Nabaz-e-punjab.com

ਮੀਂਹ ਦੇ ਪਾਣੀ ਨੇ ਜ਼ਿਲ੍ਹਾ ਮੁਹਾਲੀ ਵਿੱਚ ਤਬਾਹੀ ਮਚਾਈ, ਕਈ ਪਿੰਡਾਂ ਦਾ ਮੁਹਾਲੀ\ਖਰੜ ਨਾਲੋਂ ਸੰਪਰਕ ਟੁੱਟਿਆਂ

ਡੀਸੀ ਗਿਰੀਸ਼ ਦਿਆਲਨ, ਏਡੀਸੀ, ਐਸਡੀਐਮ, ਤਹਿਸੀਲਦਾਰ ਤੇ ਪੁਲੀਸ ਟੀਮ ਨੇ ਕੀਤਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਡੀਸੀ ਵੱਲੋਂ ਸਮੁੱਚੇ ਜ਼ਿਲ੍ਹੇ ਅੰਦਰ ਹਾਈ ਅਲਰਟ ਜਾਰੀ, ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਖ ਵੱਖ ਟੀਮਾਂ ਦਾ ਗਠਨ

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ, ਖਰੜ ਤੇ ਡੇਰਾਬੱਸੀ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ, 24 ਘੰਟੇ ਖੁੱਲ੍ਹੇ ਰਹਿਣਗੇ ਕੰਟਰੋਲ ਰੂਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਪਿਛਲੇ ਦੋ ਦਿਨਾਂ ਲਗਾਤਾਰ ਹੋ ਰਹੀ ਬਰਸਾਤ ਨਾਲ ਭਾਵੇਂ ਗਰਮੀ ਤੋਂ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਜ਼ਰੂਰ ਮਿਲੀ ਹੈ ਪ੍ਰੰਤੂ ਮੀਂਹ ਦੇ ਪਾਣੀ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਤਬਾਹੀ ਮਚਾ ਦੇ ਰੱਖ ਦਿੱਤੀ ਹੈ। ਸਿਸਵਾਂ ਨਦੀ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਟੱਪ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ ਕੀ ਰਾਓ, ਜੈਅੰਤੀ ਕੀ ਰਾਓ, ਐਨ ਚੋਅ ਅਤੇ ਲਖਨੌਰ ਚੋਅ ਵਿੱਚ ਪਾਣੀ ਓਵਰਫਲੋ ਹੋ ਗਿਆ ਅਤੇ ਘੱਗਰ ਵਿੱਚ ਵੀ ਰਿਕਾਰਡਤੋੜ ਪਾਣੀ ਆਉਣ ਕਾਰਨ ਲੋਕਾਂ ਦੇ ਸਾਹ ਸੂਤੇ ਗਏ ਹਨ। ਮਾਜਰੀ ਬਲਾਕ ਵਿੱਚ ਕਈ ਪਸ਼ੂ ਪਾਲਕ ਗੁੱਜਰ ਪਾਣੀ ਵਿੱਚ ਫਸ ਗਏ ਅਤੇ ਗੁੱਜਰ ਭਾਈਚਾਰੇ ਦੇ ਕਈ ਪਸ਼ੂ ਗਾਇਬ ਹੋਣ ਬਾਰੇ ਵੀ ਸੂਚਨਾ ਹੈ। ਪੁਲੀਸ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਪਾਣੀ ਵਿੱਚ ਫਸੇ ਕਈ ਵਿਅਕਤੀ ਸਹੀ ਸਲਾਮਤ ਬਾਹਰ ਕੱਢ ਲਿਆ ਹੈ। ਕਈ ਪਿੰਡਾਂ ਵਿੱਚ ਪਸ਼ੂਆਂ ਦੀ ਮੌਤ, ਦੋ ਟਰੈਕਟਰ, 1 ਗੱਡੀ ਅਤੇ ਹੋਰ ਸਮਾਨ ਪਾਣੀ ਵਿੱਚ ਰੁੜ੍ਹਨ ਬਾਰੇ ਪਤਾ ਲੱਗਾ ਹੈ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਐਤਵਾਰ ਨੂੰ ਵਰ੍ਹਦੇ ਮੀਂਹ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਐਸਡੀਐਮ, ਤਹਿਸੀਲਦਾਰ ਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਡੀਸੀ ਨੇ ਪੀੜਤ ਲੋਕਾਂ ਦੀ ਮਦਦ ਵਿੱਚ ਜੁਟੇ ਉੱਦਮੀ ਨੌਜਵਾਨਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਪਿੱਠ ਥਾਪੜੀ। ਮੁਹਾਲੀ ਨੇੜਲੇ ਪਿੰਡ ਰਾਏਪੁਰ ਕਲਾਂ ਵਿੱਚ ਰੇਲਵੇ ਅੰਡਰਬ੍ਰਿਜ ਦੇ ਹੇਠਾਂ ਪਾਣੀ ਭਰਿਆ। ਰਜਿੰਦਰ ਸਿੰਘ ਰਾਏਪੁਰ ਕਲਾਂ, ਜਸਮੇਰ ਗਿਰ ਸ਼ਾਮਪੁਰ, ਬਲਜੀਤ ਗਿਰ, ਜੱਸੀ ਗਿਰ, ਮੋਹਨ, ਅੰਗਰੇਜ਼, ਨਿਰਮਲ ਨੇ ਦੱਸਿਆ ਕਿ ਅੰਡਰਬ੍ਰਿਜ ਹੇਠਾਂ ਵਿੱਚ ਪਾਣੀ ਭਰ ਜਾਣ ਕਾਰਨ ਕਈ ਪਿੰਡਾਂ ਮੁਹਾਲੀ ਅਤੇ ਖਰੜ ਨਾਲ ਸੰਪਰਕ ਟੁੱਟਿਆਂ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕਈ ਵਾਰ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਇੰਝ ਹੀ ਖਰੜ-ਬਡਾਲਾ ਅਤੇ ਰੰਧਾਵਾ ਸੜਕ ’ਤੇ ਡਾ. ਐਮਐਸ ਰੰਧਾਵਾ ਦੀ ਰਿਹਾਇਸ਼ ਨੇੜੇ ਰੇਲਵੇ ਅੰਡਰਬ੍ਰਿਜ ਹੇਠਾਂ ਮੀਂਹ ਦਾ ਪਾਣੀ ਭਰਿਆ। ਆਵਾਜਾਈ ਪਝਭਾਵਿਤ। ਫੇਜ਼-2 ਦੀ ਮਾਰੀਕਟ ਵਿੱਚ ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਆਈਆਂ ਹਨ। ਕਈ ਹੋਰਨਾਂ ਥਾਵਾਂ ਤੋਂ ਵੀ ਮਿਲੀਆਂ ਹਨ, ਸ਼ਿਕਾਇਤਾਂ। ਡੀਆਰਓ ਮੇਜਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਟਿਵਾਣਾ (ਜ਼ੀਰਕਪੁਰ) ਨੂੰ ਖ਼ਤਰਾ ਮਹਿਸੂਸ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਸਹੀ ਸਲਾਮਤ ਸੁਰੱਖਿਆ ਸਥਾਨ (ਕਿੰਗ ਪੈਲੇਸ) ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਭਗਿੰਡੀ, ਮਿਰਜ਼ਾਪੁਰ, ਨਿਹੌਲਕਾ, ਰਕੌਲੀ, ਸਿਸਵਾਂ ਨਦੀ, ਜ਼ੀਰਕਪੁਰ ਟਾਂਗਰੀ ਨਦੀ ਦੇ ਬੰਨ੍ਹ ’ਚ ਪਾੜ ਪੈਣ ਅਤੇ ਸ਼ਤਾਬਗੜ੍ਹ ਦੇ ਕਿਸਾਨ ਦੀਦਾਰ ਸਿੰਘ ਦੇ ਖੇਤਾਂ ਵਿੱਚ ਘੱਗਰ ਦਾ ਪਾਣੀ ਵੜਨ ਬਾਰੇ ਕੰਟਰੂਲ ’ਤੇ ਸੂਚਨਾਵਾਂ ਮਿਲੀਆਂ ਹਨ। ਘਾੜ ਇਲਾਕੇ ਦੇ ਪਿੰਡਾਂ ਤਾਰਾਪੁਰ, ਮਿਰਜ਼ਾਪੁਰ, ਬੜੀ ਤੇ ਛੋਟੀ ਖੇੜੀਆਂ, ਨਗਲੀਆਂ, ਕਾਦੀਮਾਜਰਾ ਵਿੱਚ ਸੜਕਾਂ ’ਤੇ ਪੁਲੀਆਂ ਟੁੱਟਣ ਕਾਰਨ ਲੋਕਾਂ ਦਾ ਲਾਂਘਾ ਬੰਦ ਹੋ ਗਿਆ ਹੈ। ਕਈ ਥਾਵਾਂ ’ਤੇ ਸੜਕਾਂ ਵੀ ਧਸ ਗਈਆਂ ਹਨ। ਗੂੜਾ-ਕਸੌਲੀ, ਸਿਆਲਬਾ ਫੈਕਟਰੀ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਫੈਕਟਰੀ ਕਾਮਿਆਂ ਨੂੰ ਬਾਹਰ ਕੱਢਿਆ ਗਿਆ। ਸਰਕਾਰੀ ਸਕੂਲ ਤੀੜਾ ਵਿੱਚ ਵੀ ਪਾਣੀ ਵੜ ਗਿਆ।
