ਮੁਹਾਲੀ ਨੇੜੇ ਲਖਨੌਰ ਦੀ ਫਰਨੀਚਰ ਮਾਰਕੀਟ ਸੜ ਕੇ ਪੂਰੀ ਤਰ੍ਹਾਂ ਸੁਆਹ

100 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ, ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ, ਪਸ਼ੂ ਪਾਲਣ ਮੰਤਰੀ ਸਿੱਧੂ ਨੇ ਲਿਆ ਮੌਕੇ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਇੱਥੋਂ ਦੇ ਇਤਿਹਾਸਿਕ ਪਿੰਡ ਸੋਹਾਣਾ ਤੋਂ ਲਾਂਡਰਾਂ ਸੜਕ ਉਪਰ ਟੀ ਪੁਆਂਇੰਟ ਨੇੜੇ ਸਥਿਤ ਲਖਨੌਰ ਦੀ ਫਰਨੀਚਰ ਮਾਰਕੀਟ ਵਿੱਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਰੀਬ 100 ਫਰਨੀਚਰ ਦੀਆਂ ਦੁਕਾਨਾਂ ਸੜ ਕੇ ਬਿਲਕੁਲ ਸਵਾਹ ਹੋ ਗਈਆਂ ਜਿਹਨਾਂ ਵਿੱਚ ਤਿੰਨ ਚਾਰ ਲੱਕੜ ਦੇ ਆਰੇ ਵੀ ਸੜ ਗਏ। ਇਸ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਉਧਰ, ਪਸ਼ੂ ਪਾਲਣ ਮੰਤਰੀ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਾਰਕੀਟ ਦਾ ਦੌਰਾ ਕਰਕੇ ਅਗਨੀਕਾਂਡ ਹਾਦਸੇ ਦਾ ਜਾਇਜ਼ਾ ਲਿਆ ਅਤੇ ਪੀੜਤ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਐਸਡੀਐਮ ਡਾਕਟਰ ਆਰਪੀ ਸਿੰਘ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਇਸ ਫਰਨੀਚਰ ਮਾਰਕੀਟ ਨੂੰ ਅੱਗ ਸਵੇਰੇ 3 ਕੁ ਵਜੇ ਦੇ ਕਰੀਬ ਲੱਗੀ। ਮੌਕੇ ਉਪਰ ਮੌਜੂਦ ਫਾਇਰ ਅਫਸਰ ਮੋਹਨ ਲਾਲ ਵਰਮਾ, ਦਵਿੰਦਰ ਸਿੰਘ ਡੋਗਰਾ, ਕਰਮ ਚੰਦ ਸੂਦ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਤਿੰਨ ਵੱਜ ਕੇ ਬਾਈ ਮਿੰਟ ਉਪਰ ਲਖਨੌਰ ਦੀ ਇਸ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤੇ ਉਹਨਾਂ ਨੇ ਤੁਰੰਤ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਮੌਕੇ ਉੱਪਰ ਅੱਗ ਬੁਝਾਉਣ ਲਈ ਭੇਜਿਆ ਅਤੇ ਤੁਰੰਤ ਵੀ ਮੌਕੇ ਉੱਪਰ ਪਹੁੰਚੇ। ਉਹਨਾਂ ਕਿਹਾ ਕਿ ਮੌਕੇ ਉਪਰ ਮੁਹਾਲੀ ਫਾਇਰ ਬ੍ਰਿਗੇਡ ਦੀਆਂ ਅੱਠ, ਇਕ ਚੰਡੀਗੜ੍ਹ, ਇੱਕ ਡੇਰਾਬੱਸੀ ਅਤੇ ਹੋਰਨਾਂ ਨੇੜਲੇ ਇਲਾਕਿਆਂ ਤੋੱ ਵੀ ਆਈਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ ਉਪਰ ਕਾਫੀ ਜਦੋਜਹਿਦ ਨਾਲ ਕਾਬੂ ਪਾਇਆ।
ਇਸ ਅੱਗ ਦੀ ਲਪੇਟ ਵਿੱਚ ਮਾਰਕੀਟ ਵਿੱਚ ਖੜੇ ਕਈ ਵਾਹਨ ਵੀ ਆ ਗਏ ਅਤੇ ਮਾਰਕੀਟ ਵਿੱਚ ਹੀ ਰਹਿ ਰਹੇ ਵਰਕਰਾਂ ਦਾ ਸਮਾਨ ਵੀ ਸੜ ਗਿਆ। ਫਾਇਰ ਅਫਸਰਾਂ ਨੇ ਦੱਸਿਆ ਕਿ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਨੇੜੇ ਹੀ ਸਥਿਤ ਗੋਦਰੇਜ ਕੰਪਨੀ ਤੋਂ ਅੱਗ ਬੁਝਾਉਣ ਲਈ ਪਾਣੀ ਮਿਲਦਾ ਰਿਹਾ, ਜਿਸ ਕਰਕੇ ਅੱਗ ਬੁਝਾਉਣ ਲਈ ਪਾਣੀ ਦੀ ਕਮੀ ਨਹੀੱ ਆਈ। ਉਹਨਾਂ ਕਿਹਾ ਕਿ ਅੱਗ ਏਨੀ ਭਿਆਨਕ ਸੀ ਕਿ ਜੇ ਇਸ ਉਪਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਬਹੁਤ ਦੂਰ ਤੱਕ ਫੈਲ ਜਾਣੀ ਸੀ ਅਤੇ ਇਸਨੇ ਰਿਹਾਇਸੀ ਇਲਾਕਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਣਾ ਸੀ। ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਸਥਿਤ ਆਰਿਆਂ ਉਪਰ ਪਈਆਂ ਲੱਕੜਾਂ ਵੀ ਧੁਖ ਰਹੀਆਂ ਹਨ, ਜਿਹਨਾਂ ਨੂੰ ਪੂਰੀ ਤਰ੍ਹਾਂ ਬੁਝਾਉਣ ਵਿੱਚ ਸਾਰਾ ਦਿਨ ਹੀ ਲੱਗ ਜਾਵੇਗਾ।
ਇਸ ਅੱਗ ਕਾਰਨ ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ। ਇਸ ਅੱਗ ਕਾਰਨ ਇਸ ਮਾਰਕੀਟ ਵਿੱਚ ਸਥਿਤ ਕਿਸੇ ਵੀ ਦੁਕਾਨ ਦਾ ਬਚਾਓ ਨਹੀਂ ਹੋ ਸਕਿਆ ਅਤੇ ਦੁਕਾਨਾਂ ਸਮੇਤ ਦੁਕਾਨਾਂ ਵਿੱਚ ਪਿਆ ਸਾਰਾ ਸਮਾਨ ਵੀ ਸੜ ਗਿਆ। ਇੱਥੋਂ ਤੱਕ ਕਿ ਦੁਕਾਨਾਂ ਦੇ ਬਾਹਰ ਉਪਰ ਟੰਗੇ ਬੋਰਡ ਵੀ ਸੜ ਗਏ। ਅੱਗ ਲੱਗਣ ਕਾਰਨ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਦੇ ਸ਼ੈਡ ਵੀ ਨੁਕਸਾਨਗ੍ਰਸਤ ਹੋ ਕੇ ਹੇਠਾਂ ਡਿੱਗ ਪਏ।
ਇਸ ਮਾਰਕੀਟ ਦੇ ਇਕ ਦੁਕਾਨਦਾਰ ਮਨੀਸ਼ ਫਰਨੀਚਰ ਵਾਲੇ ਨੇ ਦੱਸਿਆ ਕਿ ਇਹ ਮਾਰਕੀਟ ਕਰੀਬ 18 ਸਾਲ ਪੁਰਾਣੀ ਹੈ ਅਤੇ ਇਸ ਮਾਰਕੀਟ ਸੰਨ 2000 ਵਿੱਚ ਵਸੀ ਸੀ। ਇਹ ਮਾਰਕੀਟ ਪੱਕੀ ਨਾ ਹੋਣ ਕਰਕੇ ਲੱਕੜ ਅਤੇ ਸ਼ੈਡਾਂ ਦੀ ਬਣੀ ਹੋਈ ਸੀ ਜਿਸ ਕਾਰਨ ਇਹ ਅੱਗ ਇਕ ਦਮ ਹੀ ਫੈਲ ਗਈ। ਉਹਨਾਂ ਦੱਸਿਆ ਕਿ ਇਸ ਮਾਰਕੀਟ ਵਿੱਚ ਕਿਸੇ ਵੀ ਦੁਕਾਨਦਾਰ ਕੋਲ ਬਿਜਲੀ ਦਾ ਕੁਨੈਕਸ਼ਨ ਨਹੀਂ ਹੈ, ਇਸ ਕਰਕੇ ਸਾਰੇ ਹੀ ਦੁਕਾਨਦਾਰਾਂ ਨੇ ਆਪਣੇ ਜਨਰੇਟਰ ਰੱਖੇ ਹੋਏ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਕਰੀਬ ਦਸ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਜ ਕਲ ਵਿਆਹ ਸ਼ਾਦੀਆਂ ਦਾ ਸੀਜਨ ਹੋਣ ਕਰਕੇ ਸਾਰੀਆਂ ਹੀ ਦੁਕਾਨਾਂ ਉਪਰ ਫਰਨੀਚਰ ਦੇ ਸਮਾਨ ਦੀ ਭਰਮਾਰ ਸੀ, ਜੋ ਕਿ ਇਸ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ।
ਇਸ ਮਾਰਕੀਟ ਦੇ ਨੇੜੇ ਹੀ ਸਥਿਤ ਇੱਕ ਘਰ ਦੇ ਵਸਨੀਕ ਕੁਲਦੀਪ ਖਾਨ ਨੇ ਦੱਸਿਆ ਕਿ ਉਹ ਰਾਤ ਸਮੇੱ ਆਪਣੇ ਘਰੇ ਆਪਣੇ ਪਰਿਵਾਰ ਸਮੇਤ ਘੂਕ ਸੁੱਤੇ ਪਏ ਸਨ ਕਿ ਉਹਨਾਂ ਨੂੰ ਪੁਲੀਸ ਨੇ ਆ ਕੇ ਉਠਾਇਆ ਅਤੇ ਮਾਰਕੀਟ ਵਿਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਉਸਨੇ ਘਰ ਦੇ ਬਾਹਰ ਆ ਕੇ ਵੇਖਿਆ ਤਾਂ ਅੱਗ ਨੇ ਪੂਰੀ ਮਾਰਕੀਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਉਸਨੇ ਕਿਹਾ ਕਿ ਇਸ ਅੱਗ ਕਾਰਨ ਉਸਦੇ ਮਕਾਨ ਦੀਆਂ ਦੀਵਾਰਾਂ ਵਿੱਚ ਵੀ ਤਰੇੜਾਂ ਆ ਗਈਆਂ ਹਨ। ਜੇ ਪੁਲੀਸ ਮੁਲਾਜ਼ਮ ਉਸ ਨੂੰ ਨਾ ਉਠਾਉੱਦੇ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…