nabaz-e-punjab.com

ਮਨੌਲੀ ਪੰਚਾਇਤ ਘੁਟਾਲਾ: ਰਜਿੰਦਰ ਸਿੰਘ ਦੈੜੀ ਦਾ ਪੁਲੀਸ ਰਿਮਾਂਡ ਵਧਾਇਆ

ਸਾਬਕਾ ਸਰਪੰਚ ਤੇ ਦੋ ਸਾਬਕਾ ਬੀਡੀਪੀਓ, ਪੰਚਾਇਤ ਸਕੱਤਰਾਂ ਸਮੇਤ 11 ਮੁਲਜ਼ਮ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਿੰਡ ਮਨੌਲੀ ਵਿੱਚ ਕਥਿਤ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਰਜਿੰਦਰ ਸਿੰਘ ਵਾਸੀ ਦੈੜੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਦੁਬਾਰਾ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਮੁੜ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਵਿਜੀਲੈਂਸ ਬਿਊਰੋ ਦੇ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਰਜਿੰਦਰ ਸਿੰਘ ਬਿਨਾਂ ਰਜਿਸਟਰਡ ਫਰਮ ਤੋਂ ਰੇਤੇ, ਬਜਰੀ ਅਤੇ ਸੀਮਿੰਟ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਨੇ ਅਕਾਲੀ ਸਰਕਾਰ ਦੌਰਾਨ ਪਿੰਡ ਮਨੌਲੀ ਵਿੱਚ ਵਿਕਾਸ ਕਾਰਜਾਂ ਲਈ ਵਰਤਿਆਂ ਜਾਣ ਵਾਲਾ ਮਟੀਰੀਅਲ ਸਪਲਾਈ ਕੀਤਾ ਸੀ ਅਤੇ ਜਾਅਲੀ ਬਿੱਲ ਬਣਾ ਕੇ ਫੰਡ ਹੜੱਪੇ ਗਏ ਹਨ। ਵਿਜੀਲੈਂਸ ਅਨੁਸਾਰ ਰਜਿੰਦਰ ਸਿੰਘ ਦੀ ਫਰਮ ਨਾ ਤਾਂ ਸਰਕਾਰ ਕੋਲ ਰਜਿਸਟਰਡ ਹੈ ਅਤੇ ਨਾ ਹੀ ਉਸ ਕੋਲ ਵੈਟ ਨੰਬਰ ਹੈ।
ਡੀਐਸਪੀ ਨੇ ਦੱਸਿਆ ਕਿ ਮਨੌਲੀ ਪੰਚਾਇਤ ਵਿੱਚ ਹੋਏ ਕਰੋੜਾਂ ਦੀ ਹੇਰਾਫੇਰੀ ਸਬੰਧੀ ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਸਮੇਤ ਦੋ ਸਾਬਕਾ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਤੇ ਮਲਵਿੰਦਰ ਸਿੰਘ, ਦੋ ਪੰਚਾਇਤ ਸਕੱਤਰ ਹਾਕਮ ਸਿੰਘ ਤੇ ਰਵਿੰਦਰ ਸਿੰਘ ਖ਼ਿਲਾਫ਼ ਧਾਰਾ 420 ਅਤੇ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਰਦੀਪ ਸਿੰਘ ਤੇ ਜਸਵਿੰਦਰ ਸਿੰਘ ਦੋਵੇਂ ਵਾਸੀ ਪਟਿਆਲਾ, ਬਲਜਿੰਦਰ ਸਿੰਘ ਵਾਸੀ ਸੰਤੇਮਾਜਰਾ, ਰਜਿੰਦਰ ਸਿੰਘ ਦੈੜੀ, ਹਰਜੀਤ ਸਿੰਘ ਬਨੂੜ, ਗੁਣਤਾਸ ਸੰਧਾ ਉਰਫ਼ ਗਿੰਨੀ ਵਾਸੀ ਚੰਡੀਗੜ੍ਹ ਅਤੇ ਨਵੀਨ ਕੌਰ ਢਿੱਲੋਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਰਜਿੰਦਰ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਜੀਲੈਂਸ ਦੀ ਜਾਂਚ ਅਨੁਸਾਰ ਦਸੰਬਰ 2011 ਨੂੰ ਪਿੰਡ ਮਨੌਲੀ ਦੀ 115 ਵਿਘੇ ਜ਼ਮੀਨ ਗਮਾਡਾ ਵੱਲੋਂ ਐਕਵਾਇਰ ਕੀਤੀ ਗਈ ਸੀ ਅਤੇ ਇਸ ਬਦਲੇ ਪੰਚਾਇਤ ਨੂੰ 2012 ਵਿੱਚ 40,40,90,408 ਰੁਪਏ ਦੀ ਰਕਮ ਪ੍ਰਾਪਤ ਹੋਈ ਸੀ। ਮਨੌਲੀ ਪੰਚਾਇਤ ਦੇ ਨਾਂ ਬਾਕਰਪੁਰ ਦੇ ਬੈਂਕ ਵਿੱਚ ਬੀਡੀਪੀਓ ਮਾਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਸਰਪੰਚ ਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਦੇ ਦਸਖਤਾਂ ਅਤੇ ਮੋਹਰਾਂ ਹੇਠ ਖਾਤਾ ਖੋਲ੍ਹਿਆ ਗਿਆ ਸੀ। ਇਸ ਖਾਤੇ ’ਚੋਂ 25 ਹਜ਼ਾਰ ਰੁਪਏ ਤੋਂ ਵੱਧ ਰਕਮ ਕਢਵਾਉਣ ਲਈ ਤਿੰਨਾਂ ਖਾਤਾ ਧਾਰਕਾਂ ਦੇ ਦਸਖ਼ਤ ਹੋਣੇ ਲਾਜ਼ਮੀ ਸਨ।
2016 ਵਿੱਚ 2 ਕਰੋੜ ਰੁਪਏ ਦੀ ਰਕਮ ਗਰਾਮ ਪੰਚਾਇਤ ਮਨੌਲੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ’ਚੋਂ ਕਢਵਾ ਕੇ ਐਚਡੀਐਫ਼ਸੀ ਬੈਂਕ ਦੇ ਖਾਤੇ ਵਿੱਚ ਜਮ੍ਹਾ ਕਰਵਾਈ ਗਈ। ਇਸ ਮਗਰੋਂ ਇਹ ਰਾਸ਼ੀ ਵੱਖ ਵੱਖ ਚੈੱਕਾਂ ਰਾਹੀਂ ਕੌੜਾ ਸੀਮਿੰਟ ਸਟੋਰ, ਕੌੜਾ ਆਇਰਨ ਸਟੋਰ, ਲਾਡੀ ਸੀਮਿੰਟ ਸਟੋਰ ਅਤੇ ਹੋਰਨਾਂ ਫਰਮਾਂ ਨੂੰ ਅਦਾਇਗੀ ਕਰਕੇ ਖਾਤਾ ਬੰਦ ਕਰਵਾ ਦਿੱਤਾ ਗਿਆ। ਉਨ੍ਹਾਂ ਫਰਮਾਂ ਕੋਲੋਂ ਬਿਨਾਂ ਸਮਾਨ ਦੀ ਖਰੀਦੋ ਫਰੋਖਤ ਕੀਤੇ ਚੈੱਕ ਜਾਰੀ ਕਰ ਦਿੱਤੇ ਗਏ, ਜਦੋਂਕਿ ਤਤਕਾਲੀ ਸਰਪੰਚ ਅਵਤਾਰ ਸਿੰਘ ਦੇ ਦਸਖ਼ਤ ਅਤੇ ਮੋਹਰਾਂ ਦੀ ਫਰੈਂਸਿਕ ਜਾਂਚ ਕਰਵਾਉਣ ’ਤੇ ਇਹ ਗੱਲ ਸਾਹਮਣੇ ਆਈ ਕਿ ਬਾਕਰਪੁਰ ਬੈਂਕ ਦੇ ਖਾਤੇ ’ਚੋਂ ਪੈਸੇ ਕਢਵਾਉਣ ਲਈ ਅਵਤਾਰ ਸਿੰਘ ਦੇ ਜਾਅਲੀ ਦਸਖ਼ਤ ਅਤੇ ਜਾਅਲੀ ਮੋਹਰਾਂ ਦੀ ਵਰਤੋਂ ਕੀਤੀ ਗਈ ਸੀ। ਜਿਨ੍ਹਾਂ ਫਰਮਾਂ ਨੂੰ ਚੈੱਕ ਰਾਹੀਂ ਪੈਸੇ ਦਿੱਤੇ ਗਏ, ਉਨ੍ਹਾਂ ਫਰਮਾਂ ਦੇ ਮਾਲਕਾਂ ਵੱਲੋਂ ਬੀਡੀਪੀਓ ਜਤਿੰਦਰ ਢਿੱਲੋਂ ਦੇ ਜਾਣਕਾਰ ਕੁਕਰੇਜਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ। ਇਹੀ ਨਹੀਂ ਬੀਡੀਪੀਓ ਢਿੱਲੋਂ ਦੀ ਪਤਨੀ ਨਵੀਨ ਕੌਰ ਨਾਲ ਮਿਲੀ ਭੁਗਤ ਕਰਕੇ ਇੱਕ ਪਲਾਟ ਖਰੀਦਿਆਂ ਗਿਆ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …