ਫਲਾਈਓਵਰ: ਪਿੰਡ ਦਾਊਂ ਨੇੜੇ ਰਸਤਾ ਨਾ ਛੱਡਣ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ

ਇਲਾਕੇ ਦੇ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਤੇ ਜਥੇਬੰਦੀਆਂ ਦੀ ਮੰਗ ’ਤੇ ਨਹੀਂ ਹੋਈ ਕਾਰਵਾਈ

ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇਗੀ ਇਲਾਕੇ ਦੇ ਲੋਕਾਂ ਦੀ ਆਵਾਜ਼: ਡਾ: ਰਾਣੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਧਾਰਮਿਕ ਅਸਥਾਨ ’ਤੇ ਹਰ ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ ਅਤੇ ਮਾਘੀ ਦੀ ਸੰਗਰਾਂਦ ਨੂੰ ਵੱਡੇ ਪੱਧਰ ’ਤੇ ਮੇਲਾ ਭਰਦਾ ਹੈ। ਇਸ ਤੋਂ ਇਲਾਵਾ ਦਾਊਂ ਪਿੰਡ ਦੇ ਪਿਛਲੇ ਪਾਸੇ ਕਾਫੀ ਕਲੌਨੀਆ ਅਤੇ ਪਿੰਡ ਹਨ ਇਨ੍ਹਾਂ ਸਾਰੀਆਂ ਜਗ੍ਹਾਵਾਂ ਨੂੰ ਰਸਤਾ ਦਾਊਂ ਪਿੰਡ ਤੋਂ ਹੀ ਹੋ ਕੇ ਜਾਂਦਾ ਹੈ। ਲਗਭਗ ਇੱਕ ਲੱਖ ਦੀ ਆਬਾਦੀ ਵਾਲੇ ਇਸ ਇਲਾਕੇ ਵਿੱਚ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਭੀੜ ਭਾੜ ਵਾਲਾ ਇਲਾਕਾ ਹੋਣ ਕਾਰਨ ਇੱਥੇ ਅਕਸਰ ਹਾਦਸੇ ਵੀ ਹੁੰਦੇ ਰਹਿੰਦੇ ਹਨ। ਜਿਸ ਕਾਰਨ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਜਰੂਰੀ ਹੈ।
ਲੇਕਿਨ ਨੈਸ਼ਨਲ ਹਾਈਵੇ ਨੰਬਰ 21 ਉੱਤੇ ਬਣ ਰਹੇ ਪੁਲ ਕਾਰਨ ਚੰਡੀਗੜ੍ਹ ਤੋਂ ਖਰੜ ਜਾਣ ਲਈ ਪਿੰਡ ਦਾਊਂ ਵੱਲ ਜਾਂਦੇ ਦੋ ਰਸਤਿਆਂ ਨੂੰ ਅਣਗੌਲਿਆਂ ਕਰਕੇ ਬਣਾਇਆ ਜਾ ਰਿਹਾ ਹੈ। ਇਹ ਦੋਵੇ ਰਸਤੇ ਅਣਗੌਲੇ ਕਰਨ ਨਾਲ ਇਨ੍ਹਾਂ ਪਿੰਡਾਂ ਅਤੇ ਮੇਲੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂ ਕਿ ਖਰੜ ਵੱਲ ਜਾਣ ਲਈ ਇੱਥੇ ਹੁਣ ਕੋਈ ਰਸਤਾ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਲਗਭਗ ਦੋ ਕਿੱਲੋਮੀਟਰ ਦੂਰ ਜਾ ਕੇ ਵਾਪਸ ਆਉਣਾ ਹੋਵੇਗਾ। ਇਸੇ ਕਾਰਨ ਇੱਥੇ ਗਲਤ ਸਾਈਡ ਤੋਂ ਸੜਕ ਟੱਪਣ ਕਰਕੇ ਹਾਦਸਿਆਂ ਦੀ ਭਰਮਾਰ ਹੋ ਜਾਵੇਗੀ ਅਤੇ ਕੀਮਤੀ ਜਾਨਾਂ ਦਾ ਨੁਕਸਾਨ ਹੋਵੇਗਾ ਅਤੇ ਇਸ ਕਾਰਨ ਇਸ ਇਲਾਕੇ ਦੀ ਟਰੈਫ਼ਿਕ ਵਿਵਸਥਾ ਅਸਤ ਵਿਅਸਤ ਹੋ ਜਾਵੇਗੀ।
