Nabaz-e-punjab.com

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਨੇੜਲੇ ਕਈ ਪਿੰਡਾਂ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸੇ

ਪਿੰਡ ਨਾਡਾ, ਕਰੋਰਾਂ, ਟਾਂਡਾ ਤੇ ਮਸੌਲ ਨੂੰ ਨਵਾਂ ਗਰਾਓਂ ਨਗਰ ਪੰਚਾਇਤ ਵਿੱਚ ਸ਼ਾਮਲ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਉਣ ਲਈ ਤਾਂ ਸੰਕਲਪ ਲਿਆ ਜਾ ਰਿਹਾ ਹੈ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜਲੇ ਪਿੰਡਾਂ ਨਾਡਾ, ਟਾਂਡਾ, ਕਰੋਰਾਂ ਅਤੇ ਮਸੌਲ ਦੇ ਬਾਸ਼ਿੰਦੇ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ। ਪਿੰਡ ਬੜੀ ਕਰੋਰਾਂ ਦੀ ਸਰਪੰਚ ਜਗਦੀਪ ਕੌਰ ਨੇ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਕਿ ਪਿੰਡ ਕਰੋਰਾਂ ਦੇ ਰਹਿੰਦੇ ਖੇਤਰ ਸਮੇਤ ਉਕਤ ਪਿੰਡਾਂ ਨੂੰ ਤੁਰੰਤ ਪ੍ਰਭਾਵ ਨਾਲ ਨਵਾਂ ਗਰਾਓਂ ਨਗਰ ਪੰਚਾਇਤ ਵਿੱਚ ਸ਼ਾਮਲ ਕਰਕੇ ਮੁੱਢਲੀਆਂ ਜਨਤਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾਣ।
ਪਿੰਡ ਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਦੋ ਕਿੱਲੋਮੀਟਰ ਘੇਰੇ ਵਿੱਚ ਆਉਂਦੇ ਉਕਤ ਆਜ਼ਾਦੀ ਦੇ 72 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਸਭ ਤੋਂ ਪਛੜੇ ਹੋਏ ਪੇਂਡੂ ਖੇਤਰ ਵਿੱਚ ਗਿਣੇ ਜਾਂਦੇ ਹਨ। ਇੱਥੋਂ ਦੇ ਲੋਕ ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ, ਸਕੂਲ, ਸਿਹਤ ਸੇਵਾਵਾਂ ਅਤੇ ਸੀਵਰੇਜ ਅਤੇ ਸਫ਼ਾਈ ਆਦਿ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਇਸ ਖੇਤਰ ਦੀ ਆਬਾਦੀ ਕਈ ਗੁਣਾ ਵੱਧ ਗਈ ਹੈ ਅਤੇ ਇਸ ਇਲਾਕੇ ਤੇਜ਼ੀ ਨਾਲ ਬੇਤਰਤੀਬ ਉਸਾਰੀਆਂ ਹੋ ਰਹੀਆਂ ਹਨ। ਇਹੀ ਨਹੀਂ ਸ਼ਾਮਲਾਤ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ ਅਤੇ ਸਮੁੱਚੇ ਖੇਤਰ ਵਿੱਚ ਝੁੱਗੀਆਂ ਉੱਸਰ ਰਹੀਆਂ ਹਨ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਕਾਸ, ਪੱਕੀਆਂ ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪੀਣ ਵਾਲਾ ਪਾਣੀ, ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਆਦਿ ਸਮੱਸਿਆਵਾਂ ਦੇ ਹੱਲ ਲਈ ਸਮੇਂ ਦੀਆਂ ਸਰਕਾਰਾਂ, ਵਿਧਾਇਕਾਂ, ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਅਤੇ ਮੰਗ ਪੱਤਰ ਦੇ ਕੇ ਥੱਕ ਚੁੱਕੇ ਹਨ ਪ੍ਰੰਤੂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਇਸ ਖੇਤਰ ਦਾ ਯੋਜਨਾਬੱਧ ਤਰੀਕੇ ਨਾਲ ਸਰਬਪੱਖੀ ਵਿਕਾਸ ਅਤੇ ਇਨ੍ਹਾਂ ਚਾਰ ਪਿੰਡਾਂ ਨੂੰ ਨਵਾਂ ਗਰਾਓਂ ਨਗਰ ਪੰਚਾਇਤ ਵਿੱਚ ਸ਼ਾਮਲ ਕਰਨ ਸਬੰਧੀ ਮਤਾ ਵੀ ਪਾਸ ਕੀਤਾ ਗਿਆ ਸੀ। ਸਥਾਨਕ ਸਰਕਾਰਾਂ ਵਿਭਾਗ ਨੇ ਪਿੰਡ ਨਾਡਾ ਅਤੇ ਕਰੋਰਾਂ ਦੇ ਕੁਝ ਖੇਤਰ ਨੂੰ ਨਗਰ ਪੰਚਾਇਤ ਵਿੱਚ ਸ਼ਾਮਲ ਕਰਨ ਲਈ ਪਿਛਲੇ ਸਾਲ 23 ਮਾਰਚ ਨੂੰ ਡਰਾਫ਼ਟ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਅਤੇ ਇਸ ਸਬੰਧੀ ਲੋਕਾਂ ਤੋਂ ਮਹੀਨੇ ਦੇ ਅੰਦਰ ਅੰਦਰ ਇਤਰਾਜ਼ ਵੀ ਮੰਗੇ ਗਏ ਸਨ। ਬਹੁ-ਗਿਣਤੀ ਲੋਕਾਂ ਅਤੇ ਲੋਕ ਨੁਮਾਇੰਦਿਆਂ ਨੇ ਇਨ੍ਹਾਂ ਪਿੰਡਾਂ ਨੂੰ ਨਵਾਂ ਗਰਾਓ ਵਿੱਚ ਸ਼ਾਮਲ ਕਰਨ ਅਤੇ ਸਰਬਪੱਖੀ ਵਿਕਾਸ ਕਰਨ ਦੇ ਹੱਕ ਵਿੱਚ ਅਪੀਲ ਕੀਤੀ ਸੀ। ਡਰਾਫ਼ਟ ਨੋਟੀਫਿਕੇਸ਼ਨ ਪਾਸ ਹੋਣ ਤੋਂ ਸਾਲ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਦਾ ਹੈ। ਲੋਕਾਂ ਨੇ ਨਵੇਂ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਕਿ ਉਕਤ ਪਿੰਡਾਂ ਨੂੰ ਨਵਾਂ ਗਰਾਓਂ ਵਿੱਚ ਸ਼ਾਮਲ ਕੀਤਾ ਜਾਵੇ।
(ਬਾਕਸ ਆਈਟਮ)
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਕਤ ਪਿੰਡਾਂ ਦੇ ਲੋਕਾਂ ਦੀ ਇਹ ਕਾਫ ਪੁਰਾਣੀ ਮੰਗ ਚਲੀ ਆ ਰਹੀ ਹੈ ਅਤੇ ਉਨ੍ਹਾਂ ਨੇ ਵੀ ਨਿੱਜੀ ਦਿਲਚਸਪੀ ਲੈ ਕੇ ਇਨ੍ਹਾਂ ਚਾਰ ਪਿੰਡਾਂ ਨੂੰ ਨਗਰ ਪੰਚਾਇਤ ਨਵਾਂ ਗਰਾਓਂ ਵਿੱਚ ਸ਼ਾਮਲ ਕਰਨ ਲਈ ਯੋਗ ਪੈਰਵੀ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਵੀ ਕੀਤੀ ਜਾ ਰਹੀ ਹੈ ਪ੍ਰੰਤੂ ਸਥਾਨਕ ਸਰਕਾਰਾਂ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਹੀ ਨਵਾਂ ਗਰਾਓਂ ਇਲਾਕੇ ਦਾ ਸਹੀ ਵਿਕਾਸ ਨਹੀਂ ਪਾ ਰਿਹਾ ਹੈ। ਇਸ ਲਈ ਨਗਰ ਪੰਚਾਇਤ ਵਿੱਚ ਹੋਰ ਪਿੰਡ ਸ਼ਾਮਲ ਕਰਨ ਨਾਲ ਪੁਰਾਣੇ ਇਲਾਕੇ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਉਂਜ ਸ੍ਰੀ ਕੰਗ ਨੇ ਕਿਹਾ ਕਿ ਨਗਰ ਪੰਚਾਇਤ ਨਵਾਂ ਗਰਾਓਂ ਵਿੱਚ ਪਿੰਡ ਨਾਡਾ, ਟਾਂਡਾ, ਕਰੋਰਾਂ ਅਤੇ ਮਸੌਲ ਦੇ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਤਾਂ ਫਾਈਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…