
ਮਨੀਪੁਰ ਘਟਨਾ: ਕਿਸਾਨਾਂ ਤੇ ਬੀਬੀਆਂ ਵੱਲੋਂ ਗਵਰਨਰ ਹਾਊਸ ਵੱਲ ਕੂਚ ਕਰਨ ਦਾ ਯਤਨ
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਬੈਰੀਕੇਟਿੰਗ ਕਰਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕਿਆ
ਕਿਸਾਨਾਂ ਤੇ ਬੀਬੀਆਂ ਨੇ ਪੁੱਡਾ ਗਰਾਉਂਡ ਮੁਹਾਲੀ ਵਿੱਚ ਕੀਤੀ ਰੋਸ ਰੈਲੀ
ਨਬਜ਼-ਏ-ਪੰਜਾਬ, ਮੁਹਾਲੀ, 6 ਅਗਸਤ:
ਮਨੀਪੁਰ ਵਿੱਚ 2 ਅੌਰਤਾਂ ਦੀ ਨਗਨ ਪਰੇਡ ਅਤੇ ਅਨੇਕਾਂ ਹੋਰ ਪੀੜਤਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਦੇ ਘਿਣਾਉਣੇ ਜੁਰਮਾਂ ਸਮੇਤ ਦੇਸ਼ ਭਰ ਵਿੱਚ ਭਾਜਪਾ ਹਕੂਮਤ ਦੀ ਨਫ਼ਰਤ ਭਰੀ ਨੀਤੀਆਂ ਵਿਰੁੱਧ ਪੰਜਾਬ ਦੀਆਂ ਅੌਰਤਾਂ ਨੇ ਅੱਜ ਵਰ੍ਹਦੇ ਮੀਂਹ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਗਵਰਨਰ ਹਾਊਸ ਵੱਲ ਕੂਚ ਕਰਨ ਦਾ ਯਤਨ ਕੀਤਾ।
ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਅੌਰਤਾਂ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਗਰਾਉਂਡ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਵੱਡੀ ਭੀੜ ਜਮ੍ਹਾ ਹੋ ਗਈ। ਉਨ੍ਹਾਂ ਨੇ ਇੱਥੇ ਮਨੀਪੁਰ ਘਟਨਾ ਅਤੇ ਹੋਰ ਭਖਦੇ ਮੁੱਦਿਆਂ ’ਤੇ ਚਰਚਾ ਕਰਨ ਮਗਰੋਂ ਬਾਅਦ ਦੁਪਹਿਰ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਗਵਰਨਰ ਹਾਊਸ ਵੱਲ ਕੂਚ ਕੀਤਾ ਗਿਆ ਲੇਕਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿੱਛੇ ਨੇਚਰ ਪਾਰਕ ਨੇੜੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੁਲੀਸ ਨੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਲਿਆ। ਇਸ ਮਗਰੋਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ 20 ਮੈਂਬਰੀ ਵਫ਼ਦ ਨੂੰ ਰਾਜਪਾਲ ਨਾਲ ਮੁਲਾਕਾਤ ਕਰਵਾਉਣ ਲਈ ਲਿਜਾਇਆ ਗਿਆ। ਜਿੱਥੇ ਉਨ੍ਹਾਂ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਮੰਚ ਸੰਚਾਲਕ ਕਮਲਜੀਤ ਕੌਰ ਬਰਨਾਲਾ, ਜਸਵੀਰ ਕੌਰ ਉਗਰਾਹਾਂ, ਗੁਰਮੇਲ ਕੌਰ ਦੁਲਮਾਂ, ਸਰੋਜ ਰਾਣੀ ਮਾਨਸਾ, ਹਰਿੰਦਰ ਕੌਰ ਮੱਦੂਛਾਂਗਾ ਅਤੇ ਦਵਿੰਦਰ ਕੌਰ ਗੁਰਦਾਸਪੁਰ ਨੇ ਕਿਹਾ ਕਿ ਮਨੀਪੁਰ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਅੌਰਤਾਂ ਨੂੰ ਨਿਰਵਸਤਰ ਕਰਕੇ ਸਰ੍ਹੇਬਾਜਾਰ ਬੇਪੱਤ ਕਰਨ ਵਾਲੀ ਭੀੜ ਜੁਟਾਉਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਫਿਰਕੂਫਾਸ਼ੀ ਕਤਲਓਗਾਰਦ ਸਾੜਫੂਕ, ਲੁੱਟਮਾਰ, ਪਿੰਡਾਂ ਦਾ ਉਜਾੜਾ ਅਤੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਬੰਦ ਕੀਤੀ ਜਾਵੇ। ਮਨੀਪੁਰ ਦੇ ਕਬਾਇਲੀ ਭਾਈਚਾਰਿਆਂ ਦੇ ਜਲ, ਜੰਗਲ ਤੇ ਜ਼ਮੀਨਾਂ ਹਥਿਆਉਣ ਅਤੇ ਹਿੰਸਕ ਕਦਮ ਵਾਪਸ ਲਏ ਜਾਣ। ਫਿਰਕੂ ਤੇ ਭਾਈਚਾਰਕ ਅਮਨ ਦੀ ਬਹਾਲੀ ਯਕੀਨੀ ਬਣਾਈ ਜਾਵੇ। ਜੰਗਲ ਸੰਭਾਲ (ਸੋਧ) ਕਾਨੂੰਨ 2023 ਵਾਪਸ ਲਿਆ ਜਾਵੇ।
ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਦੋਸ਼ ਲਾਇਆ ਕਿ ਭਾਜਪਾ ਹਕੂਮਤ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਿੰਦੂ ਬਹੁਗਿਣਤੀ ਦਾ ਵੋਟ ਲਾਹਾ ਲੈਣ ਲਈ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ। ਬਰਤਾਨਵੀ ਸਾਮਰਾਜੀਆਂ ਤੋਂ ਵਿਰਸੇ ਵਿੱਚ ਮਿਲੀ ਪਾੜੋ ਤੇ ਰਾਜ ਕਰੋ ਦੀ ਇਸ ਫਿਰਕੂਫਾਸ਼ੀ ਨੀਤੀ ਦਾ ਅਸਲ ਨਿਸ਼ਾਨਾ ਕਿਰਤੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਉਨ੍ਹਾਂ ਦੇ ਜਲ, ਜੰਗਲ, ਜ਼ਮੀਨ ਸਮੇਤ ਜਨਤਕ ਕਾਰੋਬਾਰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕਰਨਾ ਹੈ ਅਤੇ ਬੇਰੁਜ਼ਗਾਰੀ ਦਾ ਹੜ੍ਹ ਲਿਆ ਕੇ ਕਿਰਤ ਦੀ ਲੁੱਟ ਸਿਖਰਾਂ ’ਤੇ ਪਹੁੰਚਾਉਣਾ ਹੈ।
ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਫ਼ਿਰਕਾਪ੍ਰਸਤੀ ਤਹਿਤ ਘੱਟ ਗਿਣਤੀ ਕੁੱਕੀ ਆਦਿਵਾਸੀ ਕਬੀਲੇ ਨੂੰ ਨਿਸ਼ਾਨਾ ਬਣਾ ਕੇ ਸੈਂਕੜੇ ਪਿੰਡਾਂ ਅਤੇ 300 ਚਰਚ ਘਰਾਂ ਨੂੰ ਸਾੜਨਾ, 150 ਤੋਂ ਵੱਧ ਕਤਲ ਅਤੇ ਪਿੰਡਾਂ ਦਾ ਉਜਾੜਾ ਕਰਨ ਸਮੇਤ ਅੌਰਤਾਂ ’ਤੇ ਅੱਤਿਆਚਾਰ ਇਸੇ ਨੀਤੀ ਦਾ ਹਿੱਸਾ ਹੈ। ਮਨਦੀਪ ਕੌਰ ਬਾਰਨ ਨੇ ਦੋਸ਼ ਲਾਇਆ ਕਿ ਅਜਿਹੇ ਹਿੰਸਕ ਅਨਸਰਾਂ ਵੱਲੋਂ ਸੈਂਕੜੇ ਥਾਣਿਆਂ ਦੇ 4500 ਤੋਂ ਵੱਧ ਆਧੁਨਿਕ ਹਥਿਆਰ, 5 ਲੱਖ ਤੋਂ ਵੱਧ ਗੋਲੀ ਸਿੱਕਾ ਅਤੇ ਪੁਲੀਸ ਵਰਦੀਆਂ ਲੁੱਟਣ ਮੌਕੇ ਪੁਲੀਸ ਵੱਲੋਂ ਅੱਖਾਂ ਮੀਚਣਾ ਬਿਰੇਨ ਸਰਕਾਰ ਦੀ ਫਾਸ਼ੀਵਾਦ ਨੀਤੀ ਦਾ ਮੂੰਹੋਂ ਬੋਲਦਾ ਸਬੂਤ ਹੈ।

ਜੋਗਿੰਦਰ ਸਿੰਘ ਉਗਰਾਹਾਂ ਨੇ ਸਮੂਹ ਇਨਸਾਫ਼ਪਸੰਦ ਲੋਕਾਂ ਦੀ ਤਰਫ਼ੋਂ ਅਜਿਹੇ ਅਣਮਨੁੱਖੀ ਕਾਰਿਆਂ ਪ੍ਰਤੀ ਬਿਰੇਨ ਸਰਕਾਰ ਵੱਲੋਂ ਹੱਲਾਸ਼ੇਰੀ ਵਾਲੇ ਫਾਸ਼ੀਵਾਦੀ ਵਤੀਰੇ ਅਤੇ ਕੇਂਦਰ ਸਰਕਾਰ ਦੀ ਹਮਾਇਤੀ ਚੁੱਪ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਝੰਡਾ ਸਿੰਘ ਜੇਠੂਕੇ, ਸ਼ੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ, ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਅੌਰਤਾਂ ਹਾਜ਼ਰ ਸਨ।