nabaz-e-punjab.com

ਪਿੰਡ ਮਨੌਲੀ ਪੰਚਾਇਤ ਫੰਡਾਂ ’ਚ ਹੇਰਾਫੇਰੀ: ਮੁਹਾਲੀ ਅਦਾਲਤ ਵੱਲੋਂ ਪੰਚਾਇਤ ਸਕੱਤਰ ਦਾ 5 ਰੋਜ਼ਾ ਪੁਲੀਸ ਰਿਮਾਂਡ

ਸਾਬਕਾ ਸਰਪੰਚ ਅਵਤਾਰ ਸਿੰਘ ਹਾਲੇ ਤੱਕ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਜ਼ਦੀਕੀ ਪਿੰਡ ਮਨੌਲੀ ਵਿੱਚ ਪੰਚਾਇਤ ਫੰਡਾਂ ਵਿੱਚ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਪੰਚਾਇਤ ਸਕੱਤਰ ਰਵਿੰਦਰ ਸਿੰਘ ਵਾਸੀ ਪਿੰਡ ਮੋਟੇਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਸਾਬਕਾ ਸਰਪੰਚ ਅਵਤਾਰ ਸਿੰਘ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਧੋਖਾਧੜੀ ਦੇ ਇਸ ਮਾਮਲੇ ਵਿੱਚ ਖਰੜ ਦੇ ਦੋ ਸਾਬਕਾ ਬੀਡੀਪੀਓਜ਼, ਪੰਚਾਇਤ ਸਕੱਤਰ, ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਸਮੇਤ 12 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਰਵਿੰਦਰ ਸਿੰਘ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਇਸ ਮਾਮਲੇ ਦੀ ਪੜਤਾਲ ਦੌਰਾਨ ਪਾਇਆ ਗਿਆ ਸੀ ਕਿ ਦਸੰਬਰ 2011 ਨੂੰ ਪਿੰਡ ਮਨੌਲੀ ਦੀ 115 ਵਿੱਘੇ ਜ਼ਮੀਨ ਗਮਾਡਾ ਵੱਲੋਂ ਅਕਵਾਇਰ ਕੀਤੀ ਗਈ ਸੀ ਅਤੇ ਇਸ ਜ਼ਮੀਨ ਦੇ ਬਦਲੇ ਪਿੰਡ ਮਨੌਲੀ ਦੀ ਪੰਚਾਇਤ ਨੂੰ ਕਰੋੜਾਂ ਰੁਪਏ ਦੀ ਰਕਮ ਪ੍ਰਾਪਤ ਹੋਈ ਸੀ। ਗ੍ਰਾਮ ਪੰਚਾਇਤ ਮਨੌਲੀ ਦੇ ਨਾਮ ਤੇ ਪਿੰਡ ਬਾਕਰਪੁਰ ਦੇ ਇਕ ਬੈਂਕ ਵਿੱਚ ਉਸ ਸਮੇਂ ਦੇ ਸਰਪੰਚ ਅਵਤਾਰ ਸਿੰਘ, ਰਵਿੰਦਰ ਸਿੰਘ ਪੰਚਾਇਤ ਸਕੱਤਰ, ਮਾਲਵਿੰਦਰ ਸਿੰਘ ਬੀਡੀਪੀਓ ਖਰੜ ਦੇ ਦਸਖ਼ਤਾਂ ਅਤੇ ਮੋਹਰਾਂ ਹੇਠ ਖਾਤਾ ਖੁਲਵਾਇਆ ਗਿਆ ਸੀ। 2016 ਵਿੱਚ 2 ਕਰੋੜ ਰੁਪਏ ਦੀ ਰਕਮ ਗ੍ਰਾਮ ਪੰਚਾਇਤ ਮਨੌਲੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ’ਚੋਂ ਕਢਵਾ ਕੇ ਐਚਡੀਐਫ਼ਸੀ ਬੈਂਕ ਦੇ ਖਾਤੇ ਵਿੱਚ ਜਮਾਂ ਕਰਵਾਈ ਗਈ ਸੀ।