ਇਸ ਸਮੇਂ ਇੱਕ ਪ੍ਰਾਈਵੇਟ ਕੰਪਨੀ ਟੀ ਡੀ ਆਈ ਨੂੰ ਪੁੱਲ ਦੇ ਹੇਠ ਸਿੰਗਲ ਰਸਤੇ ਦਾ ਇੱਕ ਕੱਟ ਦਿੱਤਾ ਗਿਆ ਹੈ ਜਿਸ ਦਾ ਫਾਇਦਾ ਸਿਰਫ ਟੀ ਡੀ ਆਈ ਦੇ ਕੁਝ ਲੋਕਾਂ ਨੂੰ ਹੀ ਹੈ ਅਤੇ ਇਹ ਰਸਤਾ ਸਿਰਫ਼ ਇੱਕ ਪਾਸੇ ਦਾ ਚੰਡੀਗੜ੍ਹ ਜਾਣ ਲਈ ਹੀ ਹੈ ਜਦ ਕਿ ਇਸ ਦੇ ਉਲਟ ਦੂਜੇ ਪਾਸੇ ਖਰੜ ਨੂੰ ਜਾਣ ਲਈ ਕੋਈ ਰਸਤਾ ਨਹੀਂ ਬਣਾਇਆ ਗਿਆ ਹੈ। ਇਸ ਲਈ ਜੇਕਰ ਦੋਵੇ ਪਾਸਿਆਂ ਦਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਕੇ ਇਸੇ ਸੜਕ ’ਤੇ ਹੀ ਚੱਲੇਗਾ ਤਾਂ ਐਕਸੀਡੈਟਾਂ ਦਾ ਖਤਰਾ ਹਰ ਸਮੇਂ ਬਣਿਆ ਰਹੇਗਾ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਨੇ ਕਿਹਾ ਕਿ ਇਸ ਸਬੰਧੀ ਇਸ ਇਲਾਕੇ ਦੇ ਪਿੰਡ ਦਾਊਂ, ਤੜੌਲੀ, ਬਡਮਾਜਰਾ, ਰਾਏਪੁਰ, ਝਾਮਪੁਰ, ਮਨਾਣਾ, ਹੁਸੈਨਪੁਰ, ਠਸਕਾ, ਬਹਿਲੋਲਪੁਰ ਦੀਆਂ ਗਰਾਮ ਪੰਚਾਇਤਾਂ ਨੇ ਇਸ ਰਸਤੇ ਲਈ ਮਤੇ ਪਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਡੀਸੀ ਮੁਹਾਲੀ, ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੋਂ ਮੰਗ ਕੀਤੀ ਸੀ। ਪਰ ਇਸ ਸਬੰਧ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਇਸ ਸਬੰਧ ਵਿੱਚ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਨਾਲ ਇਹ ਸਮੱਸਿਆ ਸਾਂਝੀ ਕੀਤੀ ਕਿਉਂ ਕਿ ਡਾ: ਰਾਣੂ ਪਹਿਲਾਂ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਵਾ ਚੁੱਕੇ ਹਨ। ਡਾ: ਪਰਮਜੀਤ ਸਿੰਘ ਰਾਣੂੰ ਵੱਲੋਂ ਇਸ ਲਈ ਇਸ ਲਈ ਇੱਕ ਵਫਦ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ, ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਕੀਤੀ ਗਈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਡਾ. ਰਾਣੂ ਅਤੇ ਸਤਨਾਮ ਦਾਊਂ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੋਈ ਕਦਮ ਨਾ ਉਠਾਏ ਗਏ ਤਾਂ ਮਜਬੂਰਨ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ ਅਤੇ ਜਰੂਰਤ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ। ਇਸ ਮੌਕੇ ਸਰਪੰਚ ਅਜਮੇਰ ਸਿੰਘ ਪਿੰਡ ਦਾਊਂ, ਚਰਨਜੀਤ ਸਿੰਘ, ਜਸਵੰਤ ਸਿੰਘ, ਸੁਲੱਖਣ ਸਿੰਘ, ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਗੌਤਮ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…