![](https://www.nabaz-e-punjab.com/wp-content/uploads/2020/12/Chandumajra-Kulwant-Singh.jpg)
ਨਗਰ ਨਿਗਮ ਚੋਣਾਂ ਬਾਰੇ ਅਕਾਲੀ ਦਲ ਦੀ 5 ਮੈਂਬਰੀ ਵਿਸ਼ੇਸ਼ ਕਮੇਟੀ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਦਾ ਬਾਜ਼ਾਰ ਗਰਮ
‘ਪਾਰਟੀ ਦੀ ਵਿਸ਼ੇਸ਼ ਕਮੇਟੀ ਦੇ ਗਠਨ ਬਾਰੇ ਮੈਨੂੰ ਕੋਈ ਜਾਣਕਾਰੀ ਨਹੀ’: ਸਾਬਕਾ ਮੇਅਰ ਕੁਲਵੰਤ ਸਿੰਘ
ਚੋਣਾਂ ਦੇ ਐਨ ਮੌਕੇ 5 ਮੈਂਬਰੀ ਕਮੇਟੀ ਦਾ ਗਠਨ ਕਰਨ ਦੀ ਕੋਈ ਲੋੜ ਨਹੀਂ ਸੀ: ਸਾਬਕਾ ਕੌਂਸਲਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਮੁਹਾਲੀ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਪਾਰਟੀ ਉਮੀਦਵਾਰਾਂ ਦੀ ਚੋਣ ਅਤੇ ਉਨ੍ਹਾਂ ਦੀ ਸਕਰੀਨਿੰਗ ਕਰਨ ਲਈ ਪੰਜ ਮੈਂਬਰੀ ਕਮੇਟੀ ਕਾਇਮ ਕਰਨ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪਿਛਲੇ ਕਈ ਦਿਨਾਂ ਤੋਂ ਅਜਿਹੀ ਕਮੇਟੀ ਬਣਾਉਣ ਦੀ ਚਰਚਾ ਚਲ ਰਹੀ ਸੀ ਅਤੇ ਅੱਜ ਆਖ਼ਰਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਗਮ ਚੋਣਾਂ ਲਈ ਪੰਜ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ, ਸੁਖਬੀਰ ਦੇ ਓਐਸਡੀ ਚਰਨਜੀਤ ਸਿੰਘ ਬਰਾੜ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਦੇ ਨਵ-ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਰੂਬੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਹਾਲਾਂਕਿ ਪਹਿਲਾਂ ਇਹ ਚਰਚਾ ਪੂਰੇ ਜ਼ੋਰਾਂ ’ਤੇ ਸੀ ਕਿ ਅਕਾਲੀ ਦਲ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਨਿਗਮ ਚੋਣਾਂ ਲੜੇਗਾ। ਇਹੀ ਨਹੀਂ ਸਾਬਕਾ ਮੇਅਰ ਨੂੰ ਹਲਕਾ ਇੰਚਾਰਜ ਥਾਪਣ ਦੀ ਗੱਲ ਵੀ ਤੁਰੀ ਸੀ ਪ੍ਰੰਤੂ ਬਾਅਦ ਵਿੱਚ ਇਹ ਮਾਮਲਾ ਠੰਢਾ ਪੈ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਕਮਰਾਨ ਪਾਰਟੀ ਨੂੰ ਸਖ਼ਤ ਟੱਕਰ ਦੇਣ ਲਈ ਅਕਾਲੀ ਦਲ ਨੂੰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਦੀ ਸਖ਼ਤ ਲੋੜ ਹੈ ਪ੍ਰੰਤੂ ਅੱਜ ਸੁਖਬੀਰ ਬਾਦਲ ਵੱਲੋਂ ਅਚਾਨਕ ਕਾਇਮ ਕੀਤੀ ਗਈ ਉਕਤ ਕਮੇਟੀ ਨੇ ਨਿਗਮ ਚੋਣਾਂ ਬਾਰੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ। ਉਂਜ ਵੀ ਇਸ ਕਮੇਟੀ ਵਿੱਚ ਕੁਲਵੰਤ ਸਿੰਘ ਦਾ ਨਾਂ ਸਭ ਤੋਂ ਅਖੀਰ ਵਿੱਚ ਲਿਖਿਆ ਹੈ। ਇਹ ਕਮੇਟੀ ਹੋਂਦ ਵਿੱਚ ਆਉਣ ਕਾਰਨ ਸਾਬਕਾ ਮੇਅਰ ਦੀ ਭੂਮਿਕਾ ਸੀਮਤ ਰਹਿਣ ਦੇ ਆਸਾਰ ਹਨ ਅਤੇ ਕਈ ਆਗੂਆਂ ਵੱਲੋਂ ਇਹ ਕਹਿਣਾ ਸੀ ਸ਼ੁਰੂ ਕਰ ਦਿੱਤਾ ਹੈ ਕਿ ਸਾਬਕਾ ਸੰਸਦ ਮੈਂਬਰ ਪੇ੍ਰਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਨਿਗਮ ਚੋਣਾਂ ਲੜੀਆਂ ਜਾਣਗੀਆਂ।
ਪਾਰਟੀ ਦੇ ਇਸ ਐਲਾਨ ਤੋਂ ਬਾਅਦ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਨਜ਼ਦੀਕੀ ਸਮਝੇ ਜਾਂਦੇ ਸਾਬਕਾ ਕੌਂਸਲਰਾਂ ਅਤੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਿੱਚ ਨਿਰਾਸ਼ਾ ਦਾ ਆਮਲ ਹੈ। ਜ਼ਿਆਦਾਤਰ ਕੌਂਸਲਰਾਂ ਨੂੰ ਇੰਜ ਜਾਪਦਾ ਹੈ ਕਿ ਪਾਰਟੀ ਵੱਲੋਂ ਜਿਸ ਤਰੀਕੇ ਨਾਲ ਇਹ ਕਮੇਟੀ ਬਣਾਈ ਗਈ ਹੈ। ਜੇਕਰ ਕੁਲਵੰਤ ਸਿੰਘ ਨੇ ਖ਼ੁਦ ਨੂੰ ਪਿੱਛੇ ਕਰ ਲਿਆ ਤਾਂ ਇਸ ਦਾ ਪਾਰਟੀ ਉਮੀਦਵਾਰਾਂ ਦੇ ਪ੍ਰਦਰਸ਼ਨ ’ਤੇ ਕਾਫੀ ਮਾੜਾ ਅਸਰ ਪੈ ਸਕਦਾ ਹੈ। ਇਕ ਸਾਬਕਾ ਕੌਂਸਲਰ ਨੇ ਕਿਹਾ ਕਿ ਤਿੰਨ ਸਾਢੇ ਤਿੰਨ ਸਾਲਾਂ ਤੋਂ ਉਹ ਹੁਕਮਰਾਨ ਪਾਰਟੀ ਖਾਸ ਕਰਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਲੋਹਾ ਲੈਂਦੇ ਆ ਰਹੇ ਹਨ ਪ੍ਰੰਤੂ ਹੁਣ ਚੋਣਾਂ ਦੇ ਐਨ ਮੌਕੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਦੀ ਕੋਈ ਲੋੜ ਨਹੀਂ ਸੀ।
ਉਧਰ, ਸਾਬਕਾ ਮੇਅਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਨਗਰ ਨਿਗਮ ਚੋਣਾਂ ਸਬੰਧੀ ਅਕਾਲੀ ਦਲ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਹ ਇਸ ਬਾਰੇ ਕੋਈ ਟਿੱਪਣੀ ਕਰ ਸਕਣਗੇ।