ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਦਫ਼ਤਰ ਨੇੜੇ ਜ਼ਬਰਦਸਤ ਧਮਾਕਾ
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਚੌਕਸੀ ਵਧਾਈ, ਸ਼ੱਕੀ ਵਿਅਕਤੀਆਂ ਤੇ ਸ਼ੱਕੀ ਵਾਹਨਾਂ ਦੀ ਜਾਂਚ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ਨੇੜੇ ਸੋਮਵਾਰ ਰਾਤ ਨੂੰ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰ ਦੱਸਦੇ ਹਨ ਕਿ ਹੈਂਡ ਗਰਨੇਡ ਨਾਲ ਧਮਾਕਾ ਕਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਹੀ ਨਹੀਂ ਦਫ਼ਤਰ ਦੀ ਤੀਜੀ ਮੰਜ਼ਲ ’ਤੇ ਰਾਕਟ ਨਾਲ ਹਮਲਾ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਹਾਲਾਂਕਿ ਘਟਨਾ ਵਾਲੀ ਥਾਂ ਨੇੜਿਓਂ ਧਮਾਕਾਖ਼ੇਜ਼ ਸਮੱਗਰੀ ਮਿਲਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਇਸ ਸਬੰਧੀ ਕੋਈ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਉਂਜ ਇਸ ਧਮਾਕੇ ਦੌਰਾਨ ਕਿਸੇ ਕਿਸਮ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਸੂਚਨਾ ਮਿਲਦੇ ਹੀ ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਮੌਕੇ ‘ਤੇ ਪਹੁੰਚੇ। ਸਮੂਹ ਥਾਣਿਆਂ ਦੇ ਐਸਐਚਓ ਵੀ ਮੌਕੇ ਸੱਦੇ ਗਏ। ਬਾਅਦ ਵਿੱਚ ਇੰਟੈਲੀਜੈਂਸ ਵਿੰਗ ਦੇ ਸੀਨੀਅਰ ਅਧਿਕਾਰੀ ਵੀ ਪਹੁੰਚ ਗਏ। ਮੌਕੇ ‘ਤੇ ਤਾਇਨਾਤ ਪੁਲੀਸ ਮੁਲਾਜ਼ਮ ਰਾਤ ਨੂੰ ਦਫ਼ਤਰ ਆਉਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਉਨ੍ਹਾਂ ਨਾਲ ਤਾਇਨਾਤ ਕਰਮਚਾਰੀਆਂ ਤੋਂ ਵੀ ਡੂੰਘਾਈ ਨਾਲ ਪੁੱਛ ਪੜਤਾਲ ਕਰਦੇ ਦੇਖੇ ਗਏ। ਪੁੱਛਗਿੱਛ ਤੋਂ ਬਾਅਦ ਹੀ ਆਉਣ ਤੇ ਜਾਣ ਦਿੱਤਾ ਜਾ ਰਿਹਾ ਸੀ। ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ‘ਤੇ ਵੀ ਸੁਰੱਖਿਆ ਵਧਾਈ ਗਈ ਹੈ। ਪੁਲੀਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਖ਼ਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਮੁਹਾਲੀ ਪੁਲੀਸ ਦੀ ਸੂਚਨਾ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੁਹਾਲੀ ਨਾਲ ਲੱਗਦੇ ਗੁਆਂਢੀ ਸੂਬਿਆਂ ਨਾਲ ਲੱਗਦੀਆਂ ਹੱਦਾਂ ਵੀ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਫੋਰੈਂਸਿਕ ਟੀਮਾਂ ਨੂੰ ਵੀ ਸੱਦਿਆ ਗਿਆ ਅਤੇ ਉੱਥੋਂ ਮਿਲੇ ਰਾਕਟ ਕਿਸਮ ਦੇ ਸਮਾਨ ਦੇ ਸੈਂਪਲ ਲਏ ਗਏ ਹਨ।