nabaz-e-punjab.com

ਪਟਿਆਲਾ ਦੀਆਂ ਸੜਕਾਂ ਦੀ ਮੁਰੰਮਤ ਅਤੇ ਡਰੇਨੇਜ ਸਿਸਟਮ ਨੂੰ ਸੁਧਾਰਨ ਸਮੇਤ ਅਨੇਕਾਂ ਵਿਕਾਸ ਪ੍ਰੋਜੈਕਟ ਹੋਣਗੇ ਸ਼ੁਰੂ

ਕੈਪਟਨ ਵੱਲੋਂ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ 30 ਕਰੋੜ ਮਨਜ਼ੂਰ, ਕਿਲ੍ਹਾ ਮੁਬਾਰਕ ਦੁਆਲੇ ਵਿਰਾਸਤੀ ਲਾਂਘਾ ਬਣਾਉਣ ਲਈ ਹਰੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੁਲਾਈ
ਪੰਜਾਬ ਸਰਕਾਰ ਨੇ ਅੱਜ ਪਟਿਆਲਾ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਹੋਰ ਕਈ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਸਰਕਾਰ ਨੇ ਆਪਣੇ ਵਿਕਾਸ ਏਜੰਡੇ ਵਜੋਂ ਸ਼ਹਿਰ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਲਈ ਲਗਪਗ 30 ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਕ ਹੋਰ ਫੈਸਲੇ ਵਿਚ ਮੁੱਖ ਮੰਤਰੀ ਨੇ ਅਦਾਲਤ ਬਜ਼ਾਰ ਤੋਂ ਇਤਿਹਾਸਕ ਕਿਲ੍ਹਾ ਮੁਬਾਰਕ ਤੱਕ ਚੌਂਕ ਨੂੰ ਵਿਰਾਸਤੀ ਲਾਂਘੇ ਵਜੋਂ ਵਿਕਸਤ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਮੋਦੀ ਪਲਾਜ਼ਾ ਵਿਖੇ ਅਤੇ ਮੰਦਰ ਸ਼੍ਰੀ ਕਾਲੀ ਮਾਤਾ ਦੇ ਪਿਛਲੇ ਪਾਸੇ ਜ਼ਮੀਨਦੋਜ਼ ਕੂੜਾਦਾਨ ਸਥਾਪਤ ਕਰਨ ਲਈ ਸ਼ਹਿਰ ਵਿੱਚ ਦੋ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਅਗਲੇ ਪੜਾਅ ਵਿੱਚ 20 ਹੋਰ ਥਾਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਸ ’ਤੇ 2.6 ਕਰੋੜ ਦੀ ਲਾਗਤ ਆਵੇਗੀ।
ਸਰਕਾਰੀ ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਜੋ ਪਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਸ਼ਹਿਰੀ ਇਲਾਕੇ ਦੇ ਡਰੇਨੇਜ ਸਿਸਟਮ ਨੂੰ ਸੁਚਾਰੂ ਬਣਾਉਣ ਅਤੇ ਸੁਧਾਰ ਲਿਆਉਣ ਲਈ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜੋ ਪਟਿਆਲਾ ਛੋਟੀ ਨਦੀ, ਜੈਕੋਬਜ਼ ਡਰੇਨ ਅਤੇ ਮਾਡਲ ਟਾਊਨ ਡਰੇਨ ਵਿਖੇ ਸਥਿਤ ਹਨ। ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੀ ਰੋਕਥਾਮ ਲਈ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਅਤੇ ਕੈਂਪਾ ਅਧੀਨ ਬੀੜ ਖੁੱਲ੍ਹੇ ਮਾਜਰਾ ਅਤੇ ਬੀੜ ਮਜਾਲ ਵਿਖੇ ਤਾਰ ਲਾਉਣ ਦੀ ਯੋਜਨਾ ਬਣਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਡੇਅਰੀਆਂ ਨੂੰ ਸ਼ਹਿਰ ਦੀ ਹੱਦ ’ਚੋਂ ਬਾਹਰ ਕੱਢਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਸੀਵਰੇਜ ਅਤੇ ਗੰਦੇ ਪਾਣੀ ਦੇ ਵਹਾਅ ਵਿੱਚ ਪੈਦਾ ਹੁੰਦੀ ਰੁਕਾਵਟ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਸਰਕਾਰ ਵੱਲੋਂ ਸ਼ਹਿਰ ਵਿੱਚ ਇਕ ਨਵੀਂ ਮੱਛੀ ਮੰਡੀ ਸਥਾਪਤ ਕਰਨ ਤੋਂ ਇਲਾਵਾ ਕੈਂਪਾਂ ਅਤੇ ਗਰੀਨ ਮਿਸ਼ਨ ਪੰਜਾਬ ਅਧੀਨ ਇਕ ਨੇਚਰ ਪਾਰਕ ਅਤੇ ਨਰਸਰੀ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਸ਼ਹਿਰ ਦੇ ਪਾਰਕਾਂ ਦਾ ਵਿਕਾਸ ਕਰਨ ਲਈ ਵੱਖਰੇ ਤੌਰ ’ਤੇ ਇਕ ਕਰੋੜ ਰੁਪਏ ਰੱਖੇ ਗਏ ਹਨ। ਬਹੁ-ਮੰਜ਼ਲੀ ਪਾਰਕਿੰਗ ਦੀ ਸਥਾਪਨਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਸਟਰੀਟ ਲਾਇਟਾਂ ਨੂੰ ਬਿਜਲੀ ਦੀ ਬੱਚਤ ਵਾਲੀਆਂ ਐਲ.ਈ.ਡੀ. ਲਾਈਟਾਂ ਵਿੱਚ ਬਦਲਿਆ ਜਾਵੇਗਾ। ਇਲਾਕੇ ਵਿਚ 52 ਮਾਡਲ ਆਂਗਣਵਾੜੀ ਕੇਂਦਰ ਵਿਕਸਤ ਕਰਨ ਦਾ ਵੀ ਪ੍ਰਸਤਾਵ ਹੈ ਅਤੇ ਇਸ ਤੋਂ ਇਲਾਵਾ ਝੁੱਗੀ-ਝੌਂਪੜੀ ਵਾਲੇ ਬੱਚਿਆਂ ਲਈ ਇਕ ਸਕੂਲ ਚਲਾਉਣ ਵਾਸਤੇ ਅਵਸਰ ਪ੍ਰੋਜੈਕਟ ਦਾ ਆਰੰਭ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਕਰਕੇ ਪਿਛਲੀ ਸਰਕਾਰ ਦੌਰਾਨ ਪਟਿਆਲਾ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਗਿਆ ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਸੂਬਾ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਚੁੱਕੇ ਕਦਮਾਂ ਨਾਲ ਇਸ ਖਿੱਤੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਂਦਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Development and Work

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…