਰਪੰਚ ਨੇ ਅਦਾਲਤ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਉਕਤ ਅਫ਼ਸਰਾਂ ਖ਼ਿਲਾਫ਼ ਕੋਰਟ ਆਫ਼ ਕੰਟੈਂਪ ਦਾ ਕੇਸ ਦਾਇਰ ਕੀਤਾ ਜਾਵੇਗਾ।