400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਮੋਹਨ ਸਿੰਘ ਦਾ ਸ਼ਬਦ ਗਾਇਨ ‘ਦੁਖ ਭੰਜਨੁ ਤੇਰਾ ਨਾਮੁ ਜੀ’ ਰਿਲੀਜ਼

ਹਰਭਜਨ ਮਾਨ ਵੱਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਕੀਤਾ ਗਿਆ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਅਮਰੀਕਾ ਰਹਿੰਦੇ ਮੁਹਾਲੀ ਦੇ ਵਸਨੀਕ ਇੰਜੀਨੀਅਰ ਮਨਮੋਹਨ ਸਿੰਘ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ‘ਦੁਖ ਭੰਜਨੁ ਤੇਰਾ ਨਾਮੁ ਜੀ’ ਰਿਲੀਜ਼ ਕੀਤਾ ਗਿਆ। ਕੋਵਿਡ ਦੇ ਚੱਲਦਿਆਂ ਰਿਲੀਜ਼ ਦੀ ਰਸਮ ਵਰਚੂਅਲ ਤਰੀਕੇ ਨਾਲ ਪ੍ਰਸਿੱਧ ਗਾਇਕ ਤੇ ਫ਼ਿਲਮ ਅਦਾਕਾਰ ਹਰਭਜਨ ਮਾਨ ਵੱਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਰਿਲੀਜ਼ ਕੀਤਾ ਗਿਆ। ਉਨ੍ਹਾਂ ਨੇ ਇਹ ਜਾਣਕਾਰੀ ਅੱਜ ਇੱਥੇ ਲਿਖਤੀ ਰੂਪ ਵਿੱਚ ਮੀਡੀਆ ਨਾਲ ਸਾਂਝੀ ਕੀਤੀ।
ਹਰਭਜਨ ਮਾਨ ਨੇ ਇਸ ਉਦਮ ਲਈ ਮਨਮੋਹਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਮਰੀਕੀ-ਭਾਰਤੀ ਹੋਣ ਦੇ ਨਾਤੇ, ਦੋਵਾਂ ਦੇਸ਼ਾਂ ਸਣੇ ਵਿਸ਼ਵ ਭਰ ਵਿੱਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੇ ਵੀ ਮਨਮੋਹਨ ਸਿੰਘ ਦਾ ਮਨ ਟੁੰਬਿਆ। ਉਨ੍ਹਾਂ ਆਪਣੀ ਰਸ-ਭਿੰਨੀ ਆਵਾਜ਼ ਵਿੱਚ ਬਹੁਤ ਹੀ ਪਿਆਰ ਅਦਬ ਅਤੇ ਸ਼ਰਧਾ ਨਾਲ ਇਸ ਸ਼ਬਦ ਨੂੰ ਗਾਇਆ ਹੈ ਜੋ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਨਾਲ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੱਤ ਸਮੁੰਦਰ ਪਾਰ ਵੀ ਉਹ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ ਜਿਸ ਲਈ ਵਧਾਈ ਦੇ ਪਾਤਰ ਹਨ।
ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਸ਼ਬਦ ਦਾ ਸੰਗੀਤ ‘ਦਾ ਬੌਸ‘ ਵੱਲੋਂ ਕੀਤਾ ਗਿਆ ਜਦੋਂ ਕਿ ਇਸ ਦੇ ਨਿਰਮਾਤਾ ਤੇ ਨਿਰਦੇਸ਼ਕ ਅਮਰਦੀਪ ਕੌਰ ਹਨ। ਇਸ ਦੀ ਵੀਡੀਓਗ੍ਰਾਫ਼ੀ ਲਈ ਬਹੁਤਾ ਫ਼ਿਲਮਾਂਕਣ ਅਮਰੀਕਾ ਵਿੱਚ ਹੀ ਕੀਤਾ ਗਿਆ ਹੈ ਜਦੋਂ ਕਿ ਕੁੱਝ ਹਿੱਸਾ ਪੰਜਾਬ ਵਿੱਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਉੱਪਰ ਜਿੱਥੇ ਹਰਭਜਨ ਮਾਨ ਦੇ ਪੇਜ ਉੱਪਰ ਇਹ ਉਪਲਬਧ ਹੈ ਉੱਥੇ ਯੂ.ਟਿਊਬ ਉੱਪਰ ਇਹ ਏਐਮ ਰਿਕਾਰਡਜ਼ ’ਤੇ ਮਿਲੇਗਾ।

ਭਾਰਤ ਵਿੱਚ ਵਰਚੂਅਲ ਤਰੀਕੇ ਨਾਲ ਇਸ ਸ਼ਬਦ ਗਾਇਨ ਨੂੰ ਰਿਲੀਜ਼ ਕਰਵਾਉਣ ਵਾਲੇ ਮਨਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਹਾਲੀ ਵਿੱਚ ਪੜ੍ਹੇ-ਲਿਖੇ ਪਰਿਵਾਰ ਵਿੱਚ ਜਨਮੇ ਮਨਮੋਹਨ ਸਿੰਘ ਨੇ ਕਰਨਾਟਕਾ ਦੇ ਪਾਲਕੀ ਤੋਂ ਇੰਜਨੀਅਰ ਦੀ ਪੜ੍ਹਾਈ ਕੀਤੀ ਹੈ ਅਤੇ ਅੱਜ ਕੱਲ੍ਹ ਉਹ ਅਮਰੀਕਾ ਦੇ ਸੂਬੇ ਐਰੋਜੀਨਾ ਦੀ ਰਾਜਧਾਨੀ ਫਿਨਿਕਸ ਵਿਚ ਇਕ ਨਾਮੀ ਕੰਪਨੀ ਦੇ ਵਾਈਸ ਪੈ੍ਰਜ਼ੀਡੈਂਟ ਹਨ। ਉਨ੍ਹਾਂ ਦੱਸਿਆ ਕਿ ਨੌਵੀਂ ਪਾਤਸ਼ਾਹੀ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ਮੌਕੇ ਰਿਲੀਜ਼ ਕੀਤੇ ਇਸ ਸ਼ਬਦ ਗਾਇਨ ਦੇ ਨਾਲ ਮਨਮੋਹਨ ਸਿੰਘ ਨੇ ਕਰੋਨਾ ਮਹਾਂਮਾਰੀ ਅਤੇ ਕਿਸਾਨੀ ਅੰਦੋਲਨ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਨੂੰ ਵੀ ਸਿਜਦਾ ਕੀਤਾ ਹੈ।

Load More Related Articles

Check Also

ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ, ਨਾਅਰੇਬਾਜ਼ੀ

ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ, ਨਾਅਰੇਬਾਜ਼ੀ ਕੈਬਨਿਟ-ਸਬ ਕਮੇ…