Share on Facebook Share on Twitter Share on Google+ Share on Pinterest Share on Linkedin ਕਰਫਿਊ: ਮੁਹਾਲੀ ਵਿੱਚ ਨੌਕਰੀਆਂ ਕਰ ਰਹੇ ਬਾਹਰਲੇ ਜ਼ਿਲ੍ਹਿਆਂ ਦੇ ਕਾਫੀ ਲੋਕ ਕਸੂਤੇ ਫਸੇ ਪੀੜਤ ਮੁਲਾਜ਼ਮਾਂ ਦਾ ਦਰਦ ਸੁਣਨ ਨੂੰ ਤਿਆਰ ਨਹੀਂ ਹੈ ਮੁਹਾਲੀ ਪ੍ਰਸ਼ਾਸਨ ਬਲਵਿੰਦਰ ਕੁੰਭੜਾ ਨੇ ਦਰਜਨ ਪੀੜਤ ਨੌਜਵਾਨਾਂ ਨੂੰ ਰਾਤੋ ਰਾਤ ਘਰ ਪਹੁੰਚਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ: ਕਰੋਨਾਵਾਇਰਸ ਕਾਰਨ ਕਰਫਿਊ ਦੇ ਮੱਦੇਨਜ਼ਰ ਮੁਹਾਲੀ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਕਰ ਰਹੇ ਬਾਹਰਲੇ ਜ਼ਿਲ੍ਹਿਆਂ ਦੇ ਕਾਫੀ ਲੋਕ ਕਸੂਤੇ ਫਸ ਗਏ ਹਨ। ਪੀੜਤਾਂ ਦਾ ਕਹਿਣਾ ਹੈ ਕਿ ਮੁਹਾਲੀ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਉਧਰ ਉਨ੍ਹਾਂ ਦੇ ਮਾਪੇ ਡਾਢੇ ਪ੍ਰੇਸ਼ਾਨ ਹਨ। ਪੀੜਤਾਂ ਨੇ ਦੱਸਿਆ ਕਿ ਨਾ ਤਾਂ ਇੱਧਰੋਂ ਪ੍ਰਸ਼ਾਸਨ ਉਨ੍ਹਾਂ ਨੂੰ ਆਪੋ ਆਪਣੇ ਘਰ ਜਾਣ ਲਈ ਵਿਸ਼ੇਸ਼ ਪਾਸ ਦੇ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਲੈਣ ਇੱਧਰ ਆ ਸਕਦੇ ਹਨ। ਗੁਰਪ੍ਰੀਤ ਕੌਰ ਪੁੱਤਰੀ ਤਰਲੋਕ ਸਿੰਘ ਵਾਸੀ ਸ਼ਿਵ ਮੰਦਰ ਕਲੋਨੀ, ਮਹਿੰਦਰਗੰਜ ਰਾਜਪੁਰਾ, ਸ਼ਸ਼ੀ ਨਿਊ ਡਾਲਿਮਾਵਿਹਾਰ ਕਲੋਨੀ, ਰਾਜਪੁਰਾ ਅਤੇ ਮਨੀਸ਼ਾ ਪੁੱਤਰੀ ਨਰਿੰਦਰ ਕੁਮਾਰ ਵਾਸੀ ਪਿੰਡ ਹਰਨਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਮੁਹਾਲੀ ਦੇ ਐਸਡੀਐਮ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਘਰ ਜਾਣ ਦੀ ਆਗਿਆ ਮੰਗੀ ਹੈ। ਇਹ ਤਿੰਨੇ ਲੜਕੀਆਂ ਮੁਹਾਲੀ ਵਿੱਚ ਨਾਮੀ ਆਈਟੀ ਕੰਪਨੀਆਂ ਵਿੱਚ ਨੌਕਰੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ਼ ਇਕ ਦਿਨ ਲਈ ਲਾਕਡਾਊਨ ਦਾ ਐਲਾਨ ਹੋਇਆ ਸੀ ਪ੍ਰੰਤੂ ਉਸੇ ਦਿਨ 31 ਮਾਰਚ ਤੱਕ ਕਰਫਿਊ ਲੱਗ ਗਿਆ। ਉਹ ਕਿਸੇ ਨਾ ਕਿਸੇ ਤਰੀਕੇ 31 ਮਾਰਚ ਤੱਕ ਇੱਥੇ ਰਹਿ ਸਕਦੀਆਂ ਸਨ ਪ੍ਰੰਤੂ ਲੰਘੀ ਅੱਧੀ ਰਾਤ ਤੋਂ ਅਗਲੇ ਦਿਨਾਂ ਲਈ ਕਰਫਿਊ ਵਧਾ ਦਿੱਤਾ ਗਿਆ ਹੈ। ਜਿਸ ਕਾਰਨ ਉਹ ਕਰਫਿਊ ਵਿੱਚ ਬੂਰੀ ਤਰ੍ਹਾਂ ਫਸ ਗਈਆਂ ਹਨ। ਇਹ ਤਿੰਨੇ ਲੜਕੀਆਂ ਇਸ ਸਮੇਂ ਇੱਥੋਂ ਦੇ ਸੈਕਟਰ-80 ਸਥਿਤ ਮੌਲੀ ਬੈਦਵਾਨ ਵਿੱਚ ਰਹਿ ਰਹੀਆਂ ਹਨ ਅਤੇ ਉਨ੍ਹਾਂ ਦੇ ਮਾਪੇ ਆਪਣੀਆਂ ਬੱਚੀਆਂ ਦੇ ਭਵਿੱਖ ਅਤੇ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਸੋਹਾਣਾ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦੀਆਂ 6 ਲੜਕੀਆਂ ਆਪਣੇ ਘਰ ਜਾਣ ਲਈ ਖੱਜਲ-ਖੁਆਰ ਹੋ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਰਹਿਣਾ ਕਾਫੀ ਅੌਖਾ ਹੈ। ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਗਏ ਹਨ ਅਤੇ ਬੈਂਕ ਅਤੇ ਏਟੀਐਮ ਵੀ ਖੁੱਲ੍ਹੇ ਨਹੀਂ ਹਨ। ਇਹ ਪੀੜਤ ਲੜਕੀਆਂ ਜਗਰਾਉਂ, ਬਰਨਾਲਾ ਅਤੇ ਬਠਿੰਡਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ ਅਤੇ ਇੱਥੇ ਸੋਹਾਣਾ ਨੇੜੇ ਪੀਜੀ ਵਿੱਚ ਰਹਿੰਦੀਆਂ ਹਨ। ਇੰਜ ਹੀ ਨਾਭਾ ਦੀ ਇਕ ਕੁੜੀ ਫਸੀ ਹੋਈ ਹੈ। ਪਟਵਾਰੀ ਨੇ ਦੱਸਿਆ ਕਿ ਐਸਡੀਐਮ ਨੇ ਭਰੋਸਾ ਦਿੱਤਾ ਕਿ ਜਲਦੀ ਇਨ੍ਹਾਂ ਲੜਕੀਆਂ ਨੂੰ ਘਰੋਂ ਘਰੀ ਭੇਜਿਆ ਜਾਵੇਗਾ। ਪ੍ਰੰਤੂ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਇਹ ਲੜਕੀਆਂ ਦੇ ਜਾਣ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਸੀ। (ਬਾਕਸ ਆਈਟਮ) ਉਧਰ, ਇਸ ਸਬੰਧੀ ਪ੍ਰਸ਼ਾਸਨ ਦਾ ਪੱਖ ਜਾਣਨ ਲਈ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਮੋਬਾਈਲ ਫੋਨ ’ਤੇ ਮੈਸੇਜ ਵੀ ਭੇਜਿਆ ਗਿਆ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਜਦੋਂਕਿ ਦਫ਼ਤਰੀ ਸਟਾਫ਼ ਦਾ ਕਹਿਣਾ ਹੈ ਕਿ ਲੋਕਾਂ ਨੇ ਜਾਣਬੁਝ ਕੇ ਆਪਣੇ ਲਈ ਮੁਸੀਬਤ ਸਹੇੜੀ ਹੈ। ਜਦੋਂ ਲੋਕ ਭਲੀਭਾਂਤ ਇਸ ਗੱਲ ਤੋਂ ਜਾਣੂ ਹਨ ਕਿ ਕਰੋਨਾਵਾਇਰਸ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕਰਫਿਊ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਸੀ ਤਾਂ ਉਨ੍ਹਾਂ ਨੂੰ ਅਗਾਊਂ ਬਦੋਬਦਸਤ ਕਰਨਾ ਚਾਹੀਦਾ ਸੀ। ਸਟਾਫ਼ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਘਰ ਜਾਣ ਲਈ ਪ੍ਰਵਾਨਗੀਆਂ ਲੈਣ ਵਾਲੇ ਵਿਅਕਤੀਆਂ ਦੀਆਂ ਅਰਜ਼ੀਆਂ ਦਾ ਢੇਰ ਲੱਗ ਗਿਆ ਹੈ। ਕੋਈ ਕਹਿੰਦਾ ਅਸੀਂ ਘਰ ਜਾਣਾ ਹੈ, ਕੋਈ ਕਿਸੇ ਸਮਾਰੋਹ ’ਚ ਜਾਣ ਦੀ ਆਗਿਆ ਮੰਗ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਉਹ ਬੇਵੱਸ ਹੋ ਗਏ ਹਨ। (ਬਾਕਸ ਆਈਟਮ) ਐਸਡੀਐਮ ਦੇ ਦਫ਼ਤਰੀ ਸਟਾਫ਼ ਨੇ ਦੱਸਿਆ ਕਿ ਹਾਲਾਂਕਿ ਡੀਸੀ ਦਫ਼ਤਰ ਵਿੱਚ ਪਹਿਲਾਂ ਹੀ ਮੁਲਾਜ਼ਮਾਂ ਦੀ ਵੱਡੀ ਘਾਟ ਹੈ ਪ੍ਰੰਤੂ ਹੁਣ ਕਰਫਿਊ ਦੇ ਚੱਲਦਿਆਂ ਮੁਲਾਜ਼ਮਾਂ ’ਤੇ ਕੰਮ ਦਾ ਕਾਫੀ ਬੋਝ ਵਧ ਗਿਆ ਹੈ। ਜਿਸ ਕਾਰਨ ਦਫ਼ਤਰੀ ਮੁਲਾਜ਼ਮਾਂ ਨੂੰ ਸ਼ਿਫ਼ਟਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਕ ਮੁਲਾਜ਼ਮ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਪਹਿਲੀ ਸ਼ਿਫ਼ਟ ਅਤੇ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਦੂਜੀ ਸ਼ਿਫ਼ਟ ਵਿੱਚ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਿਫ਼ਟਾਂ ਵਿੱਚ ਕੰਮ ਕਰਨ ਦੇ ਬਾਵਜੂਦ ਮਸਲਾ ਹੱਲ ਨਹੀਂ ਹੋ ਰਿਹਾ ਹੈ। ਜਦੋਂਕਿ ਸਹੂਲਤਾਂ ਮੰਗਣ ਵਾਲੇ ਲੋਕ ਕਾਫੀ ਕਾਹਲੇ ਪੈ ਰਹੇ ਹਨ। (ਬਾਕਸ ਆਈਟਮ) ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਰਫਿਊ ਕਾਰਨ ਮੁਹਾਲੀ ਵਿੱਚ ਫਸੇ ਪੀੜਤ ਨੌਜਵਾਨਾਂ ਵਿੱਚ ਅਜੀਤ ਸਿੰਘ ਵਾਸੀ ਨਵਾਂ ਸ਼ਹਿਰ, ਦਲਜੀਤ ਸਿੰਘ ਵਾਸੀ ਪਿੰਡ ਦੋਧਰ (ਮੋਗਾ), ਗੁਰਤੇਜ ਸਿੰਘ ਵਾਸੀ ਪਿੰਡ ਮਾਸੀਕੇ (ਮੋਗਾ), ਰਾਜਦੀਪ ਸਿੰਘ ਜੇਲ੍ਹਾਂ ਕਲਾਂ (ਮੋਗਾ), ਹਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਸਿਮਰਨ ਸਿੰਘ ਸਾਰੇ ਵਾਸੀ ਪਿੰਡ ਬੁੱਗੀਪੁਰਾ (ਮੋਗਾ), ਗੁਰੂ ਸਿੰਘ ਵਾਸੀ ਤਪਾ (ਬਰਨਾਲਾ), ਸੰਜੇ ਵਰਮਾ ਅਤੇ ਗਗਨ ਗੋਨੀ, ਰਾਹੁਲ ਕੁਮਾਰ ਸਾਰੇ ਵਾਸੀ ਸਿਰਸਾ ਨੂੰ ਲੰਘੀ ਅੱਧੀ ਰਾਤ ਇਨੋਵਾ ਕਾਰ ਵਿੱਚ ਮੋਗਾ ਭੇਜ ਦਿੱਤਾ ਹੈ। ਇਹ ਸਾਰੇ ਨੌਜਵਾਨ ਬੇਰੁਜ਼ਗਾਰ ਹਨ ਅਤੇ ਇੱਥੇ ਕੰਮ ਦੀ ਭਾਲ ਵਿੱਚ ਆਏ ਸੀ। ਟੈਕਸੀ ਚਾਲਕ ਨੇ ਪੀੜਤਾਂ ਦੀ ਮਜਬੂਰੀ ਦਾ ਫਾਇਦਾ ਚੁੱਕਦਿਆਂ ਉਨ੍ਹਾਂ ਤੋਂ ਦੁੱਗਣਾ ਭਾੜਾ ਵਸੂਲਿਆ ਗਿਆ ਹੈ। ਬਾਕੀ ਸ਼ਹਿਰਾਂ ਵਾਲੇ ਨੌਜਵਾਨ ਮੋਗਾ ਵਿੱਚ ਦੂਜੇ ਨੌਜਵਾਨਾਂ ਦੇ ਘਰ ਰਹਿਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