ਉਧਰ, ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਕੁੰਭੜਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਅਤੇ ਗਲੀਆਂ ਵਿੱਚ ਖੜ ਗਿਆ। ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
(ਬਾਕਸ ਆਈਟਮ)
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲਕੈਸ ਵਿੱਚ ਡੀਸੀ ਦਫ਼ਤਰ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਰੜ ਅਤੇ ਡੇਰਾਬੱਸੀ ਵਿੱਚ ਕੰਟਰੋਲ ਰੂਮਾਂ ਦੀ ਵਿਵਸਥਾ ਕੀਤੀ ਗਈ ਹੈ। ਇਹ ਸਾਰੇ ਕੰਟਰੋਲ ਰੂਮ 24 ਘੰਟੇ ਖੁੱਲ੍ਹੇ ਰਹਿਣਗੇ। ਮੁਹਾਲੀ ਵਿੱਚ 0172-2219505, ਖਰੜ ਵਿੱਚ 0160-2280853 ਅਤੇ ਡੇਰਾਬੱਸੀ ਵਿੱਚ 1762-283224 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਡੀਸੀ ਨੇ ਸਮੁੱਚੇ ਜ਼ਿਲ੍ਹੇ ਅੰਦਰ ਹਾਈ ਅਲਰਟ ਜਾਰੀ ਕਰਦਿਆਂ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।
(ਬਾਕਸ ਆਈਟਮ)
ਮੁਹਾਲੀ ਸਮੇਤ ਹੋਰਨਾਂ ਇਲਾਕਿਆਂ ਵਿੱਚ ਬੀਤੀ ਦੇਰ ਸ਼ਾਮ ਤੇਜ਼ ਹਨੇਰੀ ਅਤੇ ਭਾਰੀ ਬਾਰਿਸ਼ ਸ਼ੁਰੂ ਹੁੰਦੇ ਹੀ ਬਿਜਲੀ ਗੁੱਲ ਹੋ ਗਈ ਅਤੇ ਪੂਰਾ ਇਲਾਕਾ ਹਨੇਰੇ ਵਿੱਚ ਡੁੱਬ ਗਿਆ। ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-71 ਦੇ ਮੀਤ ਪ੍ਰਧਾਨ ਦਿਲਦਾਰ ਸਿੰਘ ਨੇ ਦੱਸਿਆ ਕਿ ਸੈਕਟਰ-71 ਵਿੱਚ ਪਿਛਲੇ 20 ਘੰਟੇ ਤੋਂ ਬਿਜਲੀ ਗੁੱਲ ਹੈ। ਜਿਸ ਕਾਰਨ ਸਵੇਰੇ ਤੇ ਦੁਪਹਿਰ ਨੂੰ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਮੱਸਿਆ ਬਾਰੇ ਐਸਡੀਓ ਅਤੇ ਜੇਈ ਨੂੰ ਘੱਟੋ ਘੱਟ 40 ਫੋਨ ਕਰ ਚੁੱਕੇ ਹਨ ਅਤੇ ਹਰ ਵਾਰ ਅਧਿਕਾਰੀ ਇੱਕੋ ਜਵਾਬ ਦਿੰਦੇ ਹਨ ਕਿ ਬਸ 5 ਮਿੰਟਾਂ ਬਾਅਦ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ, ਪ੍ਰੰਤੂ ਸ਼ਾਮੀ ਖ਼ਬਰ ਲਿਖੇ ਜਾਣ ਤੱਕ ਬਿਜਲੀ ਨਹੀਂ ਆਈ। ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…