
ਮਾਰਕੀਟ ਨੂੰ ‘ਕਲੀਨ ਸਟਰੀਟ ਫੂਡ ਹੱਬ’ ਤੇ ਨਾਈਪਰ ਨੂੰ ‘ਈਟ ਰਾਈਟ ਕੈਂਪਸ’ ਐਲਾਨਿਆ
ਏਡੀਸੀ (ਵਿਕਾਸ) ਸ੍ਰੀਮਤੀ ਅਵਨੀਤ ਕੌਰ ਨੇ ਜਾਰੀ ਕੀਤੇ ਦਰਜਾਬੰਦੀ ਦੇ ਸਰਟੀਫਿਕੇਟ
ਜ਼ਿਲ੍ਹਾ ਸਿਹਤ ਵਿਭਾਗ ਨੇ ਕਰਵਾਇਆ ਸੀ ਵੱਖ-ਵੱਖ ਥਾਵਾਂ ਦਾ ਨਿਰੀਖਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਇੱਥੋਂ ਦੇ ਫੇਜ਼-10 ਦੀ ਮਾਰਕੀਟ ਨੂੰ ‘ਕਲੀਨ ਸਟਰੀਟ ਫੂਡ ਹੱਬ’ ਅਤੇ ਕੇਂਦਰੀ ਖੋਜ ਸੰਸਥਾ ਨਾਈਪਰ ਨੂੰ ‘ਈਟ ਰਾਈਟ ਕੈਂਪਸ’ ਐਲਾਨਿਆ ਗਿਆ ਹੈ। ਇਸ ਸਬੰਧ ‘ਚ ਏਡੀਸੀ (ਵਿਕਾਸ) ਅਵਨੀਤ ਕੌਰ ਨੇ ਅੱਜ ਸਬੰਧਤ ਅਧਿਕਾਰੀਆਂ ਅਤੇ ਅਹੁਦੇਦਾਰਾਂ ਨੂੰ ਦਰਜਾਬੰਦੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਤਹਿਤ ਇਹ ਸਰਟੀਫਿਕੇਟ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਕਾਨੂੰਨ ਦੇ ਨਿਯਮਾਂ ਤਹਿਤ ਉਕਤ ਮਾਰਕੀਟ ਅਤੇ ਮੁਹਾਲੀ ਦੀ ਨੈਸ਼ਨਲ ਇੰਸਟੀਚਿਊਟ ਆਫ਼ ਫ਼ਾਰਮਾਸੂਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਨੂੰ ਸਾਫ਼-ਸੁਥਰੀਆਂ ਖਾਣ-ਪੀਣ ਹਾਲਤਾਂ ਅਤੇ ਹੋਰ ਮਾਹੌਲ ਅਨੁਸਾਰ ਸਹੀ ਪਾਇਆ ਗਿਆ ਹੈ।
ਇਸ ਤੋਂ ਇਲਾਵਾ ਹਲਦੀਰਾਮ ਮੁਹਾਲੀ ਅਤੇ ਢਕੋਲੀ ਦੇ ਹੋਟਲ ਡਰੀਮਜ਼ ਇਨ ਨੂੰ 5 ਸਟਾਰ ਰੇਟਿੰਗ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਭੇਜੀ ਗਈ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਉਕਤ ਥਾਵਾਂ ਦਾ ਦੌਰਾ ਕੀਤਾ ਸੀ। ਜਾਂਚ ਦੌਰਾਨ ਖਾਣ-ਪੀਣ ਲਈ ਮਾਹੌਲ ਅਤੇ ਹੋਰ ਪੈਮਾਨਿਆਂ ਮੁਤਾਬਕ ਨਿਰੀਖਣ ਕੀਤਾ ਗਿਆ। ਟੀਮ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਕ ਉਕਤ ਥਾਵਾਂ ਦੀ ਦਰਜਾਬੰਦੀ ਕੀਤੀ ਗਈ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਲਈ ਮਿਆਰੀ ਅਤੇ ਸਾਫ਼-ਸੁਥਰੇ ਖਾਧ-ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਮਿਆਰ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਕੈਂਪ ਲਗਾ ਕੇ ਖਾਧ ਪਦਾਰਥ ਬਣਾਉਣ ਤੇ ਵੇਚਣ ਵਾਲਿਆਂ ਦੇ ਲਾਇਸੈਂਸ ਤੇ ਸਰਟੀਫਿਕੇਟ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਫੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ’ ਤਹਿਤ ਮਿਲਾਵਟੀ ਤੇ ਬੇਮਿਆਰੀ ਖਾਧ ਪਦਾਰਥ ਕਿਸੇ ਵੀ ਹਾਲਤ ਵਿਚ ਨਹੀਂ ਵੇਚੇ ਜਾ ਸਕਦੇ।
ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਰਵੀ ਨੰਦਨ ਕੁਮਾਰ, ਨਾਈਪਰ ਦੇ ਅਧਿਕਾਰੀ ਅਤੇ ਮਾਰਕੀਟ ਦੇ ਅਹੁਦੇਦਾਰ ਮੌਜੂਦ ਸਨ।