ਵਿਜੀਲੈਂਸ ਦੀ ਜਾਂਚ ਅਨੁਸਾਰ ਉਕਤ 2 ਕਰੋੜ ਰੁਪਏ ਦੀ ਰਕਮ ਜਮਾਂ ਹੋਣ ਮਗਰੋਂ ਵੱਖ ਵੱਖ ਚੈੱਕਾਂ ਰਾਹੀਂ ਕੌੜਾ ਸੀਮਿੰਟ ਸਟੋਰ, ਕੌੜਾ ਆਇਰਨ ਸਟੋਰ, ਲਾਡੀ ਸੀਮਿੰਟ ਸਟੋਰ ਵਰਗੀਆਂ ਫਰਮਾਂ ਅਤੇ ਹੋਰਨਾਂ ਨੂੰ ਕਰੀਬ 2 ਕਰੋੜ ਰੁਪਏ ਦੀ ਅਦਾਇਗੀ ਕਰਕੇ ਖਾਤਾ ਬੰਦ ਕਰਵਾ ਦਿੱਤਾ ਗਿਆ ਸੀ। ਜਾਂਚ ਵਿੱਚ ਪਾਇਆ ਗਿਆ ਕਿ ਉਨ੍ਹਾਂ ਫਰਮਾਂ ਕੋਲੋਂ ਬਿਨਾਂ ਸਮਾਨ ਦੀ ਖਰੀਦ ਕੀਤੇ ਹੀ ਚੈੱਕ ਜਾਰੀ ਕਰ ਦਿੱਤੇ ਗਏ, ਜਦੋਂਕਿ ਅਵਤਾਰ ਸਿੰਘ ਸਰਪੰਚ ਦੇ ਦਸਖ਼ਤ ਅਤੇ ਮੋਹਰਾਂ ਦੀ ਫਰੈਂਸਿਕ ਜਾਂਚ ਕਰਵਾਉਣ ਉਪਰੰਤ ਸਾਹਮਣੇ ਆਇਆ ਕਿ ਬਾਕਰਪੁਰ ਵਿਚਲੇ ਬੈਂਕ ਵਿੱਚ ਖੋਲੇ ਗਏ ਖਾਤੇ ਵਿੱਚ ਅਵਤਾਰ ਸਿੰਘ ਦੇ ਦਸਖ਼ਤ ਅਤੇ ਮੋਹਰਾਂ ਅਸਲ ਸਨ, ਜਦੋਂਕਿ ਪੈਸੇ ਕਢਵਾਉਣ ਸਮੇਂ ਦਿੱਤੇ ਗਏ ਚੈੱਕਾਂ ਤੇ ਅਵਤਾਰ ਸਿੰਘ ਸਰਪੰਚ ਦੇ ਫਰਜੀ ਦਸਖ਼ਤ ਅਤੇ ਫਰਜੀ ਮੋਹਰ ਦੀ ਵਰਤੋਂ ਕੀਤੀ ਗਈ ਸੀ। ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਜਿਨ੍ਹਾਂ ਫਰਮਾਂ ਨੂੰ ਚੈੱਕ ਰਾਹੀਂ ਪੈਸੇ ਦਿੱਤੇ ਗਏ, ਉਨ੍ਹਾਂ ਫਰਮਾਂ ਦੇ ਮਾਲਕਾਂ ਵੱਲੋਂ ਸਾਬਕਾ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਦੇ ਜਾਣਕਾਰ ਕੁਕਰੇਜਾ ਦੇ ਖਾਤੇ ’ਚ ਪੈਸੇ ਟਰਾਂਸਫਰ ਕੀਤੇ ਗਏ, ਇਹੀ ਨਹੀਂ ਬੀਡੀਪੀਓ ਢਿੱਲੋਂ ਦੀ ਪਤਨੀ ਨਵੀਨ ਕੌਰ ਢਿੱਲੋਂ ਨਾਲ ਮਿਲੀ ਭੁਗਤ ਕਰਕੇ ਇੱਕ ਪਲਾਟ ਦੀ ਵੀ ਖਰੀਦ ਕੀਤੀ ਗਈ ਸੀ।
ਇਸ ਸਬੰਧੀ ਵਿਜੀਲੈਂਸ ਨੇ ਜਤਿੰਦਰ ਸਿੰਘ ਬੀਡੀਪੀਓ, ਮਾਲਵਿੰਦਰ ਸਿੰਘ ਬੀਡੀਪੀਓ, ਰਵਿੰਦਰ ਸਿੰਘ ਪੰਚਾਇਤ ਸਕੱਤਰ, ਹਾਕਮ ਸਿੰਘ ਪੰਚਾਇਤ ਸਕੱਤਰ, ਅਵਤਾਰ ਸਿੰਘ ਸਾਬਕਾ ਸਰਪੰਚ ਪਿੰਡ ਮਨੌਲੀ, ਹਰਦੀਪ ਸਿੰਘ ਵਾਸੀ ਜੁਝਾਰ ਨਗਰ (ਪਟਿਆਲਾ), ਜਸਵਿੰਦਰ ਸਿੰਘ ਵਾਸੀ ਜੁਝਾਰ ਨਗਰ (ਪਟਿਆਲਾ), ਬਲਜਿੰਦਰ ਸਿੰਘ ਵਾਸੀ ਸੰਤੇਮਾਜਰਾ (ਖਰੜ), ਰਜਿੰਦਰ ਸਿੰਘ ਵਾਸੀ ਪਿੰਡ ਦੈੜੀ, ਹਰਜੀਤ ਸਿੰਘ ਵਾਸੀ ਬਨੂੜ, ਗੁਣਤਾਸ ਸੰਧਾ ਉਰਫ਼ ਗਿੰਨੀ ਵਾਸੀ ਸੈਕਟਰ-7 ਚੰਡੀਗੜ੍ਹ ਅਤੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਦੀ ਪਤਨੀ ਨਵੀਨ ਕੌਰ ਖ਼ਿਲਾਫ਼ 409, 420, 467, 468, 471, 120ਬੀ ਅਤੇ ਭ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…