
ਸਿੱਧੂ ਦੀ ਅਗਵਾਈ ਹੇਠ ਕਈ ਕਾਂਗਰਸੀ ਆਗੂ ਤੇ ਸੈਂਕੜੇ ਵਰਕਰ ਭਾਜਪਾ ਵਿੱਚ ਸ਼ਾਮਲ
‘ਆਪ’ ਵਿਧਾਇਕ ਪੰਜਾਬ ਦੀ ਆਪ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਬਾਰੇ ਦੱਸਣ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਜੁਝਾਰ ਨਗਰ ਵਿੱਚ ਹੋਈ ਰੈਲੀ ਦੌਰਾਨ ਕਈ ਕਾਂਗਰਸੀ ਆਗੂਆਂ ਅਤੇ ਸੈਂਕੜੇ ਵਰਕਰਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਵਿਅਕਤੀਆਂ ਦਾ ਬਲਬੀਰ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਨੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਲੋਕ ਆਪ ਮੁਹਾਰੇ ਭਾਜਪਾ ਵੱਲ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਵਿਗੜੇ ਹਾਲਾਤ ਸੁਧਾਰਨ ਲਈ ਲੋਕਾਂ ਕੋਲ ਹੁਣ ਇੱਕੋ ਵਿਕਲਪ ਭਾਜਪਾ ਸਰਕਾਰ ਹੀ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਕਮਰਾਨਾਂ ਨੇ ਆਪਣੇ ਇੱਕ ਸਾਲ ਦੇ ਸ਼ਾਸਨ ਵਿੱਚ ਪੰਜਾਬ ਨੂੰ ਕਾਫ਼ੀ ਪਿੱਛੇ ਧੱਕ ਦਿੱਤਾ ਹੈ ਅਤੇ ਵਿਕਾਸ ਦੀ ਗੱਡੀ ਲੀਹ ਤੋਂ ਲੱਥ ਚੁੱਕੀ ਹੈ।
ਸ੍ਰੀ ਸਿੱਧੂ ਨੇ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਨੂੰ ਸੁਆਲ ਕੀਤਾ ਕਿ ਉਹ ਆਪਣੀ ਸਰਕਾਰ ਦੇ ਪਹਿਲੇ ਇੱਕ ਸਾਲ ਦੀ ਕਾਰਗੁਜ਼ਾਰੀ ਬਾਰੇ ਦੱਸਣ ਅਤੇ ਇਹ ਵੀ ਖ਼ੁਲਾਸਾ ਕਰਨ ਕਿ ਉਨ੍ਹਾਂ ਕਿ ਮੁਹਾਲੀ ਲਈ ਕਿਹੜਾ ਪ੍ਰਾਜੈਕਟ ਲਿਆਂਦਾ ਅਤੇ ਕਿਹੜੇ ਵਿਕਾਸ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਮੈਡੀਕਲ ਸਿਟੀ ਬਣਾਉਣ ਦੀਆਂ ਪਹਿਲਕਦਮੀਆਂ ਨੂੰ ਵਿਧਾਇਕ ਵੱਲੋਂ ਤਵੱਜੋ ਨਹੀਂ ਦਿੱਤੀ ਜਾ ਰਹੀ ਜਦੋਂਕਿ ਪਹਿਲਾਂ ਤੋਂ ਚੰਗੀ ਹਾਲਤ ਵਿੱਚ ਚੱਲਦੀਆਂ ਸਿਵਲ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ਦਾ ਨਾਮ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ।

ਇਸ ਮੌਕੇ ਜੁਝਾਰ ਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ, ਚੌਧਰੀ ਮਨਜੀਤ ਸਿੰਘ ਰਾਣਾ ਸਰਪੰਚ ਬਹਿਲੋਲਪੁਰ, ਸੁਖਦੀਪ ਸਿੰਘ ਝਾਮਪੁਰ ਸਰਪੰਚ, ਸਾਬਕਾ ਸਰਪੰਚ ਤੜੌਲੀ ਜਸਪਾਲ ਸਿੰਘ, ਚੌਧਰੀ ਸੁਰਿੰਦਰ ਸਿੰਘ ਸਾਬਕਾ ਸਰਪੰਚ ਬਹਿਲੋਲਪੁਰ, ਨਾਰੋ ਦੇਵੀ, ਬਿਮਲਾ ਦੇਵੀ, ਮੋਨੀ, ਦਰਸ਼ਨ (ਸਾਰੇ ਪੰਚ), ਰਾਮ, ਸਲੀਮ, ਬਾਬੂ ਖਾਨ, ਆਸ਼ੂ ਸਹੌੜਾ, ਲਾਲਾ ਰਡਿਆਲਾ, ਕਰਨ ਰਡਿਆਲਾ, ਰਿੰਕੂ ਮਲਕ, ਸਲੀਮ ਮਲਿਕ ਅਤੇ ਨਿਸ਼ੂ ਸਹੌੜਾ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਭਾਜਪਾ ਦਾ ਪੱਲਾ ਫੜਿਆ।