
ਬੇਬੇ ਮਾਨ ਕੌਰ ਨੂੰ ਸਰਕਾਰੀ ਸਨਮਾਨ ਨਾ ਦੇਣ ਕਾਰਨ ਖੇਡ ਜਗਤ ਵਿੱਚ ਭਾਰੀ ਰੋਸ: ਨਰਿੰਦਰ ਕੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਕੌਮਾਂਤਰੀ ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਕੰਗ ਨੇ ਬੇਬੇ ਮਾਨ ਕੌਰ ਦੇ ਇਸ ਫਾਨੀ ਦੁਨੀਆਂ ਤੋਂ ਤੁਰ ਜਾਣ ’ਤੇ ਡੂੰਘਾ ਅਫਸੋਸ ਜਾਹਰ ਕਰਦੇ ਹੋਏ ਕਿਹਾ ਕਿ ਕੀ ਸਾਡੇ ਦੇਸ਼ ਅਤੇ ਸੂਬੇ ਦੇ ਖੇਡ ਵਿਭਾਗ ਵਿੱਚ ਕੋਈ ਵੀ ਨੁਮਾਇੰਦਾ ਜਾਂ ਖੇਡ ਮੰਤਰੀ ਅਤੇ ਮੁੱਖ ਮੰਤਰੀ ਜਿਹੜੇ ਕਦੇ ਬੀਬੇ ਮਾਨ ਕੌਰ ਜੀ ਦੀ ਗੋਦੀ ਵਿੱਚ ਖੇਡੇ ਹੋਣਗੇ ਕੀ ਉਨ੍ਹਾਂ ਮਹਾਨ ਸ਼ਖ਼ਸੀਅਤ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਨਾ ਹੋਣਾ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਰਕਾਰੀ ਸਨਮਾਨ ਨਾ ਦੇਣਾ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ।
ਅੱਜ ਇੱਥੇ ਉਨ੍ਹਾਂ ਕਿਹਾ ਕਿ 105 ਸਾਲਾ ਬੇਬੇ ਮਾਨ ਕੌਰ ਜਿਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਡ ਜੀ ਨੇ ‘‘ਨਾਰੀ ਸ਼ਕਤੀ ਪੁਰਸਕਾਰ’’ ਅਤੇ ਰਾਸ਼ਟਰੀ ਤੇ ਅੰਤਰਾਸ਼ਟਰੀ 35 ਸੋਨੇ ਦੇ ਤਗਮੇ ਅਤੇ ਆਕਲੈਂਡ ਵਿੱਚ ‘ਸਕਾਈ ਵਾਕ’ ਵਰਲਡ ਰਿਕਾਰਡ ਗਿੰਨੀਜ ਬੁੱਕ ਵਿੱਚ ਨਾਮ ਦਰਜ ਕਰਾਉਣ ਅਤੇ ਹੋਰ ਵੀ ਚੰਡੀਗੜ੍ਹ ਦੀ ਚਮਤਕਾਰੀ ਮਾਂ ਦੇਸ਼ ਦੁਨੀਆਂ ਦੇ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਮਾਨ ਕੌਰ ਨੂੰ ਜੇਕਰ ਸਮੇਂ ਦੀਆਂ ਸਰਕਾਰਾਂ ਸਰਕਾਰੀ ਸਨਮਾਨ ਦੇਣ ਤੋਂ ਅਸਮਰਥ ਹਨ ਤਾਂ ਫਿਰ ਦੇਸ਼ ’ਤੇ ਹਕੂਮਤ ਕਰਨ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਖੇਡ ਪ੍ਰੇਮੀਆਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ।
ਸ੍ਰੀ ਕੰਗ ਨੇ ਕਿਹਾ ਕਿ ਅੱਜ ਟੋਕਿਓ ਓਲੰਪਿਕ ਵਿੱਚ ਆਪਣੀ ਖੇਡ ਦੇ ਜੌਹਰ ਦਿਖਾਉਣ ਵਾਲੇ ਖਿਡਾਰੀਆਂ ਤੋਂ ਵੱਧ ਤੋਂ ਵੱਧ ਮੈਡਲਾਂ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਜਦੋਂਕਿ ਖਿਡਾਰੀਆਂ ਦੇ ਮਾਨ ਸਨਮਾਨ ਪ੍ਰਤੀ ਸਰਕਾਰਾਂ ਬਿਲਕੁਲ ਵੀ ਚਿੰਤਤ ਨਹੀਂ ਹਨ, ਸਿਰਫ਼ ਫੌਕੀ ਬਿਆਨਬਾਜ਼ੀ ਕਰਕੇ ਚੁਣੇ ਹੋਏ ਨੁਮਾਇੰਦੇ ਖਿਡਾਰੀਆਂ ਨੂੰ ਨਿਰਾਸ਼ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਦਾ ਮਨੋਬਲ ਵੀ ਡੇਗਦੇ ਹਨ। ਨਰਿੰਦਰ ਕੰਗ ਨੇ ਕਿਹਾ ਕਿ ਫਿਰ ਵੀ ਸਾਡੇ ਖਿਡਾਰੀ ਅਗਾਂਹਵਧੂ ਦੇਸ਼ ਜਿਹੜੇ ਕਿ ਕਰੋੜਾਂ ਦੀ ਰਾਸ਼ੀ ਖੇਡਾਂ ’ਤੇ ਖਰਚ ਕਰਦੇ ਹਨ, ਪਾਰਦਰਸ਼ੀ ਨਾਲ ਖਿਡਾਰੀਆਂ ਨੂੰ ਹਰ ਸਹੂਲਤ ਦਿੰਦੇ ਹਨ। ਉਨ੍ਹਾਂ ਨਾਲ ਲੋਹਾ ਲੈ ਰਹੇ ਹਨ। ਆਪਣੇ ਦੇਸ਼ ਅਤੇ ਸੂਬੇ ਦਾ ਝੰਡਾ ਉੱਪਰ ਚੁੱਕਣ ਲਈ ਸਰਕਾਰਾਂ ਦਾ ਰਵੱਈਆ ਖਿਡਾਰੀਆਂ ਪ੍ਰਤੀ ਕਦੋਂ ਸੁਹਿਰਦ ਹੋਵੇਗਾ, ਕੋਈ ਪਤਾ ਨਹੀਂ। ਹਰ ਇਕ ਖੇਡ ਐਸੋਸੀਏਸ਼ਨਾਂ ਵਿੱਚ ਇਸ ਵਤੀਰੇ ਪ੍ਰਤੀ ਭਾਰੀ ਰੋਸ ਹੈ।