ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਖਰੜ ਮੰਡੀ ਵਿੱਚ ਕਰਵਾਈ ਸ਼ੁਰੂ ਕਣਕ ਦੀ ਖ਼ਰੀਦ

ਖੇਤੀ ਖੇਤਰ ਨਾਲ ਸਬੰਧਤ ਕਿਸੇ ਵੀ ਧਿਰ ਦਾ ਹੱਕ ਨਹੀਂ ਮਰਨ ਦੇਵੇਗੀ ਪੰਜਾਬ ਸਰਕਾਰ: ਮੱਛਲੀ ਕਲਾਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਅਪਰੈਲ:
ਖੇਤੀਬਾੜੀ ਪੰਜਾਬ ਦਾ ਆਧਾਰ ਹੈ ਤੇ ਇਸ ਖੇਤਰ ਨਾਲ ਸਬੰਧਤ ਕਿਸਾਨ ਅਤੇ ਆੜ੍ਹਤੀ ਇੱਕ ਦੂਜੇ ਦੇ ਪੂਰਕ ਹਨ ਤੇ ਲੰਮੇ ਸਮੇਂ ਤੋਂ ਖੇੜੀਬਾੜੀ ਇਨ੍ਹਾਂ ਦੋਵਾਂ ਧਿਰਾਂ ਦੇ ਗੂੜ੍ਹੇ ਸਬੰਧ ਸਦਕਾ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਪੰਜਾਬ ਸਰਕਾਰ ਦਿਨ ਰਾਤ ਇਕ ਕਰ ਕੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰ ਰਹੀ ਹੈ, ਜਿਸ ਲਈ ਖੇੜੀਬਾੜੀ ਖੇਤਰ ਨਾਲ ਸਬੰਧਤ ਸਾਰੀਆਂ ਧਿਰਾਂ ਦਾ ਖੁਸ਼ਹਾਲ ਹੋਣਾ ਲਾਜ਼ਮੀ ਹੈ। ਇਸ ਲਈ ਚਾਹੇ ਕਿਸਾਨ ਹੋਣ ਚਾਹੇ ਆੜ੍ਹਤੀ ਜਾਂ ਫਿਰ ਮਜ਼ਦੂਰ, ਪੰਜਾਬ ਸਰਕਾਰ ਕਿਸੇ ਵੀ ਧਿਰ ਦਾ ਹੱਕ ਨਹੀਂ ਮਰਨ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਸਾਨ ਆਗੂਆਂ ਤੇ ਆੜ੍ਹਤੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਖਰੜ ਅਨਾਜ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਰਿਕਾਰਡ ਰਿਹਾ ਹੈ ਕਿ ਕਦੇ ਵੀ ਕਿਸਾਨ, ਮਜ਼ਦੂਰ ਜਾਂ ਆੜ੍ਹਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ। ਫਿਰ ਚਾਹੇ ਉਹ ਸਾਲ 2002 ਤੋਂ 2007 ਤੱਕ ਦੀ ਸਰਕਾਰ ਹੋਵੇ ਜਾਂ ਫਿਰ ਮੌਜੂਦਾ ਸਰਕਾਰ, ਹਮੇਸ਼ਾਂ ਕਿਸਾਨ, ਆੜ੍ਹਤੀ ਤੇ ਮਜ਼ਦੂਰ ਖਿੜੇ ਚਿਹਰੇ ਲੈ ਕੇ ਹੀ ਮੰਡੀਆਂ ਵਿੱਚੋਂ ਪਰਤੇ ਹਨ। ਸਮੇਂ ਸਿਰ ਫ਼ਸਲ ਚੁੱਕੀ ਜਾਂਦੀ ਰਹੀ ਹੈ ਤੇ ਸਮੇਂ ਸਿਰ ਪੈਸੇ ਸਬੰਧਤ ਧਿਰਾਂ ਨੂੰ ਮਿਲਦੇ ਰਹੇ ਹਨ। ਇਸ ਵਾਰ ਵੀ ਖ਼ਰੀਦ ਸਬੰਧੀ ਕਿਸੇ ਵੀ ਧਿਰ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰੋਨਾ ਤੋਂ ਬਚਾਅ ਲਈ ਵੀ ਮੰਡੀਆਂ ਵਿੱਚ ਪੂਰੇ ਪ੍ਰਬੰਧ ਕੀਤੇ ਹਨ। ਜਿੱਥੇ ਮੰਡੀਆਂ ਵਿੱਚ ਫ਼ਸਲ ਦੀਆਂ ਢੇਰੀਆਂ ਤੈਅ ਵਿੱਥ ਉੱਤੇ ਲਗਵਾਈਆਂ ਜਾ ਰਹੀਆਂ ਹਨ, ਉੱਥੇ ਮਾਸਕ, ਸੈਨੇਟਾਈਜ਼ਰ ਅਤੇ ਹੱਥ ਧੋਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਕੋਰੋਨਾ ਸਬੰਧੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਮਾਰਕਿਟ ਕਮੇਟੀ ਦੇ ਚੇਅਰਮੈਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੂਰੀ ਤਰਾਂ ਪੱਕੀ ਅਤੇ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਖ਼ਰੀਦ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਮੰਡੀ ਸੁਪਰਵਾਈਜ਼ਰ ਬਲਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਮੈਂਬਰ ਤੇ ਆੜ੍ਹਤੀ ਰਜਿੰਦਰ ਕੁਮਾਰ, ਸ਼ਰਮਾ ਟਰੇਡਿੰਗ ਕੰਪਨੀ ਦੇ ਮਾਲਕ ਨਰਿੰਦਰ ਸ਼ਰਮਾ, ਸ਼ੰਕਰ ਟਰੇਡਿੰਗ ਕੰਪਨੀ ਦੇ ਮਾਲਕ ਰਾਕੇਸ਼ ਮਿੱਤਲ, ਆੜ੍ਹਤੀ ਰਾਜੇਸ਼ ਸੂਦ, ਕਿਸਾਨ ਆਗੂ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ, ਬੀਜੇ ਟਰੇਡਿੰਗ ਕੰਪਨੀ ਦੇ ਮਾਲਕ ਵਿਸ਼ਵ ਮਿੱਤਲ, ਮਿੱਤਲ ਟਰੇਡਿੰਗ ਕੰਪਨੀ ਦੇ ਮਾਲਕ ਰਿੰਪੂ ਮਿੱਤਲ, ਜਸਵੀਰ ਸਿੰਘ ਘੋਗਾ, ਕੁਲਵੰਤ ਸਿੰਘ ਤ੍ਰਿਪੜੀ, ਜਸਵਿੰਦਰ ਸਿੰਘ ਮਦਨਹੇੜੀ, ਸੀਨੀਅਰ ਕਾਂਗਰਸੀ ਆਗੂ ਮਾਸਟਰ ਪ੍ਰੇਮ ਸਿੰਘ, ਬੰਤ ਸਿੰਘ, ਹਰਬੰਸ ਲਾਲ ਸਰਪੰਚ ਮਦਨਪੁਰ, ਅਸ਼ੋਕ ਧਿਮਾਨ ਖਰੜ ਸਮੇਤ ਪਿੰਡਾਂ ਦੇ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…