Share on Facebook Share on Twitter Share on Google+ Share on Pinterest Share on Linkedin ਰਾਜਸਥਾਨ ਕਾਡਰ ਦੇ ਸਾਬਕਾ ਆਈਏਐਸ ਮਨੋਹਰ ਕਾਂਤ ਕਲੋਹੀਆ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ ਮੋਤੀਆਂ ਵਾਲੀ ਸਰਕਾਰ ਨੇ ਆਪਣੇ ਚਹੇਤੇ ਅਫ਼ਸਰ ਨੂੰ ਸਰਕਾਰੀ ਅਹੁਦੇ ਦਾ ਲਾਭ ਦੇਣ ਲਈ ਖ਼ੁਦ ਹੀ ਤੋੜੇ ਨਿਯਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ: ਪੰਜਾਬ ਸਰਕਾਰ ਵੱਲੋਂ ਸਾਬਕਾ ਆਈਏਐਸ ਅਫ਼ਸਰ ਮਨੋਹਰ ਕਾਂਤ ਕਲੋਹੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਲਾਇਆ ਗਿਆ ਹੈ। ਇਸ ਸਬੰਧੀ ਅੱਜ ਦੇਰ ਸ਼ਾਮੀ 5:30 ਵਜੇ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਦੇ ਦਫ਼ਤਰ ਵਿੱਚ ਈਮੇਲ ਦੁਆਰਾ ਤਾਜ਼ਾ ਆਦੇਸ਼ ਪ੍ਰਾਪਤ ਹੋਏ। ਹਾਲਾਂਕਿ ਦਫ਼ਤਰ 5 ਵਜੇ ਬੰਦ ਹੋ ਜਾਂਦਾ ਹੈ ਪ੍ਰੰਤੂ ਪ੍ਰੀਖਿਆਵਾਂ ਦੇ ਮੱਦੇਨਜ਼ਰ ਬੋਰਡ ਰਾਤ ਨੂੰ ਕਰੀਬ ਅੱਠ ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਤਾਜ਼ਾਂ ਹੁਕਮਾਂ ’ਤੇ ਸਿੱਖਿਆ ਸਕੱਤਰ ਕਮ ਬੋਰਡ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਦੇ ਦਸਖ਼ਤ ਕੀਤੇ ਹੋਏ ਹਨ। ਐਮਬੀਏ ਅਤੇ ਪੋਸਟ ਗਰੈਜੂਏਸ਼ਨ ਸ੍ਰੀ ਕਲੋਹੀਆ ਰਾਜਸਥਾਨ ਕਾਰਡ 1983 ਬੈਚ ਦੇ ਆਈਏਐਸ ਹਨ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਇੰਡਸਟਰੀ ਵਿਭਾਗ ਦੇ ਕਮਿਸ਼ਨਰ ਜੈਪੁਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ। ਇਸ ਤੋਂ ਪਹਿਲਾਂ ਉਹ ਸ਼ਹਿਰੀ ਵਿਕਾਸ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਰਹੇ ਹਨ। ਸਰਕਾਰੀ ਪੱਤਰ ਅਨੁਸਾਰ ਨਵੇਂ ਬੋਰਡ ਮੁਖੀ ਦੀ ਨਿਯੁਕਤੀ ਬਾਰੇ ਨਿਯਮ ਅਤੇ ਸ਼ਰਤਾਂ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ। ਪੰਜਾਬ ਬੋਰਡ ਪਿਛਲੇ ਕੁਝ ਸਮੇਂ ਤੋਂ ਬਹੁਤ ਚਰਚਾ ਵਿੱਚ ਰਿਹਾ ਹੈ। ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੋਰਡ ਦੀ ਚੇਅਰਪਰਸ਼ਨ ਤੇਜਿੰਦਰ ਕੌਰ ਧਾਲੀਵਾਲ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰ ਨਾਮਜ਼ਦ ਕਰਕੇ ਉਨ੍ਹਾਂ ਦੀ ਥਾਂ ’ਤੇ ਉਸ ਸਮੇਂ ਦੇ ਡੀਪੀਆਈ ਤੇ ਉੱਘੇ ਸਿੱਖਿਆ ਸ਼ਾਸ਼ਤਰੀ ਬਲਬੀਰ ਸਿੰਘ ਢੋਲ ਨੂੰ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ ਇਸ ਅਹੁਦੇ ’ਤੇ 5 ਮਹੀਨੇ ਹੀ ਸੇਵਾ ਕਰ ਸਕੇ। ਕਿਉਂਕਿ ਕੁਝ ਸਮੇਂ ਬਾਅਦ ਹੀ ਸੱਤਾ ਪਰਿਵਰਤਨ ਮਗਰੋਂ ਸ੍ਰੀ ਢੋਲ ਨੇ 25 ਮਈ 2017 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੀ ਥਾਂ ’ਤੇ ਸਰਕਾਰ ਵੱਲੋਂ ਕੁਝ ਦਿਨਾਂ ਲਈ ਉਸ ਸਮੇਂ ਦੇ ਸਿੱਖਿਆ ਸਕੱਤਰ ਜੀ ਵਿਜਰਾਲਿੰਗਮ ਨੂੰ ਬੋਰਡ ਮੁਖੀ ਦਾ ਵਾਧੂ ਚਾਰਜ ਦਿੱਤਾ ਗਿਆ। ਪ੍ਰੰਤੂ ਬਾਅਦ ਵਿੱਚ ਪੰਜਾਬ ਕੈਬਨਿਟ ਵੱਲੋਂ ਇਹ ਰੂਲ ਬਣਾਏ ਗਏ ਸੀ ਕਿ ਭਵਿੱਖ ਵਿੱਚ ਕਿਸੇ ਸੀਨੀਅਰ ਆਈਏਐਸ ਅਧਿਕਾਰੀ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇਗਾ। ਇਸ ਸਬੰਧੀ ਬਕਾਇਦਾ ਨਿਯਮਾਂ ਵਿੱਚ ਸੋਧ ਵੀ ਕੀਤੀ ਗਈ ਸੀ ਲੇਕਿਨ ਹੁਣ ਕੈਪਟਨ ਸਰਕਾਰ ਨੇ ਆਪਣੇ ਚਹੇਤੇ ਅਫ਼ਸਰ ਨੂੰ ਬੋਰਡ ਦਾ ਮੁਖੀ ਲਗਾਉਣ ਲਈ ਖ਼ੁਦ ਹੀ ਆਪਣੇ ਬਣਾਏ ਨਿਯਮ ਤੋੜ ਦਿੱਤੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