
ਵਾਧੂ ਕੀਮਤ ਦੀ ਵਸੂਲੀ ਖ਼ਿਲਾਫ਼ ਸੈਕਟਰ-76 ਤੋਂ 80 ਦੇ ਵਸਨੀਕਾਂ ਵੱਲੋਂ ਗਮਾਡਾ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ
ਵੱਖ-ਵੱਖ ਸਿਆਸੀ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੀ ਸ਼ਮੂਲੀਅਤ, ਗਮਾਡਾ ਦੇ ਨੋਟਿਸ ਦੀਆਂ ਕਾਪੀਆਂ ਸਾੜੀਆਂ
ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸੈਕਟਰ-76 ਤੋਂ 80 ਦੇ ਵਸਨੀਕਾਂ\ਅਲਾਟੀਆਂ ਤੋਂ ਵਾਧੂ ਰਕਮ ਵਸੂਲੀ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਗਮਾਡਾ ਵੱਲੋਂ 3164 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਵਾਧੂ ਵਸੂਲੀ ਦੇ ਡਿਮਾਂਡ ਨੋਟਿਸਾਂ ਭੇਜੇ ਜਾ ਰਹੇ ਹਨ। ਹਾਲਾਂਕਿ ਇਸ ਸਬੰਧੀ ਸੈਕਟਰ ਵਾਸੀਆਂ ਅਤੇ ਅਲਾਟੀਆਂ ਨੇ ਗੱਲੀਂ-ਬਾਤੀਂ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਜਦੋਂ ਗਮਾਡਾ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਤਾਂ ਅੱਜ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈੱਲਫੇਅਰ ਕਮੇਟੀ ਦੇ ਬੈਨਰ ਹੇਠ ਗਮਾਡਾ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗਮਾਡਾ ਵੱਲੋਂ ਭੇਜੇ ਗਏ ਨੋਟਿਸਾਂ ਦੀਆਂ ਕਾਪੀਆਂ ਸਾੜ ਕੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਪਲਾਟਾਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ।
ਇਸ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਪਡਿਆਲਾ, ਸੀਨੀਅਰ ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਜਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਮੀਤ ਪ੍ਰਧਾਨ ਸੰਤ ਸਿੰਘ ਖਿਦਰਾ, ਵਿੱਤ ਸਕੱਤਰ ਜੀਐਸ ਪਠਾਨੀਆ, ਸੰਗਠਨ ਸਕੱਤਰ ਗੁਰਮੇਲ ਸਿੰਘ ਢੀਂਡਸਾ, ਪ੍ਰੈੱਸ ਸਕੱਤਰ ਸਰਦੂਲ ਸਿੰਘ ਪੂਨੀਆ, ਕਾਨੂੰਨੀ ਸਲਾਹਕਾਰ ਅਸ਼ੋਕ ਕੁਮਾਰ ਅਤੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਗਮਾਡਾ ਵੱਲੋਂ ਸਾਲ 2000 ਵਿੱਚ ਸੈਕਟਰ-76 ਤੋਂ 80 ਦੀ ਸਕੀਮ ਲਾਂਚ ਕੀਤੀ ਗਈ ਸੀ। ਉਸ ਸਮੇਂ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਨਹੀਂ ਕੀਤੀ ਗਈ ਅਤੇ ਜਿਸ ਕਾਰਨ ਸਫਲ ਅਲਾਟੀਆਂ ਨੂੰ ਪਲਾਟ ਮਿਲਣ ਵਿੱਚ ਹੋਈ ਦੇਰੀ ਦਾ ਅਲਾਟੀਆਂ ਨੂੰ ਖ਼ਮਿਆਜ਼ਾ ਭੁਗਤਣਾ ਪਿਆ। ਸਕੀਮ ਲਾਂਚ ਹੋਣ ਦੇ 23 ਸਾਲ ਤੋਂ ਵੱਧ ਸਮਾਂ ਬੀਤ ਜਾਣ ਬਾਵਜੂਦ ਹਾਲੇ ਵੀ ਕਰੀਬ ਸਫਲ ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ ਗਿਆ ਜਦੋਂਕਿ ਉਨ੍ਹਾਂ ਨੂੰ ਲੈਟਰ ਆਫ਼ ਇੰਟੈਟ ਅਤੇ 25 ਫੀਸਦੀ ਰਾਸੀ ਵੀ ਜਮ੍ਹਾ ਕਰਵਾਈ ਹੋਈ ਹੈ। ਇਸ ਦੌਰਾਨ ਉਸਾਰੀ ਸਮਾਨ ਦੀ ਕੀਮਤ ਅਤੇ ਮਜ਼ਦੂਰੀ ਕਈ ਗੁਣਾਂ ਵੱਧ ਗਈ ਅਤੇ ਅਲਾਟੀਆਂ ਨੂੰ ਘਰ ਦਾ ਸੁਫ਼ਨਾ ਵਿਚਾਲੇ ਹੀ ਰਹਿ ਗਿਆ।

ਸੈਕਟਰ ਵਾਸੀਆਂ ਨੇ ਮੰਗ ਕੀਤੀ ਕਿ ਉਹ ਪਲਾਟਾਂ ਦੀ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ। ਐਲਾਨ ਕੀਤਾ ਜੇਕਰ ਗਮਾਡਾ ਨੇ ਅਲਾਟੀਆਂ/ਟਰਾਂਸਫ਼ਰੀਆਂ ਨੂੰ ਜਾਰੀ ਡਿਮਾਂਡ ਨੋਟਿਸ ਵਾਪਸ ਨਾ ਲਏ ਤਾਂ ਉਹ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਮਿਲਖ ਅਫ਼ਸਰ ਹਰਕੀਰਤ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ।

ਧਰਨੇ ਨੂੰ ਅਨੋਖ ਸਿੰਘ, ਸੁਰਿੰਦਰ ਸਿੰਘ, ਦਿਆਲ ਚੰਦ, ਜਰਨੈਲ ਸਿੰਘ, ਜਗਜੀਤ ਸਿੰਘ, ਦਲਜਿੰਦਰ ਸਿੰਘ, ਸੱਜਣ ਸਿੰਘ, ਮੇਜਰ ਸਿੰਘ, ਕ੍ਰਿਸ਼ਨਾ ਮਿੱਤੂ, ਇੰਦਰਜੀਤ ਸਿੰਘ, ਤਰਸੇਮ ਸਿੰਘ, ਗੁਰਜੀਤ ਸਿੰਘ ਗਿੱਲ, ਹਰਦਿਆਲ ਚੰਦ ਬਡਬਰ, ਨਰਿੰਦਰ ਸਿੰਘ, ਲਖਬੀਰ ਸਿੰਘ, ਸੁਰਜੀਤ ਸਿੰਘ ਬਾਲਾ, ਗੁਰਦੇਵ ਸਿੰਘ ਧਨੋਆ, ਭਗਵੰਤ ਸਿੰਘ, ਮਹਿੰਦਰ ਸਿੰਘ, ਐਸਪੀ ਸਿੰਘ, ਦੇਸ ਰਾਜ, ਨਾਇਬ ਸਿੰਘ, ਚਰਨਜੀਤ ਕੌਰ ਨੇ ਵੀ ਸੰਬੋਧਨ ਕੀਤਾ।