ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ਰਮਾ ਤੇ ਬਡਹੇੜੀ ਨੇ ਕਣਕ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਕਣਕ ਦੀ ਤੁਲਾਈ ਤੇ ਕੰਡਿਆਂ-ਵੱਟਿਆਂ ਦੀ ਕੀਤੀ ਜਾਂਚ, ਕਿਸਾਨਾਂ ਦੀਆਂ ਮੁਸ਼ਕਲਾਂ ਦਾ ਛੇਤੀ ਹੋਵੇਗਾ ਹੱਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਅਪਰੈਲ:
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਨਵਨਿਯੁਕਤ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਮੰਡੀ ਕਰਨ ਬੋਰਡ ਪੰਜਾਬ ਦੇ ਡਾਇਰੈਕਟਰ ਰਾਜਿੰਦਰ ਸਿੰਘ ਬੜਹੇੜੀ ਅਤੇ ਮਾਰਕੀਟ ਕਮੇਟੀ ਦੀ ਸਕੱਤਰ ਅਰਚਨਾ ਬਾਂਸਲ ਸਮੇਤ ਖਰੜ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਮੱਛਲੀ ਕਲਾਂ ਅਤੇ ਸ੍ਰੀ ਬਡਹੇੜੀ ਨੇ ਵਿਸ਼ੇਸ਼ ਤੌਰ ‘ਤੇ ਕਣਕ ਦੀ ਤੁਲਾਈ ਅਤੇ ਕੰਡਿਆਂ-ਵੱਟਿਆਂ ਦੇ ਵਜ਼ਨ ਨੂੰ ਚੈੱਕ ਕੀਤਾ।
ਸ੍ਰੀ ਮੱਛਲੀ ਕਲਾਂ ਨੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਮੰਡੀ ਵਿੱਚ ਅਪਣੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਅਤੇ ਆੜਢਤੀਆਂ ਨੇ ਸ੍ਰੀ ਮੱਛਲੀ ਕਲਾਂ ਨੂੰ ਕਣਕ ਦੀ ਖ਼ਰੀਦ ਲਈ ਜਾਰੀ ਹੋ ਰਹੇ ਕੂਪਨਾਂ ਦੀ ਘਾਟ ਤੋਂ ਵਾਕਫ਼ ਕਰਾਇਆ ਜਿਸ ਨੂੰ ਦੂਰ ਕਰਨ ਲਈ ਮੱਛਲੀ ਕਲਾਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਲੋੜੀਂਦੇ ਕੂਪਨ ਛੇਤੀ ਮੰਗਵਾਉਣ ਦੀ ਹਦਾਇਤ ਦਿਤੀ। ਕਿਸਾਨਾਂ ਨੇ ਮੌਸਮ ਸਬੰਧੀ ਚਿੰਤਾਵਾਂ ਤੋਂ ਵੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਅਤੇ ਕਣਕ ਦੀ ਖ਼ਰੀਦ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਮੱਛਲੀ ਕਲਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਖਰੜ ਅਧੀਨ ਆਉਂਦੀਆਂ ਮੰਡੀਆਂ ਵਿੱਚ ਅੱਜ ਤੱਕ 11,120 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਉਹ ਦਿਨ ਰਾਤ ਡਿਊਟੀ ‘ਤੇ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਅਤੇ ਫ਼ਸਲ ਨੂੰ ਤੇਜ਼ੀ ਨਾਲ ਬੋਰੀਆਂ ਵਿੱਚ ਭਰਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਨ੍ਹਾਂ ਕਿਸਾਨਾਂ ਨੂੰ ਮੰਡੀ ਵਿੱਚ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਕੱਪੜੇ ਨਾਲ ਮੂੰਹ ਢੱਕ ਕੇ ਰੱਖਣ ਅਤੇ ਸਾਫ਼-ਸਫ਼ਾਈ ਰੱਖਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸੰਜੀਵ ਕੁਮਾਰ ਰੂਬੀ, ਮੰਡੀ ਸੁਪਰਵਾਇਜ਼ਰ ਬਲਵਿੰਦਰ ਸਿੰਘ, ਹਰਬੰਸ ਲਾਲ ਸਰਪੰਚ ਮਲਕਪੁਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…