Nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਵੱਡੇ ਪੱਧਰ ’ਤੇ ਵਿੱਢੀ ਜਾਵੇਗੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ

ਏਡੀਸੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੱਖ ਵੱਖ ਪ੍ਰੋਗਰਾਮ ਉਲੀਕਣ ਦੇ ਦਿਸ਼ਾ ਨਿਰਦੇਸ਼ ਜਾਰੀ

ਪੁਲੀਸ ਪਤਾ ਕਰਕੇ ਦੱਸੇ ਨਸ਼ਾ ਵਿਕਦਾ ਤੇ ਵਰਤਿਆਂ ਜਾਂਦਾ ਹੈ: ਸ੍ਰੀਮਤੀ ਸਾਹਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਪੰਜਾਬ ਸਰਕਾਰ ਨੇ ਨਸ਼ਿਆਂ ਦੇ ਰੁਝਾਨ ਅਤੇ ਨਸ਼ਾ ਤਸਕਰੀ ਵਿਰੁੱਧ 26 ਜੂਨ ਨੂੰ ਅੰਤਰਰਾਸ਼ਟਰੀ ਦਿਵਸ ਮਨਾਉਣ ਦੇ ਲਏ ਫੈਸਲੇ ਤਹਿਤ ਭਲਕੇ 12 ਜੂਨ ਤੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ, ਜੋ 26 ਜੂਨ ਤੱਕ ਨਿਰੰਤਰ ਜਾਰੀ ਰਹੇਗੀ। ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਇਸ ਜਾਗਰੂਕਤਾ ਮੁਹਿੰਮ ਸਬੰਧੀ ਵੱਖ ਵੱਖ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਲਈ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਸ੍ਰੀਮਤੀ ਸਾਹਨੀ ਨੇ ਪੁਲੀਸ ਪ੍ਰਸ਼ਾਸਨ ਨੂੰ ਆਖਿਆ ਕਿ ਤੁਰੰਤ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਜਾਵੇ ਜਿੱਥੇ ਨਸ਼ਾ ਵਿਕਦਾ ਤੇ ਵਰਤਿਆ ਜਾਂਦਾ ਹੈ। ਉਨ੍ਹਾਂ ਇਸ ਜਾਗਰੂਕਤਾ ਅਭਿਆਨ ਵਿੱਚ ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀ) ਅਤੇ ਸਰਪੰਚਾਂ ਨੂੰ ਸਰਗਰਮੀ ਨਾਲ ਜੋੜਨ ਲਈ ਕਿਹਾ ਤਾਂ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਇਸ ਸਬੰਧੀ ਪ੍ਰੋਗਰਾਮ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਅਤੇ ਰੂਰਲ ਮੈਡੀਕਲ ਅਫ਼ਸਰ (ਆਰਐਮਓ) ਦੀ ਸਾਂਝੀ ਸਿਖਲਾਈ ਕਰਵਾ ਕੇ ਉਨ੍ਹਾਂ ਨੂੰ ਵੀ ਨਸ਼ਿਆਂ ਵਿਰੋਧੀ ਗਤੀਵਿਧੀਆਂ ਨਾਲ ਸਰਗਰਮੀ ਨਾਲ ਜੋੜਿਆ ਜਾਵੇ। ਉਨ੍ਹਾਂ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੇਡ ਗਤੀਵਿਧੀਆਂ ਦਾ ਪ੍ਰਬੰਧ ਕਰਨ, ਖ਼ਾਸ ਤੌਰ ’ਤੇ ਪਿੰਡਾਂ ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਖੇਡ ਗਤੀਵਿਧੀਆਂ ਕਰਵਾਈਆਂ ਜਾਣ।
ਏਡੀਸੀ ਨੇ ਕਿਹਾ ਕਿ ਬੱਡੀ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਪ੍ਰੋਗਰਾਮ ਕਰਵਾਏ ਜਾਣ ਅਤੇ ਨਸ਼ਾ ਮੁਕਤ ਖੇਤਰਾਂ ਵਾਲੇ ਥਾਣਿਆਂ ਦੀ ਪਛਾਣ ਕੀਤੀ ਜਾਵੇ। ਉਨ੍ਹਾਂ ਕਾਲਜਾਂ ਵਿੱਚ ਦਾਖ਼ਲਿਆਂ ਵੇਲੇ ਡੈਪੋ ਫਾਰਮ ਆਨਲਾਈਨ ਭਰਵਾਉਣ ਤੋਂ ਇਲਾਵਾ ਸੰਵਾਦ ਪ੍ਰੋਗਰਾਮ ਉਲੀਕਣ ਅਤੇ ਮਾਰਕੀਟਾਂ ਤੇ ਮਾਲਜ਼ ਵਿੱਚ ਨੁੱਕੜ ਨਾਟਕ ਕਰਵਾਉਣ ਲਈ ਕਿਹਾ। ਸ੍ਰੀਮਤੀ ਸਾਹਨੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ‘ਨਸ਼ਾ ਮੁਕਤੀ ਹੈਲਪਲਾਈਨ’ ਅਤੇ 16 ਜੂਨ ਨੂੰ ਨਸ਼ਿਆਂ ਖ਼ਿਲਾਫ਼ ਰੈਲੀ ਕੱਢਣ ਲਈ ਕਿਹਾ। ਉਨ੍ਹਾਂ 26 ਜੂਨ ਨੂੰ ਜ਼ਿਲ੍ਹਾ ਪੱਧਰ ਉਤੇ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ।
ਮੀਟਿੰਗ ਵਿੱਚ ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਖਰੜ ਦੇ ਐਸਡੀਐਮ ਵਿਨੋਦ ਬਾਂਸਲ, ਡੇਰਾਬੱਸੀ ਦੀ ਐਸਡੀਐਮ ਸ੍ਰੀਮਤੀ ਪੂਜਾ ਸਿਆਲ, ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ, ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਅਤੇ ਸਰਕਾਰੀ ਕਾਲਜ ਫੇਜ਼-6 ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …