
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ ਫੇਜ਼-6 ਵਿਖੇ ਵੀਰਵਾਰ ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਜੋ ਕਿ ਇਸੇ ਹੀ ਕਾਲਜ ਦੇ ਵਿਦਿਆਰਥੀ ਸਨ) ਦਾ ਸ਼ਹੀਦੀ ਦਿਵਸ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਨੇ ਇਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨੌਜਵਾਨਾਂ ਖਾਸ ਕਰਕੇ ਕਾਲਜ ਦੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਰਾਹ ’ਤੇ ਚੱਲ ਕੇ ਸਮਾਜਿਕ ਪਰਿਵਰਤਨ ਲਈ ਅੱਗੇ ਆਉਣ ਲਈ ਪ੍ਰੇਰਿਆ।
ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਰਾਹੀਂ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਨੂੰ ਯਾਦ ਕੀਤਾ। ਥੀਏਟਰ ਕਲੱਬ ਦੇ ਵਿਦਿਆਰਥੀ ਅੰਕਿਤਾ, ਨਵਜੋਤ ਅਤੇ ਹਿਮਾਂਸ਼ੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਲਘੂ ਨਾਟਕ ਪੇਸ਼ ਕੀਤਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੇ ਦੇਸ਼ ਸੇਵਾ ਦਾ ਪ੍ਰਣ ਲਿਆ। ਜ਼ਿਕਰਯੋਗ ਹੈ ਕਿ 13 ਅਪਰੈਲ 1999 ਨੂੰ ਮੇਜਰ ਹਰਮਿੰਦਰ ਪਾਲ ਸਿੰਘ ਕਾਰਗਿੱਲ ਦੀ ਲੜਾਈ ਵਿੱਚ ਦੁਸ਼ਮਣਾ ਦੇ ਦੰਦ ਖੱਟੇ ਕਰਦੇ ਹੋਏ ਸ਼ਹੀਦ ਹੋ ਗਏ ਸੀ। ਉਹ ਕਸਬਾ ਮੁੰਡੀ ਖਰੜ ਦੇ ਵਸਨੀਕ ਸਨ। ਉਨ੍ਹਾਂ ਦੇ ਪਿਤਾ ਕੈਪਟਨ ਹਰਪਾਲ ਸਿੰਘ ਕਾਫ਼ੀ ਸਮਾਂ ਫੌਜ ਵਿੱਚ ਰਹੇ ਹਨ ਅਤੇ ਪਿੱਛੇ ਜਿਹੇ ਸ਼ਹੀਦ ਮੇਜਰ ਦੇ ਸਪੁੱਤਰ ਵੀ ਲੈਫਟੀਨੈਂਟ ਚੁਣੇ ਗਏ ਹਨ।