
ਮਨੀਪੁਰ ਕਾਂਡ: ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਨੇ ਕੀਤਾ ਰੋਸ ਪ੍ਰਦਰਸ਼ਨ
ਨਬਜ਼-ਏ-ਪੰਜਾਬ, ਮੁਹਾਲੀ, 21 ਜੁਲਾਈ:
ਮਨੀਪੁਰ ਵਿੱਚ ਦੋ ਅੌਰਤਾਂ ਨੂੰ ਨੰਗਾ ਕਰਕੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਵਿਰੋਧ ਵਿੱਚ ਅੱਜ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਵੱਲੋਂ ਜ਼ਿਲ੍ਹਾ ਅਦਾਲਤ ਮੁਹਾਲੀ ਦੇ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਮਿਸਾਲੀ ਸਜਾਵਾਂ ਦੇਣ ਦੀ ਮੰਗ ਕੀਤੀ। ਸੰਸਥਾ ਦੇ ਕੌਮੀ ਸਕੱਤਰ ਜਸਪਾਲ ਸਿੰਘ ਦੱਪਰ ਨੇ ਕਿਹਾ ਕਿ ਮਨੀਪੁਰ ਵਿੱਚ ਜੋ ਵਾਕਿਆ ਹੋਇਆ ਹੈ ਉਹ ਦੇਸ਼ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਇਸ ਘਟਨਾ ਨਾਲ ਭਾਰਤ ਦਾ ਨਾਂ ਦੁਨੀਆ ਭਰ ਵਿੱਚ ਸ਼ਰਮਸਾਰ ਹੋਇਆ ਹੈ। ਉਨ੍ਹਾਂ ਇਸ ਘਟਨਾ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਢਾਈ ਮਹੀਨੇ ਤੋਂ ਮਨੀਪੁਰ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਵਿੱਚ ਹੁਣ ਤੱਕ ਕਰੀਬ 150 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ। ਇਸ ਹਿੰਸਾ ਵਿੱਚ ਸੈਂਕੜੇ ਘਰ ਅਤੇ ਧਾਰਮਿਕ ਸਥਾਨ ਤਬਾਹ ਹੋ ਗਏ ਹਨ। ਸਰਕਾਰਾਂ ਇਸ ਨੂੰ ਜਿੱਥੇ ਘਟਨਾ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਉੱਥੇ ਮਨੀਪੁਰ ਸਰਕਾਰ ਇਸ ਹਿੰਸਾ ਨੂੰ ਵੋਟ ਦੀ ਰਾਜਨੀਤੀ ਵਜੋਂ ਵਰਤ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਨੀਪੁਰ ਦੇ ਮੁੱਖ ਮੰਤਰੀ ਐਨ. ਬਿਰੇਨ ਸਿੰਘ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਘਟਨਾ 4 ਮਈ 2023 ਦੀ ਹੈ ਪਰ ਰਾਜ ਸਰਕਾਰ ਨੇ ਦੋ ਮਹੀਨੇ ਬੀਤਣ ਤੋਂ ਬਾਅਦ ਵੀ ਹੁਣ ਤੱਕ ਦੋਸ਼ੀਆਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਇਸ ਘਟਨਾ ਕ੍ਰਮ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਬੜੇ ਲੰਬੇ ਸਮੇਂ ਤੋਂ ਬਾਅਦ ਚੁੱਪ ਤੋੜੀ ਹੈ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਨੂੰ ਦੇਸ਼ ਵਿੱਚ ਸੰਵਿਧਾਨ ਤੇ ਕਾਨੂੰਨ ਦਾ ਰਾਜ ਬਣਾਈ ਰੱਖਣ ਲਈ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿੱਚ ਲੋਕ ਅਮਨ ਚੈਨ ਨਾਲ ਰਹਿ ਸਕਣ।
ਦਰਸ਼ਨ ਸਿੰਘ ਧਾਲੀਵਾਲ ਅਤੇ ਹਰਨਾਂ ਵਕੀਲਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਨੀਪੁਰ ਦੇ ਮੁੱਖ ਮੰਤਰੀ ਨੇ ਆਪਣੀ ਸੰਵਿਧਾਨਿਕ ਡਿਊਟੀ ਨਿਭਾਉਣ ਵਿੱਚ ਲਾਪ੍ਰਵਾਹੀ ਕੀਤੀ ਹੈ। ਲਿਹਾਜ਼ਾ ਉਸ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕਰਕੇ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਅਤੇ ਮਨੀਪੁਰ ਵਿੱਚ ਹਿੰਸਾ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਇਸ ਮੌਕੇ ਐਸੋਸੀਏਸ਼ਨ ਨੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ ਚੰਦਰਚੂੜ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਮਨੀਪੁਰ ਘਟਨਾ ਦਾ ਆਪਣੇ ਤੌਰ ’ਤੇ ਨੋਟਿਸ ਲੈ ਕੇ ਸਬੰਧਤ ਧਿਰਾਂ ਨੂੰ ਹੁਕਮ ਦਿੱਤੇ ਕਿ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ।
ਇਸ ਮੌਕੇ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਦੇ ਆਗੂ ਦਰਸ਼ਨ ਸਿੰਘ ਧਾਲੀਵਾਲ, ਜ਼ਿਲ੍ਹਾ ਬਾਰ ਦੇ ਸਾਬਕਾ ਪ੍ਰਧਾਨ ਸਨੇਹਪ੍ਰੀਤ ਸਿੰਘ, ਅਮਰਜੀਤ ਸਿੰਘ ਲੌਂਗੀਆਂ, ਗੁਰਵਿੰਦਰ ਸਿੰਘ ਅੌਲਖ, ਵਿਕਰਮਜੀਤ ਸਿੰਘ, ਡੀਕੇ ਵੱਤਸ, ਸੀਐਸ ਬਾਵਾ, ਐਚਐਸ ਰੱਕੜ, ਹਰਸਿਮਰਨ ਸਿੰਘ, ਚੌਧਰੀ ਦਰਸ਼ਨ ਲਾਲ, ਮੋਹਿਤ ਵਰਮਾ, ਭਾਵਿਆ, ਸਲਮਾਨ ਖਾਨ ਹਾਜ਼ਰ ਸਨ।